ਪਟਿਆਲਾ (ਰਾਣਾ) : ਸਕੂਲ ਸਿੱਖਿਆ ਵਿਭਾਗ, ਪੰਜਾਬ ਆਪਣੇ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਕਾਰਜਾਂ ਕਰ ਕੇ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਇਕ ਸਾਲ ਤੋਂ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਖ਼ਤ ਮਿਹਨਤ ਕਰ ਕੇ ਸਰਕਾਰੀ ਸਕੂਲਾਂ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਧੁੰਦਲੇ ਪਏ ਸਰਕਾਰੀ ਸਕੂਲ ਵੀ ਹੁਣ ਚਮਕ ਗਏ ਹਨ। ਸਰਕਾਰੀ ਸਕੂਲਾਂ ਦੀ ਇੰਨੇ ਘੱਟ ਸਮੇਂ ਵਿਚ ਬਦਲੀ ਤਸਵੀਰ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਜਾਰੀ ਕੀਤੇ ਗਏ ਮਾਪਦੰਡਾਂ ਨੂੰ ਜਲਦ ਪੂਰਾ ਕਰਨ ਲਈ ਪੰਜਾਬ ਦੇ ਸਾਰੇ ਜ਼ਿਲੇ ਦਿਨ-ਰਾਤ ਯਤਨਸ਼ੀਲ ਹਨ ਪਰ ਜ਼ਿਲਾ ਪਟਿਆਲਾ ਆਪਣੇ ਸਮੂਹ 376 ਅੱਪਰ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਬਣਾਉਣ ਵਿਚ ਝੰਡੀ ਗੱਡ ਕੇ ਪਹਿਲੇ ਸਥਾਨ 'ਤੇ ਆ ਖੜ੍ਹਿਆ ਹੈ। ਪਟਿਆਲਾ ਦੇ ਸਮਾਰਟ ਬਣਨ ਵਾਲੇ ਇਨ੍ਹਾਂ 376 ਅੱਪਰ ਪ੍ਰਾਇਮਰੀ ਸਕੂਲਾਂ ਵਿਚ 173 ਮਿਡਲ, 94 ਹਾਈ ਅਤੇ 109 ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ।

ਜ਼ਿਲਾ ਪਟਿਆਲਾ ਦੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਕੁਲਭੂਸ਼ਣ ਸਿੰਘ ਬਾਜਵਾ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਜੀ ਦੀ ਪ੍ਰੇਰਨਾ ਅਤੇ ਨਿਗਰਾਨੀ ਸਦਕਾ ਅਸੀਂ ਪਟਿਆਲਾ ਜ਼ਿਲੇ ਦੇ ਸਮੁੱਚੇ ਅੱਪਰ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ ਦੇ ਸਮਾਰਟ ਸਰਕਾਰੀ ਸਕੂਲਾਂ ਨੇ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਕੂਲ ਮੁਖੀਆਂ ਨੇ ਕਰੜੀ ਮਿਹਨਤ ਕਰ ਕੇ ਸਕੂਲਾਂ ਦੇ ਪ੍ਰਬੰਧ ਨੂੰ ਬਦਲਣ ਵਿਚ ਪੂਰਾ ਸਹਿਯੋਗ ਦਿੱਤਾ ਹੈ ਜਿਸ ਸਦਕਾ ਸਰਕਾਰੀ ਸਕੂਲਾਂ ਦੀ ਗੱਲ ਹੁਣ ਪੰਜਾਬ ਦੇ ਹਰ ਪਿੰਡ ਅਤੇ ਹਰ ਘਰ ਵਿਚ ਹੋਣ ਲੱਗੀ ਹੈ। ਪਿਛਲੇ ਸਾਲ ਪਟਿਆਲਾ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਵਧੀ ਗਿਣਤੀ ਤੋਂ ਪ੍ਰੇਰਣਾ ਲੈ ਕੇ ਸਮੂਹ ਸਕੂਲ ਮੁੱਖੀ ਅਤੇ ਅਧਿਆਪਕ ਇਸ ਵਰ੍ਹੇ ਹੋਰ ਵੱਧ ਵਿਦਿਆਰਥੀਆਂ ਦੀ ਇਨਰੋਲਮੈਂਟ ਵਧਾਉਣ ਦਾ ਟੀਚਾ ਮਿਥ ਚੁੱਕੇ ਹਨ । ਉਨ੍ਹਾਂ ਨੇ ਪਟਿਆਲਾ ਦੇ ਸਮੂਹ ਸਕੂਲ ਮੁਖੀਆਂ ਅਤੇ ਸਮੂਹ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਸਾਂਝੇ ਤੌਰ 'ਤੇ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ ਜ਼ਿਲਾ ਪਟਿਆਲਾ ਹਰ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਤੇ ਇਸ ਵਾਰ ਜ਼ਿਲਾ ਪਟਿਆਲਾ ਵਿਦਿਆਰਥੀਆਂ ਦੇ ਸੌ ਫੀਸਦੀ ਪਾਸ ਨਤੀਜੇ ਦੇ ਟੀਚੇ ਨੂੰ ਵੀ ਸਰ ਕਰ ਕੇ ਰਹੇਗਾ। ਉਨ੍ਹਾਂ ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਸ. ਮਨਜੀਤ ਸਿੰਘ ਤੇ ਸੁਖਵਿੰਦਰ ਕੁਮਾਰ ਖੋਸਲਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਵਰਕ ਨਾਲ ਹਰ ਟੀਚਾ ਸਰ ਕੀਤਾ ਜਾ ਸਕਦਾ ਹੈ।
ਅੱਤਵਾਦ ਪੀੜਤ ਦੇ ਘਰ 'ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼
NEXT STORY