ਪੱਟੀ (ਸੌਰਭ) : ਰੇਲਵੇ ਵਿਭਾਗ ਵਲੋਂ ਲਾਈ ਗਈ ਸਪੈਸ਼ਲ ਮਾਲ ਗੱਡੀ 'ਤੇ ਢੋਆ-ਢੁਆਈ ਨੂੰ ਲੈ ਕੇ ਅੱਜ ਰੇਲਵੇ ਸਟੇਸ਼ਨ ਦੇ ਪਲੱਥ 'ਤੇ ਦੋ ਧਿਰਾਂ 'ਚ ਆਪਸੀ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਡੀ. ਐੱਸ. ਪੀ. ਪੱਟੀ ਦੇ ਦਫਤਰ ਬਾਹਰ ਏ. ਐੱਮ. ਗੁਰਸ਼ਰਨਜੀਤ ਸਿੰਘ, ਏ. ਐੱਮ. ਮਨੋਜ ਕੁਮਾਰ, ਸਤਨਾਮ ਸਿੰਘ ਠੇਕੇਦਾਰ, ਬਲਦੇਵ ਸਿੰਘ ਪ੍ਰਧਾਨ ਟਰੱਕ ਯੂਨੀਅਨ ਪੱਟੀ, ਰਾਜ ਕੁਮਾਰ ਰਾਜੂ, ਅਮਰੀਕ ਸਿੰਘ ਪ੍ਰਧਾਨ ਗੱਲਾ ਯੂਨੀਅਨ ਨੇ ਦੱਸਿਆ ਕਿ ਸਪੈਸ਼ਲ ਮੌਕੇ ਕੁੱਝ ਗੱਡੀਆਂ ਵਾਲਿਆਂ ਵਲੋਂ ਮਾਲ ਦੀ ਢੋਆ ਢੁਆਈ ਮੌਕੇ ਗੱਡੀਆਂ 'ਚ ਬਣਾਏ ਕੈਬਿਨਾਂ ਰਾਹੀਂ ਮਾਲ ਦੀ ਹੇਰਾ-ਫੇਰੀ ਕੀਤੀ ਜਾ ਰਹੀ ਸੀ ਅਤੇ ਫੂਡ ਪ੍ਰੋਸੈੱਸ ਫੀਸ ਵੀ ਚੋਰੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਕੁੱਝ ਬਾਹਰੀ ਬੰਦਿਆਂ ਵਲੋਂ ਗੱਡੀਆਂ ਨੂੰ ਗਲਤ ਨੰਬਰ ਲਾ ਕੇ ਮਾਲ ਦੀ ਢੋਆ-ਢੁਆਈ ਵੀ ਗਲਤ ਢੰਗ ਨਾਲ ਕੀਤੀ ਜਾ ਰਹੀ ਸੀ, ਨੂੰ ਅੱਜ ਰੋਕਿਆ ਗਿਆ ਤਾਂ ਦੂਜੀ ਧਿਰ ਜਿਨ੍ਹਾਂ 'ਚ ਮਨਜੀਤ ਸਿੰਘ, ਸੰਦੀਪ ਸਿੰਘ ਨੇ ਆਪਣੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਏ. ਐੱਮ. ਦੇ ਕੱਪੜੇ ਵੀ ਪਾੜ ਦਿੱਤੇ ਗਏ, ਜਿਸ 'ਤੇ ਸਮੂਹ ਗੱਲਾ ਮਜ਼ਦੂਰ ਯੂਨੀਅਨ ਅਤੇ ਏ. ਐੱਮ. ਵਲੋਂ ਡੀ. ਐੱਸ. ਪੀ. ਪੱਟੀ ਕਮਲਪ੍ਰੀਤ ਸਿੰਘ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਮੰਗ ਕੀਤੀ ਕਿ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਉਪਰੰਤ ਗੱਲਾ ਮਜ਼ਦੂਰ ਯੂਨੀਅਨ ਵਲੋਂ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਮਾਲ ਦੀ ਲੱਦਾਈ ਦਾ ਕੰਮ ਬੰਦ ਕਰ ਦਿੱਤਾ ਹੈ ਅਤੇ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਕਮਲਪ੍ਰੀਤ ਸਿੰਘ ਮੰਡ ਡੀ. ਐੱਸ. ਪੀ. ਪੱਟੀ ਨੇ ਕਿਹਾ ਕਿ ਇਹ ਘਟਨਾ ਜੀ. ਆਰ. ਪੀ. ਪੁਲਸ ਦੇ ਘੇਰੇ ਅੰਦਰ ਆਉਂਦੀ ਹੈ, ਜਿਸ ਲਈ ਉਨ੍ਹਾਂ ਦੀ ਕਾਰਵਾਈ ਬਣਦੀ ਹੈ ਅਤੇ ਜੇਕਰ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਉਸ ਨੂੰ ਕਾਬੂ ਕਰ ਕੇ ਜੀ. ਆਰ. ਪੀ. ਪੁਲਸ ਹਵਾਲੇ ਕੀਤਾ ਜਾਵੇਗਾ। ਇਸ ਮੌਕੇ ਗਿਆਨ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਦਿਲਬਾਗ ਸਿੰਘ, ਕਸ਼ਮੀਰ ਸਿੰਘ ਮੁਨਸ਼ੀ, ਰਾਜ ਕੁਮਾਰ ਰਾਜੂ, ਬਲਜੀਤ ਸੈਕਟਰੀ, ਸਾਹਿਬ ਸਿੰਘ, ਮੇਜਰ ਸਿੰਘ, ਰਾਜ ਸਿੰਘ, ਅਮਰੀਕ ਚੱਠੂ, ਮਨਜੀਤ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਹਰਦੀਪ ਸਿੰਘ ਹਾਜ਼ਰ ਸਨ।
ਈਮਾਨਦਾਰੀ ਦੇ ਰਾਹ 'ਤੇ ਚੱਲ ਕੇ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗਾ : ਰੰਧਾਵਾ
NEXT STORY