ਚੰਡੀਗੜ੍ਹ : ਕਾਂਗਰਸ ਨੇ ਇਕ ਵਾਰ ਫਿਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਟਿਕਟ ਦੇ ਦਿੱਤੀ ਹੈ। ਸ਼ਹਿਰ ਦੇ 4 ਵਾਰ ਸੰਸਦ ਮੈਂਬਰ ਰਹੇ ਪਵਨ ਕੁਮਾਰ ਬਾਂਸਲ ਦੀ ਟਿਕਟ ਦੇ ਐਲਾਨ ਨਾਲ ਹੀ ਉਨ੍ਹਾਂ ਦੇ ਘਰ ਮਠਿਆਈ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ, ਹਾਲਾਂਕਿ ਬਾਂਸਲ ਨੂੰ ਟਿਕਟ ਮਿਲਣ ਨਾਲ ਨਵਜੋਤ ਕੌਰ ਸਿੱਧੂ ਅਤੇ ਮਨੀਸ਼ ਤਿਵਾੜੀ ਧੜੇ ਦੇ ਨੇਤਾ ਨਾਰਾਜ਼ ਹੋ ਗਏ ਹਨ। ਪਵਨ ਕੁਮਾਰ ਬਾਂਸਲ ਦਾ ਜਨਮ ਸੰਗਰੂਰ 'ਚ 16 ਜੁਲਾਈ, 1948 ਨੂੰ ਹੋਇਆ ਸੀ। ਉੱਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਪਵਨ ਕੁਮਾਰ ਬਾਂਸਲ ਸ਼ਹਿਰ 'ਚ ਰਹਿ ਕੇ ਪਿਛਲੇ 35 ਸਾਲਾਂ ਤੋਂ ਸਿਆਸਤ ਕਰਦੇ ਆ ਰਹੇ ਹਨ।
ਪਵਨ ਕੁਮਾਰ ਬਾਂਸਲ ਦਾ ਸਿਆਸੀ ਸਫਰ
- ਸਾਲ 1991 'ਚ ਪਵਨ ਕੁਮਾਰ ਬਾਂਸਲ ਭਾਜਪਾ ਦੇ ਸੱਤਿਆਪਾਲ ਜੈਨ ਨੂੰ ਹਰਾ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ।
- ਸਾਲ 1996 'ਚ ਬਾਂਸਲ ਭਾਜਪਾ ਦੇ ਸੱਤਿਆਪਾਲ ਜੈਨ ਤੋਂ ਹਾਰ ਗਏ ਸਨ।
- ਸਾਲ 1998 'ਚ ਉਹ ਫਿਰ ਸੱਤਿਆਪਾਲ ਜੈਨ ਤੋਂ ਜਿੱਤ ਗਏ ਸਨ।
- ਸਾਲ 1999 'ਚ ਉਹ ਭਾਜਪਾ ਦੇ ਕ੍ਰਿਸ਼ਨ ਲਾਲ ਸ਼ਰਮਾ ਨੂੰ ਹਰਾ ਕੇ ਦੂਜੀ ਵਾਰ ਸੰਸਦ ਮੈਂਬਰ ਬਣੇ।
- ਸਾਲ 2004 'ਚ ਉਨ੍ਹਾਂ ਨੇ ਫਿਰ ਭਾਜਪਾ ਦੇ ਸੱਤਿਆਪਾਲ ਜੈਨ ਨੂੰ ਹਰਾ ਦਿੱਤੇ ਅਤੇ ਸੰਸਦ ਮੈਂਬਰ ਚੁਣੇ ਗਏ।
- ਸਾਲ 2009 'ਚ ਇਕ ਵਾਰ ਫਿਰ ਸੱਤਿਆਪਾਲ ਨੂੰ ਹਰਾ ਕੇ ਉਹ ਸੰਸਦ ਮੈਂਬਰ ਬਣੇ। ਸਾਲ 2014 'ਚ ਉਹ ਭਾਜਪਾ ਦੀ ਕਿਰਨ ਖੇਰ ਕੋਲੋਂ ਹਾਰ ਗਏ ਸਨ।
ਇਸ ਤਰ੍ਹਾਂ ਸਾਲ 1991 ਤੋਂ ਲੈ ਕੇ 2014 ਤੱਕ 7 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਹਰ ਵਾਰ ਪਵਨ ਬਾਂਸਲ ਹੀ ਕਾਂਗਰਸ ਦਾ ਚਿਹਰਾ ਬਣਦੇ ਆਏ ਹਨ। ਇਸ ਲਈ ਵੀ ਬਾਂਸਲ ਨੂੰ ਇਸ ਵਾਰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਪਵਨ ਕੁਮਾਰ ਬਾਂਸਲ ਇਸ ਤੋਂ ਪਹਿਲਾਂ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਵੀ ਬਣ ਚੁੱਕੇ ਹਨ।
ਟਿਕਟ ਮਿਲਣ ਦੇ ਇਹ ਰਹੇ ਕਾਰਨ
- ਪਾਰਟੀ ਨੇ ਸ਼ਹਿਰ 'ਚ ਸਰਵੇ ਕਰਾਇਆ ਸੀ। ਇਸ 'ਚ ਪਵਨ ਬਾਂਸਲ ਦਾ ਨਾਂ ਹੋਰ ਦਾਅਵੇਦਾਰਾਂ ਦੇ ਮੁਕਾਬਲੇ ਉੱਪਰ ਰਿਹਾ।
- ਸੂਬੇ ਦੇ ਕਾਂਗਰਸ ਪ੍ਰਧਾਨ ਪਰਦੀਪ ਛਾਬੜਾ ਅਤੇ ਸਥਾਨਕ ਸੰਗਠਨ ਬਾਂਸਲ ਨਾਲ ਸਨ। ਦੱਸਿਆ ਜਾਂਦਾ ਹੈ ਕਿ ਪ੍ਰਦੇਸ਼ ਕਾਰਜਕਾਰਨੀ ਨੇ ਇਕੱਲੇ ਬਾਂਸਲਾ ਦੇ ਨਾਂ ਦਾ ਪ੍ਰਸਤਾਵ ਪਾਸ ਕਰਕੇ ਹਾਈਕਮਾਨ ਨੂੰ ਭੇਜਿਆ ਸੀ।
- ਪਵਨ ਕੁਮਾਰ ਬਾਂਸਲ ਸ਼ਹਿਰ 'ਚ ਰਹਿ ਕੇ ਪਿਛਲੇ 35 ਸਾਲਾਂ ਤੋ ਸਿਆਸਤ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਸਥਾਨਕ ਹੋਣ ਦਾ ਵੀ ਫਾਇਦਾ ਮਿਲਿਆ ਹੈ।
- ਮਨੀਸ਼ ਤਿਵਾੜੀ ਅਤੇ ਨਵਜੋਤ ਕੌਰ ਸਿੱਧੂ ਸ਼ਹਿਰ 'ਚ ਪੱਕੇ ਤੌਰ 'ਤੇ ਨਹੀਂ ਰਹਿੰਦੇ ਸਨ ਅਤੇ ਉਨ੍ਹਾਂ ਦੇ ਟਿਕਟ ਦੀ ਦੌੜ 'ਚੋਂ ਪਿੱਛੇ ਰਹਿਣ ਦਾ ਇਹੀ ਕਾਰਨ ਮੰਨਿਆ ਜਾ ਰਿਹਾ ਹੈ।
- ਪਵਨ ਕੁਮਾਰ ਬਾਂਸਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਅੰਬਿਕਾ ਸੋਨੀ ਦੇ ਕਰੀਬੀ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਬਾਂਸਲ ਨੂੰ ਟਿਕਟ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਪਿਛਲੀ ਵਾਰ 'ਆਪ' ਕਾਰਨ ਹਾਰੇ ਸੀ ਬਾਂਸਲ
ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਪਵਨ ਕੁਮਾਰ ਬਾਂਸਲ ਦੀ ਕਿਰਨ ਖੇਰ ਤੋਂ ਕਰੀਬ 70 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ। ਉਸ ਸਮੇਂ ਸ਼ਹਿਰ 'ਚ 'ਆਪ' ਦੀ ਸਥਿਤ ਕਾਫੀ ਮਜ਼ਬੂਤ ਸੀ। 'ਆਪ' ਦੀ ਉਮੀਦਵਾਰ ਗੁਲਪਨਾਗ ਨੂੰ ਇਕ ਲੱਖ, 8 ਹਜ਼ਾਰ ਵੋਟਾਂ ਮਿਲੀਆਂ ਸਨ। ਕਾਂਗਰਸ ਦਾ ਮੰਨਣਾ ਹੈ ਕਿ ਉਸ ਸਮੇਂ 'ਆਪ' ਇੰਨੀ ਮਜ਼ਬੂਤ ਨਾ ਹੁੰਦੀ ਤਾਂ ਬਾਸਲ ਚੋਣਾਂ ਜਿੱਤ ਜਾਂਦੇ।
ਜਾਣੋ ਗੁਰਜੀਤ ਸਿੰਘ ਔਜਲਾ ਦੇ ਸਿਆਸੀ ਸਫਰ ਬਾਰੇ
NEXT STORY