ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਨੂੰ ਲੈ ਕੇ ਮੰਡਲ ਇੰਜੀਨੀਅਰ, ਸੰਚਾਲਣ ਤੇ ਸੰਭਾਲ ਮੰਡਲ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਰੈਲੀ ਕੀਤੀ। ਅੱਜ ਦੀ ਇਹ ਰੈਲੀ ਪੰਜਾਬ ਜਲ ਸਰੋਤ ਸਾਂਝੀ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੱਦੇ 'ਤੇ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਸਕੱਤਰ ਸਤੀਸ਼ ਰਾਣਾ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਅੰਦਰ ਜਲ ਸਰੋਤ ਦੇ ਅਦਾਰਿਆਂ ਅੱਗੇ ਇਹ ਰੈਲੀਆਂ ਕੀਤੀਆਂ ਗਈਆਂ, ਕਿਉਂਕਿ ਇਸ ਅਦਾਰੇ ਦੇ ਮੁਲਾਜ਼ਮਾਂ ਨੂੰ ਮਹੀਨਾ ਜਨਵਰੀ ਅਤੇ ਫਰਵਰੀ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਤਨਖਾਹ ਨਸੀਬ ਨਹੀਂ ਹੋਈ, ਜਿਸ ਕਰਕੇ ਮੁਲਾਜ਼ਮ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਰੈਲੀ ਦੌਰਾਨ ਮੁਲਾਜ਼ਮਾਂ ਵੱਲੋਂ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ।
ਇਸ ਮੌਕੇ ਆਗੂਆਂ ਆਖਿਆ ਕਿ ਜੇਕਰ 6 ਮਾਰਚ ਤੱਕ ਤਨਖਾਹ ਜਾਰੀ ਨਾ ਕੀਤੀ ਗਈ ਤਾਂ 7 ਮਾਰਚ ਤੋਂ ਸਾਂਝੀ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਸਮੁੱਚਾ ਦਫ਼ਤਰੀ ਤੇ ਫੀਲਡ ਦਾ ਕੰਮ ਠੱਪ ਕੀਤਾ ਜਾਵੇਗਾ। ਸ੍ਰੀ ਰਾਣਾ ਨੇ ਦੱਸਿਆ ਕਿ ਇਕ ਪਾਸੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ, ਦੂਜੇ ਪਾਸੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਲਗਾਤਾਰ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਸਬੰਧੀ ਪਿਛਲੇ ਦਿਨੀਂ ਹੋਈ ਮੀਟਿੰਗ 'ਚ ਲਏ ਫੈਸਲਿਆਂ ਨੂੰ ਅਮਲੀ ਰੂਪ ਨਾ ਦਿੱਤਾ ਤਾਂ 15 ਮਾਰਚ ਨੂੰ ਐਕਸ਼ਨ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਸਮੁੱਚੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੁੱਖ ਦਫ਼ਤਰ ਚੰਡੀਗੜ੍ਹ ਅੱਗੇ ਧਰਨਾ ਦੇਣਗੇ।
ਅੱਜ ਦੀ ਰੈਲੀ ਨੂੰ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੂਬਾ ਸਕੱਤਰ ਸਤੀਸ਼ ਰਾਣਾ, ਯੂਨਿਟ ਹੁਸ਼ਿਆਰਪੁਰ ਦੇ ਆਗੂ ਰਾਜ ਕੁਮਾਰ, ਜਤਿੰਦਰ ਸਿੰਘ, ਗਗਨ ਦੀਪ, ਇੰਦਰਜੀਤ, ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਰਾਜੇਸ਼ ਕੁਮਾਰ, ਅਮਰਾਵਤੀ, ਸੁਖਵਿੰਦਰ ਕੌਰ, ਅਨੀਤਾ ਕੁਮਾਰੀ, ਸੋਨੀਆ ਠਾਕੁਰ, ਪਰਮਿੰਦਰ ਕੌਰ, ਵਰੁਣ ਭਨੌਟ, ਸਲਿੰਦਰ ਕੌਰ, ਵਰਿੰਦਰ ਕੁਮਾਰ, ਸੰਦੀਪ ਕੌਰ ਆਦਿ ਨੇ ਸੰਬੋਧਨ ਕੀਤਾ।

ਮਾਹਿਲਪੁਰ, (ਜ.ਬ.)-ਪੰਜਾਬ ਜਲ ਸਰੋਤ ਐਕਸ਼ਨ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਸਬ ਡਵੀਜ਼ਨ ਮਾਹਿਲਪੁਰ ਦੇ ਦਫ਼ਤਰ ਅੱਗੇ ਸੁਮਿਤ ਸਰੀਨ ਤੇ ਮੱਖਣ ਸਿੰਘ ਲੰਗੇਰੀ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ, ਜਿਸ ਵਿਚ ਵਰਕਰਾਂ ਵਲੋਂ ਦੋ ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਆਗੂਆਂ ਕਿਹਾ ਕਿ ਮੈਨੇਜਮੈਂਟ ਵਲੋਂ ਉਨ੍ਹਾਂ ਨਾਲ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਾਇਆ। ਉਨ੍ਹਾਂ ਮੈਨੇਜਮੈਂਟ ਕਮੇਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਅਤੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਨਖ਼ਾਹਾਂ ਨਾ ਮਿਲੀਆਂ ਤਾਂ 7 ਮਾਰਚ ਨੂੰ ਸਾਰੇ ਵਰਕਰਾਂ ਵੱਲੋਂ ਕੰਮ ਛੋੜ ਹੜਤਾਲ ਕੀਤੀ ਜਾਵੇਗੀ ਅਤੇ ਸੰਘਰਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖ਼ੇ ਸੰਘਰਸ਼ ਕੀਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਕੁਮਾਰ ਮਹਿਤਾ, ਜਸਵਿੰਦਰ ਸਿੰਘ, ਪਰਮਜੀਤ ਬਬਲੀ, ਕੁਲਦੀਪ ਸਿੰਘ, ਭਾਗ ਸਿੰਘ, ਜਸਵਿੰਦਰ ਪਾਲ, ਚਮਨ ਲਾਲ, ਲਾਲ ਚੰਦ, ਭੂਸ਼ਨ ਸਿੰਘ, ਮਨਜਿੰਦਰ ਸਿੰਘ, ਨਵਜੋਤ ਸਿੰਘ, ਹਰਵਿੰਦਰ ਕੁਮਾਰ, ਰਾਮ ਪਾਲ, ਮੋਹਣ ਲਾਲ ਕੈਂਡੋਵਾਲ, ਪ੍ਰਵੀਨ ਕੁਮਾਰ, ਰਜਿੰਦਰ ਕੁਮਾਰ, ਲਾਲ ਚੰਦ, ਕੁਲਵੰਤ ਕੌਰ, ਜੈ ਨਾਥੀ ਅਤੇ ਬਿਮਲਾ ਦੇਵੀ ਆਦਿ ਹਾਜ਼ਰ ਸਨ।
ਜਾਅਲੀ ਖਲ ਵੇਚਣ ਵਾਲੀਆਂ ਦੁਕਾਨਾਂ 'ਤੇ ਛਾਪਾਮਾਰੀ
NEXT STORY