ਅੰਮ੍ਰਿਤਸਰ, (ਸੰਜੀਵ)- ਨਸ਼ੇ 'ਚ ਧੁੱਤ ਪੀ. ਸੀ. ਆਰ. ਕਾਂਸਟੇਬਲ ਰਾਜ ਕੁਮਾਰ ਅੱਜ ਸਵੇਰੇ 11:30 ਵਜੇ ਦੇ ਕਰੀਬ ਸੁੰਦਰ ਨਗਰ ਸਥਿਤ ਗਲੀ ਨੰ. 7 ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਦੇ ਘਰ ਜਬਰੀ ਦਾਖਲ ਹੋ ਗਿਆ ਤੇ ਉਸ ਦੇ ਪਰਿਵਾਰ ਦੇ ਨਾਲ ਉਲਝਣ ਲੱਗਾ। ਜਿਵੇਂ ਹੀ ਰਾਜੇਸ਼ ਤੇ ਉਸ ਦੇ ਪਰਿਵਾਰ ਨੇ ਪੰਜਾਬ ਪੁਲਸ ਦੇ ਇਸ ਕਾਂਸਟੇਬਲ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਤਰ੍ਹਾਂ ਰਾਜੇਸ਼ ਨੇ ਮੁਲਜ਼ਮ ਕਾਂਸਟੇਬਲ ਦੇ ਹੱਥ ਨੂੰ ਫੜਿਆ ਜਿਸ 'ਤੇ ਗੋਲੀਆਂ ਕੰਧ ਤੇ ਛੱਤ ਨੂੰ ਜਾ ਲੱਗੀਆਂ। ਗੋਲੀ ਚੱਲਣ ਦੀ ਆਵਾਜ਼ ਸੁਣ ਲੋਕ ਇਕੱਠੇ ਹੋ ਗਏ ਤੇ ਉਕਤ ਕਾਂਸਟੇਬਲ ਨੂੰ ਫੜ ਲਿਆ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਏ. ਸੀ. ਪੀ. ਈਸਟ ਪ੍ਰਭਜੋਤ ਸਿੰਘ ਵਿਰਕ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਤੇ ਮੁਲਜ਼ਮ ਦੇ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਸੁੰਦਰ ਨਗਰ ਦੀ ਰਹਿਣ ਵਾਲੀ ਰਜਨੀ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਉਹ ਘਰ 'ਚ ਮੌਜੂਦ ਸੀ ਜਿਸ ਦੌਰਾਨ ਪੀ. ਸੀ. ਆਰ. ਦਾ ਕਾਂਸਟੇਬਲ ਦਰਵਾਜ਼ਾ ਖੋਲ੍ਹ ਅੰਦਰ ਦਾਖਲ ਹੋ ਗਿਆ ਤੇ ਉਨ੍ਹਾਂ ਨਾਲ ਉਲਝਣ ਲੱਗਾ। ਨਸ਼ੇ 'ਚ ਹੋਣ ਕਾਰਨ ਕਾਂਸਟੇਬਲ ਕੀ ਕਹਿਣਾ ਚਾਹੁੰਦਾ ਸੀ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲਗ ਰਿਹਾ ਸੀ। ਜਦੋਂ ਉਸ ਦੇ ਪਤੀ ਰਾਜੇਸ਼ ਕੁਮਾਰ ਨੇ ਕਾਂਸਟੇਬਲ ਨੂੰ ਉਲਝਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਆਪਣਾ ਰਿਵਾਲਵਰ ਕੱਢ ਕੇ ਉਸ 'ਤੇ ਤਾਣ ਦਿੱਤੀ। ਉਸ ਦੇ ਪਤੀ ਨੇ ਕਿਸੇ ਤਰ੍ਹਾਂ ਕਾਂਸਟੇਬਲ ਦਾ ਹੱਥ ਫੜ ਕੇ ਰਿਵਾਲਵਰ ਛੱਤ ਵੱਲ ਕਰ ਦਿੱਤਾ ਫਿਰ ਵੀ ਮੁਲਜ਼ਮ ਨੇ ਗੋਲੀਆਂ ਚਲਾ ਦਿੱਤੀਆਂ। ਮੁਹੱਲੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਮੁਲਜ਼ਮ ਨੂੰ ਫੜਿਆ ਤੇ ਉਸ ਦੇ ਹੱਥੋਂ ਰਿਵਾਲਵਰ ਖੋਹ ਲਈ।
ਕੀ ਕਹਿਣਾ ਹੈ ਏ. ਸੀ. ਪੀ. ਦਾ
ਏ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਮੁਲਜ਼ਮ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਹ ਪੀ. ਸੀ. ਆਰ. ਦੇ ਮੋਟਰਸਾਈਕਲ ਨੰਬਰ 3 'ਤੇ ਤਾਇਨਾਤ ਸੀ ਜਿਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰ ਦੇ ਅਟੈਂਡੈਂਟ ਦੀ 2 ਮਹਿਲਾਵਾਂ ਵਲੋਂ ਛਿੱਤਰ ਪਰੇਡ
NEXT STORY