ਮੋਹਾਲੀ (ਨਿਆਮੀਆਂ) - ਜ਼ਿਲਾ ਮੋਹਾਲੀ ਲਈ ਸਾਲ 2017 ਭਰਪੂਰ ਤੇ ਬਹੁਪੱਖੀ ਵਿਕਾਸ ਦਾ ਵਰ੍ਹਾ ਸਾਬਿਤ ਹੋਇਆ। ਨਗਰ ਨਿਗਮ ਮੋਹਾਲੀ ਵਲੋਂ ਸ਼ਿਕਾਇਤ ਨਿਵਾਰਨ ਲਈ ਉਚੇਚੀ ਐਪ ਬਣਾਏ ਜਾਣ ਤੋਂ ਇਲਾਵਾ ਜ਼ਿਲਾ ਪੁਲਸ ਵਲੋਂ ਆਰੰਭੀ ਪਾਰਕ ਸੇਫ ਮੋਬਾਇਲ ਐਪ ਨੇ ਵਿਕਾਸ ਕਾਰਜਾਂ ਨੂੰ ਹਾਈਟੈੱਕ ਕੀਤਾ ਤੇ ਸਾਲ ਦੇ ਆਖਿਰ ਤਕ ਪੁੱਜਦਿਆਂ ਲੋੜਵੰਦਾਂ ਨੂੰ ਸਾਂਝੀ ਰਸੋਈ ਤਹਿਤ ਸਿਰਫ 10 ਰੁਪਏ 'ਚ ਭੋਜਨ ਮੁਹੱਈਆ ਕਰਨ ਤੇ ਜੈਵਿਕ ਖੇਤੀ ਉਤਪਾਦਨਾਂ ਨੂੰ ਉਤਸ਼ਾਹਿਤ ਕਰਨ ਵਰਗੀਆਂ ਮੁਢਲੀਆਂ ਲੋੜਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕੀਤੀਆਂ ਗਈਆਂ।
ਪੰਜਾਬ ਸਰਕਾਰ ਵਲੋਂ ਮੋਹਾਲੀ ਨੂੰ ਅਪ੍ਰੈਲ 'ਚ ਰੋਡ ਸੇਫਟੀ ਟਰੇਨਿੰਗ ਮਾਡਲ ਜ਼ਿਲੇ ਵਜੋਂ ਚੁਣਿਆ ਗਿਆ ਤੇ ਵਿਦਿਆਰਥੀਆਂ ਦੇ ਪੱਧਰ ਤਕ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਜ਼ਿਲੇ 'ਚ ਆਰੰਭੇ ਗਏ।
ਸੈਲਫ ਹੈਲਪ ਗਰੁੱਪਾਂ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਹੱਥੀਂ ਤਿਆਰ ਕੀਤੇ ਸਾਮਾਨ ਨੂੰ ਲੋੜਵੰਦਾਂ ਤਕ ਪਹੁੰਚਾਉਣ ਲਈ ਪੇਂਡੂ ਬਾਜ਼ਾਰ (ਰੂਰਲ ਮਾਰਟ) ਮੁਹੱਈਆ ਕਰਵਾਇਆ ਗਿਆ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੇ ਯਤਨਾਂ ਨੂੰ ਬੂਰ ਪਾਉਂਦਿਆਂ ਆਰੰਭੀ ਗਈ ਸ਼ਿਵਾਲਿਕ ਐਡਵੈਂਚਰ ਡਰਾਈਵ ਮੋਹਾਲੀ ਵਾਸੀਆਂ ਲਈ ਖੁਸ਼ੀ ਭਰਿਆ ਉਤਸ਼ਾਹ ਲੈ ਆਈ। ਪਿੰਡ ਨੂੰ ਤੰਬਾਕੂ ਮੁਕਤ ਐਲਾਣਨ, ਨਵਜਾਤ ਬੱਚੀਆਂ ਦੇ ਸਵਾਗਤ ਵਿਚ ਬੂਟੇ ਵੰਡਣ, ਰਹਿੰਦ-ਖੂੰਹਦ ਨੂੰ ਅੱਗ ਲਾਏ ਬਿਨਾਂ ਕਣਕ ਦੀ ਬੀਜਾਈ ਕਰਨ ਆਦਿ ਸਮਾਜਿਕ ਕਾਰਜਾਂ ਨੇ ਜ਼ਿਲੇ ਨੂੰ ਇਸ ਖੇਤਰ ਵਿਚ ਨਿਵੇਕਲੀ ਪਛਾਣ ਬਖ਼ਸ਼ੀ। ਬੱਚੀਆਂ ਦੇ ਜਨਮ ਨੂੰ ਫ਼ਲਦਾਰ ਬੂਟੇ ਲਾ ਕੇ ਮਨਾਉਣ ਦੀ ਮੁਹਿੰਮ ਨੇ ਸਮਾਜ ਵਿਚ ਨਵੀਂ ਚੇਤਨਾ ਲਿਆਉਣ ਦਾ ਉਪਰਾਲਾ ਵਿੱਢਿਆ। ਜ਼ਿਲੇ ਭਰ ਦੇ 80 ਸੇਵਾ ਕੇਂਦਰਾਂ ਵਿਚ ਪਾਸਪੋਰਟ ਸੇਵਾਵਾਂ ਨਾਲ ਸਬੰਧਤ 10 ਸੇਵਾ ਕਾਰਜ ਨਿਪਟਾਉਣ ਦਾ ਭਵਿੱਖਮੁਖੀ ਅਮਲ ਆਰੰਭਿਆ ਗਿਆ।ਸਵੈ-ਰੁਜ਼ਗਾਰ ਸਬੰਧੀ ਕੈਂਪ ਲਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਖੇਡ ਮੁਕਾਬਲੇ, ਐੱਚ. ਆਈ. ਵੀ. ਏਡਜ਼ ਜਾਗਰੂਕਤਾ ਮੁਹਿੰਮ, ਰਾਸ਼ਨ ਦੇ ਸਰਕਾਰੀ ਡਿਪੂਆਂ ਵਿਚ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਵੰਡ ਆਦਿ ਕੁਝ ਹੋਰ ਵਰਣਨਯੋਗ ਪਹਿਲਕਦਮੀਆਂ ਰਹੀਆਂ। ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵਲੋਂ 6 ਹਜ਼ਾਰ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਕਾਰਜਾਂ ਸਬੰਧੀ ਸਿਖਲਾਈ ਦਿੱਤੀ ਗਈ।
ਬੰਗਲਾਦੇਸ਼ ਦੇ 20 ਤੋਂ ਵੱਧ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸੱਤਵੇਂ ਸਪੈਸ਼ਲ ਟਰੇਨਿੰਗ ਪ੍ਰੋਗਰਾਮ ਅਧੀਨ ਨਾ ਸਿਰਫ ਮੌਜੂਦਾ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ, ਸਗੋਂ ਬਹੁਮੁਖੀ ਸਮੱਸਿਆਵਾਂ ਦੇ ਹੱਲ ਕੱਢਣ ਦੇ ਤਜਰਬੇ ਸਾਂਝੇ ਕੀਤੇ। ਜ਼ਿਲੇ ਦੇ ਸਾਢੇ ਤਿੰਨ ਸੌ ਪਿੰਡਾਂ ਵਿਚ ਲੋਕ ਵਰਤੋਂ ਲਈ 13 ਹਜ਼ਾਰ ਤੋਂ ਵੱਧ ਪਖਾਨਿਆਂ ਦੀ ਉਸਾਰੀ ਕਰਵਾਈ ਗਈ। 'ਸਵੱਛਤਾ ਦਰਪਣ' ਅਧੀਨ ਮੋਹਾਲੀ ਜ਼ਿਲੇ ਨੂੰ ਦੇਸ਼ ਦਾ ਨੰਬਰ ਇਕ ਜ਼ਿਲਾ ਹੋਣ ਦਾ ਮਾਣ ਪ੍ਰਾਪਤ ਹੋਇਆ। 2 ਅਕਤੂਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ 'ਚ ਭਾਰਤ ਸਰਕਾਰ ਦੇ ਸੈਨੀਟੇਸ਼ਨ ਵਿਭਾਗ ਦੇ ਰਾਜ ਮੰਤਰੀ ਐੱਸ. ਐੱਸ. ਆਹਲੂਵਾਲੀਆ ਵਲੋਂ ਡਿਪਟੀ ਕਮਿਸ਼ਨਰ ਨੂੰ 'ਰਾਸ਼ਟਰੀ ਸਵੱਛ ਭਾਰਤ ਪੁਰਸਕਾਰ–2017' ਨਾਲ ਸਨਮਾਨਿਆ ਗਿਆ।
ਕੈਂਸਰ ਪੀੜਤ ਮਰੀਜ਼ਾਂ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿਚੋਂ ਮਾਲੀ ਸਹਾਇਤਾ ਖੁੱਲ੍ਹੇ ਦਿਲ ਨਾਲ ਮੁਹੱਈਆ ਕਰਵਾਈ ਗਈ। ਇਸ ਯੋਜਨਾ ਅਧੀਨ 650 ਕੈਂਸਰ ਪੀੜਤ ਮਰੀਜ਼ਾਂ ਨੂੰ ਸਾਢੇ 8 ਕਰੋੜ ਰੁਪਏ ਵੰਡੇ ਗਏ। ਸੈਕਟਰ-76 ਦੇ ਕੋਰਟ ਕੰਪਲੈਕਸ ਵਿਚ ਏ. ਡੀ. ਆਰ. ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ।
ਕੇਂਦਰ ਸਰਕਾਰ ਆਨੰਦ ਮੈਰਿਜ ਐਕਟ ਲਾਗੂ ਕਰੇ : ਚੰਦੂਮਾਜਰਾ
NEXT STORY