ਗੁਰਾਇਆ (ਮੁਨੀਸ਼)- ਗੁਰਾਇਆ ਨਗਰ ਕੌਂਸਲ ਦੇ ਕੋਲ ਮੰਗਲਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਾਂਗਰਸ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਲੋਕ ਕਿਸੇ ਗੱਲ ਨੂੰ ਲੈ ਕੇ ਬਹਿਸ ਪਏ, ਜਿਸ ਤੋਂ ਬਾਅਦ ਗੱਲ ਵੱਧ ਕੇ ਗਾਲਾਂ ਤੇ ਨਾਅਰੇਬਾਜ਼ੀ ਤੱਕ ਪਹੁੰਚ ਗਈ ਤੇ ਉਥੇ ਹੰਗਾਮਾ ਹੋ ਗਿਆ। ਪ੍ਰਦਰਸ਼ਨਕਾਰੀਆਂ 'ਚ ਲੋਕ ਇਨਸਾਫ ਪਾਰਟੀ ਦੇ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਉਸ ਦੇ ਸਾਥੀ ਨੇ ਬੁਲਾਇਆ ਤੇ ਦੱਸਿਆ ਕਿ ਵੱਡੀ ਗਿਣਤੀ 'ਚ ਲੋਕ ਸਿਟੀ ਕੌਂਸਲ ਦੇ ਬਾਹਰ ਰਾਸ਼ਨ ਲੈਣ ਲਈ ਖੜੇ ਹਨ। ਜਿਨ੍ਹਾਂ ਨੂੰ ਰਾਸ਼ਨ ਤੋਂ ਬਿਨ੍ਹਾਂ ਵਾਪਸ ਪਰਤਣਾ ਪੈ ਰਿਹਾ ਹੈ। ਇਸ ਤੋਂ ਨਾਰਾਜ਼ ਹੋਏ ਵਿਅਕਤੀਆਂ ਨੇ ਆਪਣੇ ਮੋਬਾਈਲ ਫੋਨਾਂ 'ਤੇ ਲਾਈਵ ਹੋ ਕੇ ਸਿਟੀ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਜਦਕਿ ਨਗਰ ਕੌਂਸਲ ਦਫ਼ਤਰ ਦੇ ਅੰਦਰ ਕਾਂਗਰਸੀ ਆਗੂ ਵਿਕਰਮਜੀਤ ਸਿੰਘ ਚੌਧਰੀ ਸਫਾਈ ਸੇਵਕਾਂ ਨੂੰ ਰਾਸ਼ਨ ਵੰਡ ਰਹੇ ਸੀ। ਇਸ ਦੌਰਾਨ ਕੁਝ ਕੌਂਸਲਰਾਂ ਨੇ ਆਪਣੇ ਵਾਰਡਾਂ ਦੇ ਲੋਕਾਂ ਨੂੰ ਰਾਸ਼ਨ ਲਈ ਸਿਟੀ ਕੌਂਸਲ ਦਫ਼ਤਰ ਬੁਲਾਇਆ। ਜਿਸ ਤੋਂ ਬਾਅਦ ਲਗਭਗ 300 ਲੋਕ ਕੌਂਸਲ ਗੁਰਾਇਆ ਦੇ ਗੇਟ 'ਤੇ ਇਕੱਠੇ ਹੋ ਗਏ।
ਕੌਂਸਲ ਸਟਾਫ ਨੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਨਾਰਾਜ਼ ਵਿਅਕਤੀ ਫੇਸਬੁੱਕ 'ਤੇ ਲਾਈਵ ਹੋ ਗਏ ਤੇ ਪੰਜਾਬ ਸਰਕਾਰ ਤੇ ਗੁਰਾਇਆ ਕਾਂਗਰਸ ਨੇਤਾਵਾਂ ਨੂੰ ਕੋਸਨਾ ਸ਼ੁਰੂ ਕਰ ਦਿੱਤਾ। ਜਦੋਂ ਵਿਕਰਮਜੀਤ ਸਿੰਘ ਚੌਧਰੀ ਸਫਾਈ ਸੇਵਕਾਂ ਨੂੰ ਰਾਸ਼ਨ ਵੰਡ ਕੇ ਵਾਪਸ ਜਾਣ ਲੱਗੇ ਤਾਂ ਉਨ੍ਹਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਤੇ ਸਿਟੀ ਕੌਂਸਲ ਸਟਾਫ ਨੂੰ ਗੇਟ ਤੇ ਖੜੇ ਲੋਕਾਂ ਨੂੰ ਹਟਾਉਣ ਲਈ ਕਿਹਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਇਕ ਕੌਂਸਲਰ ਦੀ ਨਜ਼ਰ ਫੇਸਬੁਕ 'ਤੇ ਲਾਈਵ ਹੋਏ ਵਿਅਕਤੀ 'ਤੇ ਪਈ ਤਾਂ ਉਨ੍ਹਾਂ ਨੇ ਉਸ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਸ ਨੂੰ ਗਾਲਾਂ ਕੱਡੀਆਂ, ਜਿਸ ਨਾਲ ਲੋਕ ਭੜਕ ਗਏ ਤੇ ਲਾਕਡਾਊਨ ਦੀ ਪ੍ਰਵਾਹ ਨਾ ਕਰਦੇ ਹੋਏ ਰੋਸ਼ ਪ੍ਰਦਸ਼ਨ ਸ਼ੁਰੂ ਕਰ ਦਿੱਤਾ।
ਲੋਕਾਂ ਦਾ ਰੋਸ਼ ਦੇਖਦੇ ਹੋਏ ਕੌਂਸਲਰ ਵਾਪਸ ਸਿਟੀ ਕੌਂਸਲ ਦਫ਼ਤਰ ਦੇ ਅੰਦਰ ਚਲੇ ਗਏ। ਪਰ ਪ੍ਰਦਰਸ਼ਨਕਾਰੀ ਕੌਂਸਲ ਗੇਟ 'ਤੇ ਬੈਠ ਗਏ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਦਿਲਚਸਪ ਗੱਲ ਇਹ ਹੈ ਕਿ ਜਦੋਂ ਇਹ ਸਭ ਹੋ ਰਿਹਾ ਸੀ, ਤਾਂ ਉੱਥੇ ਪੁਲਸ ਜਾਂ ਪ੍ਰਸ਼ਾਸਨ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਨਹੀਂ ਪਹੁੰਚਿਆ। ਕੋਰੋਨਾ ਮਹਾਮਾਰੀ ਦੇ ਮੱਦਨਜ਼ਰ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀਆਂ ਉੱਥੇ ਪ੍ਰਦਰਸ਼ਨਕਾਰੀਆਂ ਨੇ ਧਜੀਆਂ ਉੜਾ ਦਿੱਤੀਆਂ। ਕਿਸੇ ਦੇ ਵੀ ਚੇਹਰੇ 'ਤੇ ਕੋਈ ਮਾਸਕ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ। ਮਾਮਲਾ ਵਿਗੜਦਾ ਦੇਖ ਕੌਂਸਲਰਾਂ ਨੇ ਵਿਚੋਲਗੀ ਨਾਲ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਧਰਨਾ ਇਕ ਘੰਟੇ ਤੱਕ ਚਲਦਾ ਰਿਹਾ। ਕੌਂਸਲਰਾਂ ਨੇ ਧਰਨਾ ਦੇ ਰਹੇ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਰਾਸ਼ਨ ਲਈ ਬੁਲਾਇਆ ਗਿਆ ਸੀ, ਉਨ੍ਹਾਂ ਨੂੰ ਇਸ ਭਰੋਸੇ ਨਾਲ ਘਰ ਵਾਪਸ ਜਾਣ ਲਈ ਕਿਹਾ ਕਿ ਸਰਕਾਰ ਵੱਲੋਂ ਭੇਜਿਆ ਗਿਆ ਰਾਸ਼ਨ ਉਨ੍ਹਾਂ ਦੇ ਘਰਾਂ 'ਚ ਹੀ ਵੰਡਿਆ ਜਾਵੇਗਾ, ਜਿਸ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ।
ਪੰਜਾਬ ਵਾਪਸ ਆਉਣ ਲਈ 6 ਲੱਖ ਤੋਂ ਵੱਧ ਨਿਵਾਸੀਆਂ ਨੇ ਕੀਤਾ ਅਪਲਾਈ
NEXT STORY