ਚੰਡੀਗੜ੍ਹ (ਆਸ਼ੀਸ਼) : ਡੰਮੀ ਸਕੂਲਾਂ ’ਚ ਦਾਖ਼ਲਾ ਲੈ ਕੇ ਕਈ ਬੱਚੇ ਇੰਜਨੀਅਰਿੰਗ ਅਤੇ ਮੈਡੀਕਲ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੰਸਥਾਵਾਂ ’ਚ ਪੜ੍ਹਾਈ ਕਰ ਰਹੇ ਹਨ। ਅਜਿਹੇ ’ਚ ਉਨ੍ਹਾਂ ’ਤੇ ਦੋਹਰੀ ਪ੍ਰੀਖਿਆਵਾਂ ਦਾ ਦਬਾਅ ਵੱਧ ਰਿਹਾ ਹੈ, ਜਿਸ ਨੂੰ ਘੱਟ ਕਰਨ ਲਈ ਹੁਣ ਸੀ. ਬੀ. ਐੱਸ. ਈ. ਨੇ ਡੰਮੀ ਸਕੂਲਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਦੇ ਮੱਦੇਨਜ਼ਰ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਲਈ ਦੁੱਗਣੀ ਫ਼ੀਸ ਲੈ ਕੇ ਡੰਮੀ ਦਾਖ਼ਲੇ ਦੇਣ ਵਾਲੇ ਸਕੂਲਾਂ ਖ਼ਿਲਾਫ਼ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ’ਚ ਡੰਮੀ ਦਾਖ਼ਲਾ ਪਾਇਆ ਗਿਆ ਤਾਂ ਮਾਨਤਾ ਰੱਦ ਕਰਨ ਦੇ ਨਾਲ ਹੀ ਉਸ ਨੂੰ ਡਾਊਨਗ੍ਰੇਡ ਕੀਤਾ ਜਾਵੇਗਾ। 2 ਦਿਨਾਂ ਦੇ ਅੰਦਰ-ਅੰਦਰ ਟੀਮਾਂ ਨੇ ਸੂਬਿਆਂ ’ਚ ਆਪਣੇ ਪੱਧਰ ’ਤੇ ਚੈਕਿੰਗ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਅਤੇ ਰਾਜਸਥਾਨ ’ਚ ਛਾਪੇਮਾਰੀ ਤੋਂ ਬਾਅਦ, ਡੰਮੀ ਦਾਖ਼ਲੇ ਦੇਣ ਵਾਲੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ। ਕੇਂਦਰੀ ਬੋਰਡ ਨੇ ਸਪੱਸ਼ਟ ਕਿਹਾ ਹੈ ਕਿ ਸਬੰਧਿਤ ਸਿੱਖਿਆ ਵਿਭਾਗ ਆਪਣੇ ਪੱਧਰ ’ਤੇ ਅਜਿਹੇ ਸਕੂਲਾਂ ਦੀ ਅਚਨਚੇਤ ਜਾਂਚ ਕਰ ਸਕਦਾ ਹੈ। ਇਸ ਤੋਂ ਇਲਾਵਾ ਟੀਮਾਂ ਚੈਕਿੰਗ ਕਰਨਗੀਆਂ।
ਇਹ ਵੀ ਪੜ੍ਹੋ : ਝੋਨਾ ਵੱਢਣ ਲਈ 80 ਸਾਲਾ ਬੇਬੇ 'ਤੇ FIR ਦਰਜ, ਭੁੱਬਾਂ ਮਾਰਦੀ ਨੇ ਬਿਆਨ ਕੀਤਾ ਦਿਲ ਦਾ ਦਰਦ
ਦੁੱਗਣੀ ਫ਼ੀਸ ਦੇ ਲਈ ਕਰਦੇ ਹਨ ਡੰਮੀ ਦਾਖ਼ਲਾ
ਇਕ ਦਹਾਕੇ ’ਚ ਸ਼ਹਿਰ ’ਚ 11ਵੀਂ ਅਤੇ 12ਵੀਂ ਜਮਾਤ ’ਚ ਡੰਮੀ ਦਾਖ਼ਲੇ ਲੈਣ ਦਾ ਰੁਝਾਨ ਵਧਿਆ ਹੈ। ਜ਼ਿਆਦਾਤਰ ਸਕੂਲ ਸੀ. ਬੀ. ਐੱਸ. ਈ. ਐਫੀਲੀਏਸ਼ਨ ’ਚ ਚੱਲ ਰਹੇ ਹਨ। ਸਕੂਲਾਂ ਦੀ ਫ਼ੀਸ ਭਾਵੇਂ 50 ਹਜ਼ਾਰ ਰੁਪਏ ਤੱਕ ਹੈ ਪਰ ਡੰਮੀ ਦਾਖ਼ਲਿਆਂ ਦੇ ਨਾਂ ’ਤੇ 1 ਲੱਖ ਰੁਪਏ ਤੱਕ ਵਸੂਲੇ ਜਾ ਰਹੇ ਹਨ। ਇਸ ਦੇ ਬਦਲੇ ਬੱਚਿਆਂ ਨੂੰ ਕੋਚਿੰਗ ਸੈਂਟਰਾਂ ’ਚ ਜਾਣ ਦੀ ਛੋਟ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਇਮਤਿਹਾਨਾਂ ਅਤੇ ਪ੍ਰੈਕਟੀਕਲ ਦੇ ਸਮੇਂ ਹੀ ਬੁਲਾਇਆ ਜਾਂਦਾ ਹੈ।
ਸਕੂਲਾਂ ’ਚ 75 ਫ਼ੀਸਦੀ ਮੌਜੂਦਗੀ ਲਾਜ਼ਮੀ
ਕਿਸੇ ਵੀ ਜਮਾਤ ’ਚ ਬੱਚਿਆਂ ਦੀ ਮੌਜੂਦਗੀ 75 ਫ਼ੀਸਦੀ ਹੋਣੀ ਲਾਜ਼ਮੀ ਹੈ। ਜੇਕਰ ਇਹ ਇਸ ਤੋਂ ਘੱਟ ਹੈ, ਤਾਂ ਬੱਚੇ ਨੂੰ ਨੋਟਿਸ ਦਿੱਤਾ ਜਾਂਦਾ ਹੈ। ਘੱਟ ਹਾਜ਼ਰੀ ਵਾਲਾ ਬੱਚਾ ਬੋਰਡ ਦੀ ਪ੍ਰੀਖਿਆ ਵਿਚ ਨਹੀਂ ਬੈਠ ਸਕਦਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਅਫ਼ਸਰ ਨੂੰ ਕੀਤਾ ਗਿਆ Suspend, ਜਾਣੋ ਕੀ ਹੈ ਪੂਰਾ ਮਾਮਲਾ
ਪਹਿਲਾਂ ਵੀ ਪਹੁੰਚੀਆਂ ਸਨ ਸ਼ਿਕਾਇਤਾਂ
ਡੰਮੀ ਦਾਖ਼ਲਿਆਂ ਦੀਆਂ ਕਈ ਸ਼ਿਕਾਇਤਾਂ ਚੰਡੀਗੜ੍ਹ ਸਿੱਖਿਆ ਵਿਭਾਗ ਅਤੇ ਸੀ. ਬੀ. ਐੱਸ. ਈ. ਕੋਲ ਪਹੁੰਚੀਆਂ ਹਨ। ਅਜਿਹੇ ਸਕੂਲਾਂ ਦੀ ਚੈਕਿੰਗ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਸੀ. ਬੀ. ਐੱਸ. ਈ. ਵੱਲੋਂ ਆਪਣੇ ਤੌਰ ’ਤੇ ਕਾਰਵਾਈ ਕਰਨ ਲਈ ਅੱਗੇ ਆਉਣ ਤੋਂ ਬਾਅਦ ਹੁਣ ਅਜਿਹੇ ਸਕੂਲਾਂ ਪ੍ਰਤੀ ਨਰਮ ਰਵੱਈਏ ਕਾਰਨ ਸਿੱਖਿਆ ਵਿਭਾਗ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਹੋ ਗਏ ਹਨ।
2 ਤਰ੍ਹਾਂ ਦੇ ਐਕਸ਼ਨ
ਸਰਕੂਲਰ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ’ਚ ਵੱਡੇ ਪੱਧਰ ’ਤੇ ਡੰਮੀ ਦਾਖ਼ਲੇ ਪਾਏ ਗਏ ਤਾਂ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਹਾਲ ਹੀ ਦੀ ਕਾਰਵਾਈ ’ਚ ਦਿੱਲੀ ’ਚ 16 ਅਤੇ ਰਾਜਸਥਾਨ ਦੇ 5 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੂਜੇ ਪੱਧਰ ’ਤੇ ਸਕੂਲਾਂ ਨੂੰ ਡਾਊਨਗ੍ਰੇਡ ਕੀਤਾ ਜਾਵੇਗਾ। ਭਾਵ ਜੇਕਰ ਕੋਈ ਸਕੂਲ ਪਲੱਸ ਟੂ ਹੈ ਤਾਂ ਉਸ ਨੂੰ ਡਾਊਨਗ੍ਰੇਡ ਕਰਕੇ 10ਵੀਂ ਤੱਕ ਕਰ ਦਿੱਤਾ ਜਾਵੇਗਾ। ਦਿੱਲੀ ਦੇ 6 ਸਕੂਲਾਂ ਨੂੰ ਡਾਊਨਗ੍ਰੇਡ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਚੈਕਿੰਗ ਵਿਚ ਕਰਨਗੇ ਸਹਿਯੋਗ : ਬਰਾੜ
ਚੰਡੀਗੜ੍ਹ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ’ਚ ਡੰਮੀ ਦਾਖ਼ਲਿਆਂ ਸਬੰਧੀ ਕਦੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ। ਵਿਭਾਗ ਨੇ ਪ੍ਰਾਈਵੇਟ ਸਕੂਲਾਂ ਅਤੇ ਕੋਚਿੰਗ ਸੰਸਥਾਵਾਂ ਦੇ ਸੰਚਾਲਕਾਂ ਨਾਲ ਕਈ ਵਾਰ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਹੁਣ ਨਵੇਂ ਸਰਕੂਲਰ ਅਨੁਸਾਰ ਜੇਕਰ ਟੀਮ ਸਕੂਲਾਂ ਦੀ ਜਾਂਚ ਕਰਦੀ ਹੈ ਤਾਂ ਵਿਭਾਗ ਸਹਿਯੋਗ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ
NEXT STORY