ਜਲੰਧਰ (ਮਹੇਸ਼)— ਥਾਣਾ ਸਦਰ ਦੇ ਸੋਫੀ ਪਿੰਡ ਵਿਚ ਬੀਤੇ ਦਿਨੀਂ ਦੋ ਭਾਈਚਾਰਿਆਂ ਵਿਚ ਪੈਦਾ ਹੋਏ ਵਿਵਾਦ ਨੂੰ ਲੈ ਕੇ ਬੁੱਧਵਾਰ ਇਕ ਭਾਈਚਾਰੇ ਦੇ ਲੋਕਾਂ ਨੇ ਪਿੰਡ ਵਿਚ ਹੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਧਰਨਾ ਦਿੱਤਾ। ਇਸ ਦੌਰਾਨ ਪਿੰਡ ਵਿਚ ਮਾਹੌਲ ਤਣਾਅਪੂਰਨ ਬਣਿਆ ਰਿਹਾ ਅਤੇ ਧਰਨੇ ਕਾਰਨ ਪਿੰਡ ਵਿਚ ਪੁਲਸ ਵੀ ਜ਼ਿਆਦਾ ਤਾਇਨਾਤ ਕੀਤੀ ਗਈ ਸੀ ਜਦੋਂਕਿ ਪਹਿਲਾਂ ਹੀ ਸੋਫੀ ਪਿੰਡ ਵਿਚ ਝਗੜੇ ਵਾਲੇ ਦਿਨ ਤੋਂ ਲੈ ਕੇ ਲਗਾਤਾਰ ਪੁਲਸ ਦਾ ਪਹਿਰਾ ਲੱਗਾ ਹੋਇਆ ਹੈ। ਬੁੱਧਵਾਰ ਵੀ ਪਿੰਡ ਵਿਚ ਬਾਹਰੋਂ ਆਉਣ-ਜਾਣ ਵਾਲੇ ਹਰ ਵਿਅਕਤੀ 'ਤੇ ਪੁਲਸ ਨੇ ਨਜ਼ਰ ਰੱਖੀ ਹੋਈ ਸੀ। ਰਵਿਦਾਸੀਆ ਭਾਈਚਾਰੇ ਵੱਲੋਂ ਦਿੱਤੇ ਗਏ ਇਸ ਧਰਨੇ ਦੀ ਅਗਵਾਈ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਬੰਗੜ ਨੇ ਕੀਤੀ। ਇਸ ਮੌਕੇ ਭਾਜਪਾ ਦੇ ਆਗੂ ਅਤੇ ਵਰਕਰ ਮੌਜੂਦ ਰਹੇ। ਧਰਨੇ ਵਿਚ ਦੱਸਿਆ ਕਿ ਪੁਲਸ ਨੇ ਝਗੜੇ ਦੌਰਾਨ ਬੇਕਸੂਰ ਲੋਕਾਂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਹਮਲਾਵਰਾਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 307 ਦੇ ਤਹਿਤ ਕੇਸ ਦਰਜ ਕੀਤਾ ਸੀ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਉਹ ਸ਼ਰੇਆਮ ਪਿੰਡ ਵਿਚ ਘੁੰਮ ਰਹੇ ਹਨ। ਹਮਲਾਵਰਾਂ ਨੇ ਪੁਲਸ ਦੀ ਮੌਜੂਦਗੀ ਵਿਚ ਹੀ ਦੁਕਾਨਾਂ ਦੀ ਤੋੜ-ਭੰਨ ਕੀਤੀ ਸੀ। ਇਸ ਦੌਰਾਨ ਆਮ ਲੋਕਾਂ ਤੋਂ ਇਲਾਵਾ ਕਈ ਪੁਲਸ ਮੁਲਾਜ਼ਮ ਵੀ ਬਚਾਅ ਕਰਦੇ ਸਮੇਂ ਹਮਲਾਵਰਾਂ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਗਏ ਸਨ। ਧਰਨਾਕਾਰੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਤਿੰਨ ਦਿਨਾ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 307 ਦੇ ਨਾਮਜ਼ਦ ਮੁਲਜ਼ਮ ਨਾ ਫੜੇ ਗਏ ਤਾਂ ਉਹ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਭਾਜਪਾ ਆਗੂਆਂ ਤੋਂ ਇਲਾਵਾ ਸਾਬਕਾ ਸਰਪੰਚ ਹੰਸ ਰਾਜ, ਸ਼ਿੰਗਾਰਾ ਰਾਮ, ਮੁਲਕ ਰਾਜ, ਸ਼ਾਮਲ ਲਾਲ ਵਿਰਦੀ, ਜਗਦੀਸ਼ ਰਾਣਾ, ਰਮੇਸ਼ ਕੁਮਾਰ, ਨੀਰਜ, ਅਰੁਣ, ਗੁਰਭੇਜ ਲਾਲ, ਅਜੇ, ਮਨਜੀਤ ਮਹਿਮੀ ਤੇ ਯਸ਼ ਆਦਿ ਮੁੱਖ ਤੌਰ 'ਤੇ ਮੌਜੂਦ ਸਨ।
ਸਰਕਾਰੀ ਸਕੂਲ ਵਿਚ ਭਗਵਾਨ ਵਾਲਮੀਕਿ ਜੀ ਦਾ ਝੰਡਾ ਪੁੱਟਣ ਤੇ ਧਾਰਮਿਕ ਕਿਤਾਬਾਂ ਨਾਲ ਛੇੜਛਾੜ ਕਰਨ ਨੂੰ ਲੈ ਕੇ ਸੋਫੀ ਪਿੰਡ ਵਿਚ ਵਿਵਾਦ ਪੈਦਾ ਹੋਇਆ ਸੀ। ਪੰਚਾਇਤ ਦਾ ਕਹਿਣਾ ਸੀ ਕਿ ਡੀ. ਸੀ. ਦੇ ਹੁਕਮਾਂ 'ਤੇ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ, ਜਦੋਂਕਿ ਵਾਲਮੀਕਿ ਭਾਈਚਾਰੇ ਨੇ ਇਹ ਕਹਿ ਕੇ ਰੋਸ ਜਤਾਇਆ ਸੀ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਪੂਰਾ ਮਾਮਲਾ ਡੀ. ਸੀ. ਵੀ. ਕੇ. ਸ਼ਰਮਾ ਤੇ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਦੇ ਧਿਆਨ ਵਿਚ ਹੈ।
ਸਿੱਖਿਆ ਬਚਾਓ ਮੰਚ ਵੱਲੋਂ 18 ਨੂੰ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ
NEXT STORY