ਦਿੜ੍ਹਬਾ ਮੰਡੀ ( ਅਜੈ ) - ਪੰਜਾਬ 'ਚ ਘਾਟੇ ਦਾ ਸੌਦਾ ਬਣਦੀ ਜਾ ਰਹੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਕੋਲੋਂ ਪੰਜਾਬ ਸਰਕਾਰ ਨੇ ਔਰਤਾਂ ਤੋਂ ਬੱਸ ਕਿਰਾਇਆ ਅੱਧਾ ਵਸੂਲਣ ਦਾ ਐਲਾਨ ਕੀਤਾ ਸੀ, ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਨੇ ਰੋਡਵੇਜ ਦਾ ਕਰੋੜਾਂ ਰੁਪਏ ਬਕਾਇਆ ਦੇਣਾ ਹੈ। ਇਹ ਬਕਾਇਆ ਵਾਪਸ ਨਾ ਹੋਣ ਕਰਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਦੀ ਮਾਲੀ ਹਾਲਤ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ। ਸਾਲ ਦਰ ਸਾਲ ਕਿਸਤਾਂ ਵਿਚ ਲਿਆ ਜਾਣ ਵਾਲਾ ਇਹ ਕਰਜ਼ਾ ਹੌਲਾ ਹੋਣ ਦੀ ਬਜਾਏ ਭਾਰੀ ਹੁੰਦਾ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਤਕਰੀਬਨ 18 ਵਿਭਾਗ ਅਜਿਹੇ ਹਨ। ਜਿਨ੍ਹਾਂ ਨੇ 2 ਅਰਬ 26 ਕਰੋੜ ਤੋਂ ਵੱਧ ਦੀ ਦੇਣਦਾਰੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਦੀ ਦੇਣੀ ਹੈ। ਇਸ ਦੇਣਦਾਰੀ ਵਿੱਚੋਂ ਸਭ ਤੋਂ ਵੱਧ 1 ਅਰਬ 86 ਕਰੋੜ ਰੁਪਏ ਸਿੱਖਿਆ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਛੇ ਸੰਸਥਾਵਾਂ ਨੇ ਦੇਣੇ ਹਨ।
ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਤੋ ਪ੍ਰਾਪਤ ਹੋਈ ਜਾਣਕਾਰੀ ਵਿਖਾਉਦੇ ਹੋਏ ਬ੍ਰਿਸ ਭਾਨ ਬੁਜਰਕ ।
ਲੋਕ ਜਾਗ੍ਰਤਿ ਮੰਂਚ ਦੇ ਸੂਬਾ ਪ੍ਰਧਾਨ ਤੇ ਆਰ.ਟੀ.ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਕੋਲੋਂ ਜਨਵਰੀ 2015 ਤੋਂ ਲੈ ਕੇ 31-12-2019 ਤੱਕ ਬੱਸ ਸਫਰ ਦੀ ਮੁਫਤ ਸਹੂਲਤ ਦੇਣ ਵਾਲੇ ਵਿਭਾਗਾਂ ਵੱਲ ਖੜ੍ਹੇ ਬਕਾਇਆ ਸਬੰਧੀ ਸੂਚਨਾ ਮੰਗੀ ਗਈ ਸੀ। ਜਿਸ ਦੌਰਾਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਨੇ ਲਿਖਿਆ ਹੈ ਕਿ ਸੂਬੇ ਦੇ 18 ਵਿਭਾਗਾਂ ਵੱਲ 6-3-2020 ਤੱਕ 2 ਅਰਬ 26 ਕਰੋੜ 70 ਲੱਖ 4 ਹਜਾਰ 868 ਰੁਪਏ ਬਕਾਇਆ ਖੜ੍ਹੇ ਹਨ। ਸਾਲ 2018-19 ਵਿਚ ਇਹ ਕਰਜਾ ਇੱਕ ਅਰਬ 89 ਕਰੋੜ 36 ਲੱਖ 72 ਹਜਾਰ 422 ਰੁਪਏ ਸੀ। ਸਾਲ 2017-18 ਵਿਚ 1 ਅਰਬ 23 ਕਰੋੜ 28 ਲੱਖ 90 ਹਜਾਰ 890 ਰੁਪਏ ਸੀ। ਸਾਲ 2016-17 ਵਿਚ 1 ਅਰਬ 6 ਕਰੋੜ 86 ਲੱਖ 48 ਹਜਾਰ 709 ਰੁਪਏ ਸੀ। ਸਾਲ 2015-16 ਵਿਚ 87 ਕਰੋੜ 41 ਲੱਖ 23 ਹਜਾਰ 244 ਰੁਪਏ ਅਤੇ ਸਾਲ 2014-15 'ਚ 66 ਕਰੋੜ 48 ਲੱਖ 44 ਹਜਾਰ 651 ਰੁਪਏ ਬਕਾਇਆ ਸਨ।
ਪਰ ਇਸ ਦੇਣਦਾਰੀ ਵਿਚ ਹਰ ਸਾਲ ਵਾਧਾ ਹੋਣ ਕਰਕੇ ਇਹ ਅਰਬਾਂ ਰੁਪਏ ਤੱਕ ਪਹੁੰਚ ਗਈ। ਇਸੇ ਤਰ੍ਹਾਂ ਹੀ 6 ਸਿੱਖਿਆ ਸੰਸਥਾਵਾਂ ਡੀ.ਪੀ.ਆਈ.ਸਕੂਲਜ, ਡੀ.ਪੀ.ਆਈ. ਸਕੂਲ 10 ਵੀਂ ਤੱਕ, ਡੀ.ਪੀ.ਆਈ.ਕਾਲਜ, ਮੈਡੀਕਲ ਕਾਲਜ, ਆਈ.ਟੀ.ਆਈ ਅਤੇ ਤਕਨੀਕੀ ਸਿੱਖਿਆ ਵੱਲ ਸਾਲ 2014-15 'ਚ 52 ਕਰੋੜ 34 ਲੱਖ 45 ਹਜਾਰ 803 ਰੁਪਏ ਦੇ ਬਕਾਏ ਸਨ। ਜਿਹੜੇ 6-3-2020 ਤੱਕ ਵਧ ਕੇ 1 ਅਰਬ 86 ਕਰੋੜ 35 ਲੱਖ 86 ਹਜਾਰ 818 ਰੁਪਏ ਹੋ ਗਏ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਨੂੰ ਸਭ ਤੋਂ ਵੱਧ ਮਾਰ ਇਨ੍ਹਾਂ ਸਿੱਖਿਆ ਸੰਸਥਾਵਾਂ ਨੇ ਪਾਈ ਹੈ। ਜਿਨ੍ਹਾਂ ਵਿੱਚੋਂ ਕਈਆਂ ਨੇ ਮੁਫਤ ਬੱਸ ਸਫਰ ਦੀ ਸਹੂਲਤ ਲੈ ਕੇ ਸਮੇਂ ਸਿਰ ਅਦਾਇਗੀ ਨਹੀ ਕੀਤੀ। ਪੁਲਸ ਵਿਭਾਗ ਵੱਲ ਸਾਲ 2014-15 ਦੌਰਾਨ 9 ਕਰੋੜ 24 ਲੱਖ 88 ਹਜਾਰ 299 ਰੁਪਏ ਦੀ ਦੇਣਦਾਰੀ ਸੀ। ਜਿਹੜੀ 31-3-2020 ਤੱਕ ਵਧ ਕੇ 29 ਕਰੋੜ 28 ਲੱਖ 16 ਹਜਾਰ 97 ਰੁਪਏ ਹੋ ਗਏ। ਮਤਲਬ ਇਹ ਕਿ ਦੇਣਦਾਰੀ ਘੱਟ ਹੋਣ ਦੀ ਬਜਾਏ ਸਗੋਂ 20 ਕਰੋੜ ਰੁਪਏ ਤੋਂ ਵੀ ਜਿਆਦਾ ਵਧ ਗਈ। ਅੰਗਹੀਣਾਂ ਨੂੰ ਦਿੱਤੀ ਜਾ ਰਹੀ ਸਹੂਲਤ ਦੌਰਾਨ ਉਕਤ ਸਮੇਂ ਮੁਤਾਬਿਕ 2 ਕਰੋੜ 40 ਲੱਖ 93 ਹਜਾਰ 154 ਰੁਪਏ ਦੀ ਦੇਣਦਾਰੀ ਵਧ ਕੇ 4 ਕਰੋੜ 66 ਲੱਖ 36 ਹਜਾਰ 871 ਰੁਪਏ ਹੋ ਗਈ ਹੈ। ਸਰਕਾਰੀ ਬੱਸ ਵਿਚ ਸਫਰ ਕਰਨ ਵਾਲੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਟਾਂ ਦਾ ਇੱਕ ਲੱਖ ਰੁਪਏ ਦਾ ਬੱਸ ਕਿਰਾਇਆ ਭਰ ਕੇ ਖਾਤਾ ਤਕਰੀਬਨ ਕਰਜ਼ਾ ਮੁਕਤ ਕਰ ਦਿੱਤਾ ਹੈ ਪਰ ਆਜਾਦੀ ਘੁਲਾਟੀਆਂ ਅਤੇ ਹੋਰ ਕਈ ਵਿਭਾਗਾਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਬਕਾਏ ਅਜੇ ਵੀ ਜਿਉਂ ਦੀ ਤਿਉਂ ਖੜ੍ਹੇ ਹਨ। ਜਿਸ ਕਰਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ੇਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ।
ਮਲੇਰੀਆ ਦੀ ਦਵਾਈ ਦਾ ਕੋਰੋਨਾ ਮਰੀਜ਼ਾਂ ’ਤੇ ਦੇਖਿਆ ਜਾਵੇਗਾ ਅਸਰ
NEXT STORY