ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬਾਈ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਚ ਪੈਟਰੋਲ ਦੀ ਕੀਮਤ 5 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 1 ਰੁਪਏ ਪ੍ਰਤੀ ਲਿਟਰ ਘਟਾਉਣ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਧਾਈ ਦਿੱਤੀ ਹੈ।ਬਜਟ 'ਤੇ ਪ੍ਰਤੀਕਰਮ ਦਿੰਦਿਆਂ ਜਾਖੜ ਨੇ ਕਿਹਾ ਕਿ ਇਸ ਬਜਟ ਰਾਹੀਂ ਸੂਬੇ 'ਚ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਪੰਜਾਬ ਵਿਕਾਸ ਵੱਲ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਬਜਟ ਨੂੰ ਦੂਰ-ਅੰਦੇਸ਼ੀ ਨਾਲ ਤਿਆਰ ਕੀਤਾ ਗਿਆ ਹੈ। ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਇਹ ਸਹਾਈ ਸਿੱਧ ਹੋਵੇਗਾ। ਇਸ 'ਚ ਸਮਾਜ ਦੇ ਸਭ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਪੈਟਰੋਲ ਦੀ ਕੀਮਤ 'ਚ 5 ਰੁਪਏ ਦੀ ਕਮੀ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੀ ਬਜਟ 'ਚ ਖਾਸ ਅਹਿਮੀਅਤ ਦਿੱਤੀ ਹੈ। ਖੇਤੀਬਾੜੀ ਖੇਤਰ ਦੀ ਵਿਆਪਕ ਕਾਇਆ ਕਲਪ ਕਰਨ ਵੱਲ ਧਿਆਨ ਦਿੱਤਾ ਗਿਆ ਹੈ। ਖੇਤੀਬਾੜੀ ਖੇਤਰ ਦੇ ਵਿਕਾਸ ਲਈ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਰੱਖੀ ਗਈ ਹੈ।
ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਾਂ ਆਪਣੇ ਬਜਟ 'ਚ ਕਿਸਾਨਾਂ ਨੂੰ ਛਣਕਣਾ ਫੜਾ ਦਿੱਤਾ ਸੀ ਜਦਕਿ ਕੈਪਟਨ ਸਰਕਾਰ ਨੇ ਖੇਤੀਬਾੜੀ ਖੇਤਰ ਨੂੰ ਉਤਸ਼ਾਹਿਤ ਕਰਨ ਵਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਪਿੰਡਾਂ ਦੇ ਵਿਕਾਸ ਲਈ 2600 ਕਰੋੜ ਰੁਪਏ ਦੀ ਰਕਮ 'ਸਮਾਰਟ ਵਿਲੇਜ' ਪ੍ਰੋਗਰਾਮ ਲਈ ਰੱਖਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰਦਾਸਪੁਰ ਤੇ ਪਠਾਨਕੋਟ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਨਵੇਂ ਮੈਡੀਕਲ ਕਾਲਜ ਬਣਾਉਣ ਦਾ ਪ੍ਰੋਗਰਾਮ ਵੀ ਸ਼ਲਾਘਾਯੋਗ ਹੈ। ਉਦਯੋਗਾਂ ਨੂੰ ਬਿਜਲੀ ਦੀ ਸਬਸਿਡੀ ਦੇਣ ਲਈ 1513 ਕਰੋੜ ਰੁਪਏ ਬਜਟ 'ਚ ਰੱਖੇ ਗਏ ਹਨ।
ਜਾਖੜ ਨੇ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਲਈ ਇਸ ਸਾਲ 207 ਕਰੋੜ ਰੁਪਏ ਰੱਖੇ ਗਏ ਹਨ। ਇਸ ਰਾਹੀਂ 207 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ। ਸਿੰਚਾਈ ਦੀਆਂ ਸਹੂਲਤਾਂ 'ਚ ਵੀ ਵਾਧਾ ਹੋਵੇਗਾ। ਉਨ੍ਹਾਂ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦੀ ਪੂੰਜੀ ਨਾਲ ਇਕ ਬੋਰਡ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਰਾਹੀਂ ਦੋਹਾਂ ਖੇਤਰਾਂ 'ਚ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ। ਜਾਖੜਨੇ ਇਸ ਤੋਂ ਪਹਿਲਾਂ ਸੁਜਾਨਪੁਰ ਵਿਖੇ ਮੁਕਤੇਸ਼ਵਰ ਧਾਮ ਮੰਦਰ ਦੀ ਸੜਕ ਦਾ ਨੀਂਹ ਪੱਥਰ ਰੱਖਿਆ।
Punjab Wrap Up: ਪੜ੍ਹੋ 18 ਫਰਵਰੀ ਦੀਆਂ ਵੱਡੀਆਂ ਖ਼ਬਰਾਂ
NEXT STORY