ਚੰਡੀਗੜ੍ਹ/ਅੰਮ੍ਰਿਤਸਰ: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਜੰਗੀ ਤਣਾਅ ਦੇ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਵੀਰਵਾਰ ਰਾਤ ਤੋਂ ਹੀ ਅੰਮ੍ਰਿਤਸਰ ਅਤੇ ਜਲੰਧਰ ਦੇ ਪੈਟਰੋਲ ਪੰਪਾਂ 'ਤੇ ਤੇਲ ਪਵਾਉਣ ਵਾਲਿਆਂ ਦੀ ਭਾਰੀ ਭੀੜ ਇਕੱਠੀ ਹੋਈ ਦੇਖੀ ਗਈ।ਅਜਿਹਾ ਹੀ ਨਜ਼ਾਰਾ ਸ਼ੁੱਕਰਵਾਰ ਸਵੇਰੇ ਤੋਂ ਹੀ ਵੇਖਣ ਨੂੰ ਮਿਲ ਰਿਹਾ ਹੈ। ਲੋਕ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਲਈ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਸ ਸਭ ਉੱਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਕੋਲ ਅਜੇ ਵੀ ਪੈਟਰੋਲ-ਡੀਜ਼ਲ ਅਤੇ ਐੱਲ.ਪੀ.ਜੀ. ਦਾ 60 ਦਿਨ ਦਾ ਸਟਾਕ ਦੇਸ਼ ਕੋਲ ਮੌਜੂਦ ਹੈ। ਇਸ ਦੇ ਨਾਲ ਹੀ ਕੇਂਦਰ ਅਗਲੇ 60 ਦਿਨਾਂ ਲਈ ਕਰੂਡ ਆਇਲ (ਕੱਚੇ ਤੇਲ) ਦੀ ਵੀ ਸਰਕਾਰ ਨੇ ਬੁਕਿੰਗ ਕਰ ਲਈ ਹੈ। 8 ਲੱਖ ਟਨ ਕਾਰਗੋ ਐੱਲਪੀਜੀ ਸੁਰੱਖਿਅਤ ਕਰ ਲਿਆ ਗਿਆ ਹੈ, ਜੋ ਅਮਰੀਕਾ, ਰੂਸ, ਆਸਟ੍ਰੇਲਿਆ ਆਦਿ ਦੇਸ਼ਾਂ ਤੋਂ ਭਾਰਤ ਪਹੁੰਚੇਗਾ। ਮੰਤਰਾਲੇ ਦੇ ਕਹਿਣਾ ਹੈ ਕਿ ਅਫਵਾਹਾ ਜਾਣ ਬੁੱਝ ਕੇ ਫੈਲਾਈਆਂ ਜਾ ਰਹੀਆਂ ਹਨ, ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਅਫਵਾਹਾਂ ਕਾਰਨ ਮਚੀ ਭਾਜੜ
ਸੂਤਰਾਂ ਅਨੁਸਾਰ ਬੀਤੀ ਵੀਰਵਾਰ ਰਾਤ ਅੰਮ੍ਰਿਤਸਰ, ਮੋਗਾ, ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਤੇਲ ਦੀ ਕਿੱਲਤ ਹੋਣ ਦੀਆਂ ਅਫਵਾਹਾਂ ਫੈਲ ਗਈਆਂ ਸਨ, ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੰਪਾਂ 'ਤੇ ਭੀੜ ਵਧਣੀ ਸ਼ੁਰੂ ਹੋ ਗਈ। ਹਾਲਾਂਕਿ, ਲੁਧਿਆਣਾ, ਚੰਡੀਗੜ੍ਹ ਅਤੇ ਪਠਾਨਕੋਟ ਵਿੱਚ ਸਥਿਤੀ ਅਜੇ ਆਮ ਵਾਂਗ ਦੱਸੀ ਜਾ ਰਹੀ ਹੈ।
ਪੈਟਰੋਲ ਪੰਪ ਹੋ ਗਏ ਡਰਾਈ
ਅੰਮ੍ਰਿਤਸਰ ਵਿੱਚ ਪੈਟਰੋਲ ਦੀ ਤਿੰਨ ਗੁਣਾ ਸੇਲ ਕਾਰਨ 5 ਸਰਕਾਰੀ ਪੰਪ ਸ਼ਾਮ ਸਾਢੇ 7 ਵਜੇ ਡਰਾਈ ਹੋ ਗਏ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਦੁਪਹਿਰ 2 ਵਜੇ ਪੈਟਰੋਲ ਪੰਪ ਡਰਾਈ ਹੋ ਗਏ ਸਨ। ਬੈਰੀਕੇਡਿੰਗ ਕਰਨ ਦੇ ਬਾਵਜੂਦ ਲੋਕ ਪੰਪਾਂ ਉੱਤੇ ਖੜੇ ਰਹੇ। ਸ਼ਾਮ ਨੂੰ ਸਪਲਾਈ ਆਉਣ ਉੱਤੇ ਹੀ ਲੋਕਾਂ ਨੂੰ ਪੈਟਰੋਲ-ਡੀਜ਼ਲ ਉਪਲੱਬਧ ਹੋਇਆ।
ਪਠਾਨਕੋਟ ਵਿੱਚ ਵੀ ਮੰਗ ਵੱਧਣ ਕਾਰਨ ਕੁਝ ਪੈਟਰੋਲ ਪੰਪਾਂ ਵਾਲਿਆਂ ਨੇ ਚਾਰ ਪਹੀਆ ਵਾਹਨਾਂ ਵਾਲਿਆਂ ਨੂੰ 1000 ਰੁਪਏ ਅਤੇ 2 ਪਹੀਆਂ ਵਾਹਨਾਂ ਨੂੰ 200 ਰੁਪਏ ਤਕ ਦਾ ਹੀ ਪੈਟਰੋਲ ਦੇ ਰਹੇ ਹਨ।
ਜਲੰਧਰ-ਅੰਮ੍ਰਿਤਸਰ ਹਾਈਵੇਅ ਉੱਤੇ ਸਥਿਤ ਸੁੱਚੀ ਪਿੰਡ ਦੇ ਸਾਹਮਣੇ ਵਾਲਾ ਪੰਪ ਬੁੱਧਵਾਰ ਤੋਂ ਰਾਤ ਤੋਂ ਬੰਦ ਦੱਸਿਆ ਜਾ ਰਿਹਾ ਹੈ। ਉੱਥੇ ਹੀ ਵੀਰਵਾਰ ਦੇਰ ਸ਼ਾਮ ਜਲੰਧਰ ਦੇ ਕੁਝ ਪੈਟਰੋਲ ਪੰਪਾਂ ਉੱਤੇ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਜਾਣਕਾਰੀ ਤਾਂ ਇਹ ਵੀ ਹੈ ਕਿ ਕੁਝ ਪੰਪਾਂ ਨੂੰ ਬੀਤੀ ਸ਼ਾਮ ਜਲਦੀ ਬੰਦ ਕਰ ਦਿੱਤਾ ਗਿਆ।
ਮੋਗਾ ਵਿੱਚ ਵੀਰਵਾਰ ਦੇਰ ਸ਼ਾਮ ਪੈਟਰੋਲ ਅਤੇ ਡੀਜ਼ਲ ਦੀ ਘਾਟ ਦੀਆਂ ਅਫਵਾਹਾਂ ਫੈਲ ਗਈਆਂ, ਜਿਸ ਕਾਰਨ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ। ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਨ ਲਈ ਭੱਜਦੇ ਦੇਖੇ ਗਏ। ਸ਼ਹਿਰ ਵਿੱਚ ਇੱਕ ਅਫਵਾਹ ਫੈਲ ਗਈ ਕਿ ਪੈਟਰੋਲ ਅਤੇ ਡੀਜ਼ਲ ਖਤਮ ਹੋ ਗਿਆ ਹੈ ਅਤੇ ਪੰਪ ਬੰਦ ਹੋ ਜਾਣਗੇ। ਲੋਕ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਪੈਟਰੋਲ ਅਤੇ ਡੀਜ਼ਲ ਖਰੀਦਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਗਏ। ਇਸ ਦੌਰਾਨ, ਪੈਟਰੋਲ ਪੰਪ ਆਪਰੇਟਰ ਨੇ ਦੱਸਿਆ ਕਿ ਉਸਦੇ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਸੀਮਤ ਹੈ।
ਜਮ੍ਹਾਖੋਰਾਂ ਖਿਲਾਫ ਹੋਵੇਗੀ ਕਾਰਵਾਈ
ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚ ਪੈਦਾ ਹੋ ਰਹੇ ਹਾਲਾਤਾਂ ਨੂੰ ਵੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵਲੋਂ ਵੀ ਹਾਲਾਤਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਵੱਖ-ਵੱਖ ਜ਼ਿਲਿਆਂ ਦੇ ਡੀ.ਸੀ. ਵਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਆਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਜਮ੍ਹਾਖੋਰਾਂ ਖਿਲਾਫ ਸਖ਼ਤ ਐਕਸ਼ਨ ਲਵੇਗਾ।
ਕੀਮਤਾਂ ਵਿੱਚ ਵਾਧਾ
ਤੇਲ ਸੰਕਟ ਦੇ ਵਿਚਕਾਰ ਨਿੱਜੀ ਕੰਪਨੀ 'ਨਾਇਰਾ' (Nayara) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਤੱਕ ਮਹਿੰਗਾ ਕਰ ਦਿੱਤਾ ਹੈ। ਦੂਜੇ ਪਾਸੇ, ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਸਰਕਾਰੀ ਕੰਪਨੀਆਂ ਨੇ ਫਿਲਹਾਲ ਰੇਟਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਕਰੀਬ 6 ਦਿਨ ਪਹਿਲਾਂ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰੀਮੀਅਮ ਪੈਟਰੋਲ ਦੀ ਕੀਮਤ ਵਿੱਚ ਵੀ 2 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਐਕਸਾਈਜ਼ ਡਿਊਟੀ ਵਿੱਚ ਕਟੌਤੀ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਤੇਲ ਕੰਪਨੀਆਂ ਨੂੰ ਘਾਟੇ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 10-10 ਰੁਪਏ ਘਟਾ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਪੈਟਰੋਲ 'ਤੇ ਡਿਊਟੀ 13 ਰੁਪਏ ਤੋਂ ਘਟ ਕੇ 3 ਰੁਪਏ ਰਹਿ ਗਈ ਹੈ ਅਤੇ ਡੀਜ਼ਲ 'ਤੇ ਇਹ ਜ਼ੀਰੋ ਹੋ ਗਈ ਹੈ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਖਪਤਕਾਰਾਂ ਲਈ ਤੇਲ ਦੀਆਂ ਕੀਮਤਾਂ ਘੱਟ ਨਹੀਂ ਹੋਣਗੀਆਂ, ਸਗੋਂ ਇਹ ਕਦਮ ਸਿਰਫ ਕੰਪਨੀਆਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਚੁੱਕਿਆ ਗਿਆ ਹੈ।
ਲੁਧਿਆਣਾ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ
NEXT STORY