ਚੰਡੀਗੜ੍ਹ: ਪੰਜਾਬ ਵਿਚ ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਬੇਹੱਦ ਚਿੰਤਾਨਜਕ ਰਿਪੋਰਟ ਸਾਹਮਣੇ ਆਈ ਹੈ। ਸੂਬੇ ਵਿਚ ਹੁਣ ਤੱਕ ਸਿਰਫ਼ 18.40 ਪ੍ਰਤੀਸ਼ਤ ਖੇਤਰ ਵਿਚ ਹੀ ਝੋਨੇ ਦੀ ਵਾਢੀ ਪੂਰੀ ਹੋਈ ਹੈ ਤੇ ਕਰੀਬ 82 ਫ਼ੀਸਦੀ ਖੇਤਰ ਵਿਚ ਕਟਾਈ ਅਜੇ ਬਾਕੀ ਹੈ। ਇਸ ਦੇ ਬਾਵਜੂਦ ਵੀ ਪਰਾਲੀ ਸਾੜਨ ਦੇ ਮਾਮਲੇ 400 ਤੋਂ ਪਾਰ ਪਹੁੰਚ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਵਾਢੀ ਵਧਣ ਨਾਲ ਇਹ ਘਟਨਾਵਾਂ ਹੋਰ ਵਧ ਸਕਦੀਆਂ ਹਨ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਖ਼ਤਰਨਾਕ ਰੂਪ ਤਕ ਵੱਧ ਸਕਦਾ ਹੈ।
ਜਲੰਧਰ ਜ਼ਿਲ੍ਹੇ ਦੀ ਹਵਾ ਸਭ ਤੋਂ ਖ਼ਰਾਬ
ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਸੂਬੇ ਦੇ ਪੰਜ ਜ਼ਿਲ੍ਹਿਆਂ ਦਾ ਏਅਰ ਕੁਆਲਟੀ ਇੰਡੈਕਸ (AQI) 'ਯੈਲੋ ਜ਼ੋਨ' ਵਿਚ ਪਹੁੰਚ ਗਿਆ ਹੈ। 198 AQI ਦੇ ਨਾਲ ਇਸ ਵੇਲੇ ਜਲੰਧਰ ਜ਼ਿਲ੍ਹੇ ਦੀ ਹਵਾ ਦੀ ਸਥਿਤੀ ਸਭ ਤੋਂ ਖ਼ਰਾਬ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਲੁਧਿਆਣਾ (155), ਬਠਿੰਡਾ (142), ਮੰਡੀ ਗੋਬਿੰਦਗੜ੍ਹ (130) ਅਤੇ ਅੰਮ੍ਰਿਤਸਰ (109) ਵਿਚ ਵੀ ਹਵਾ ਦੀ ਗੁਣਵੱਤਾ ਖ਼ਰਾਬ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਹਵਾ ਦੀ ਗੁਣਵੱਤਾ 'ਮੱਧਮ' ਸ਼੍ਰੇਣੀ ਵਿਚ ਦਰਜ ਕੀਤੀ ਗਈ ਹੈ, ਜਿਸ ਨਾਲ ਫੇਫੜਿਆਂ, ਅਸਥਮਾ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਸਕਦੀ ਹੈ। ਇਸ ਦੇ ਉਲਟ, ਖੰਨਾ (72), ਪਟਿਆਲਾ (71) ਅਤੇ ਰੂਪਨਗਰ (52) ਵਿਚ AQI ਘੱਟ ਰਹਿਣ ਕਾਰਨ ਇਹ ਜ਼ਿਲ੍ਹੇ ਯੈਲੋ ਜ਼ੋਨ ਤੋਂ ਬਾਹਰ ਰਹੇ।
34 ਲੱਖ ਹੈਕਟੇਅਰ ਖੇਤਰ 'ਚ ਹੁੰਦੀ ਹੈ ਝੋਨੇ ਦੀ ਖੇਤੀ
ਪੰਜਾਬ ਵਿਚ ਲਗਭਗ 34 ਲੱਖ ਹੈਕਟੇਅਰ ਖੇਤਰ ਵਿਚ ਝੋਨੇ ਦੀ ਲਵਾਈ ਹੁੰਦੀ ਹੈ। ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਵਧਣ ਕਾਰਨ ਕੇਂਦਰ ਅਤੇ ਰਾਜ ਸਰਕਾਰ ਦੀ ਚਿੰਤਾ ਵਧ ਗਈ ਹੈ। ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਡਰੋਨ ਰਾਹੀਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹੌਟਸਪੌਟ ਜ਼ਿਲ੍ਹਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਪਤਾ ਲਾ ਕੇ ਤੁਰੰਤ ਰੋਕਥਾਮ ਕੀਤੀ ਜਾ ਸਕੇ।
ਪੰਜਾਬ ਦੇ ਨਾਲ-ਨਾਲ ਦਿੱਲੀ-ਐੱਨ.ਸੀ.ਆਰ. ਵਿਚ ਵੀ ਹਵਾ ਦੀ ਗੁਣਵੱਤਾ ਕਾਫ਼ੀ ਵਿਗੜ ਚੁੱਕੀ ਹੈ। ਗਾਜ਼ੀਆਬਾਦ ਵਿਚ AQI 380 ਅਤੇ ਨੋਇਡਾ ਵਿਚ 355 ਦਰਜ ਕੀਤਾ ਗਿਆ ਹੈ, ਜੋ ਕਿ 'ਬੇਹੱਦ ਖਰਾਬ' ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ (245 AQI) ਅਤੇ ਬੁਲੰਦਸ਼ਹਿਰ (204 AQI) ਦੀ ਹਵਾ ਵੀ 'ਖਰਾਬ' ਸ਼੍ਰੇਣੀ ਵਿਚ ਹੈ। ਇਸ ਕਾਰਨ ਦਿੱਲੀ ਵਿਚ GRAP-1 ਲਾਗੂ ਕਰ ਦਿੱਤਾ ਗਿਆ ਹੈ, ਜਿਸ ਤਹਿਤ BS-6 ਤੋਂ ਹੇਠਲੇ ਮਾਪਦੰਡਾਂ ਵਾਲੇ ਵਾਹਨਾਂ 'ਤੇ ਪਾਬੰਦੀ ਰਹੇਗੀ।
ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਟਰੇਨਾਂ ਦੀ ਵੇਟਿੰਗ ਪਹੁੰਚੀ 100 ਤੋਂ ਪਾਰ, ਸਪੈਸ਼ਲ ਟਰੇਨਾਂ ਵੀ ਫੁੱਲ
NEXT STORY