ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ 'ਚ ਪੈਟਰੋਲ ਪੰਪਾਂ 'ਤੇ ਪੂਰੇ ਪੈਸੇ ਦੇ ਕੇ ਘੱਟ ਤੇਲ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਆਪਣੇ ਮੋਟਰਸਾਈਕਲ 'ਚ ਮਾਛੀਵਾੜਾ ਦੇ ਪੈਟਰੋਲ ਪੰਪ ਤੋਂ 50 ਰੁਪਏ ਦਾ ਤੇਲ ਪੁਆਇਆ ਅਤੇ ਜਦੋਂ ਉਸ ਨੇ ਨੇੜੇ ਹੀ ਇਕ ਮਕੈਨਿਕ ਕੋਲੋਂ ਜਾਂਚ ਕਰਵਾਈ ਤਾਂ ਟੈਂਕੀ 'ਚੋਂ ਬਹੁਤ ਘੱਟ ਪੈਟਰੋਲ ਨਿਕਲਿਆ।
ਇਸ ਦੇ ਨਾਲ ਹੀ ਇਕ ਹੋਰ ਮੋਟਰਸਾਈਕਲ ਵਾਲਾ ਵੀ ਇਸ ਪੈਟਰੋਲ ਪੰਪ ਤੋਂ ਪੈਟਰੋਲ ਪੁਆ ਕੇ ਆਇਆ ਤੇ ਜਦੋਂ ਉਸ ਨੇ ਦੇਖਿਆ ਤਾਂ ਉਹ ਵੀ ਪੈਟਰੋਲ ਦੀ ਜਾਂਚ ਕਰਨ ਲੱਗਾ, ਜਿਸ 'ਤੇ ਉਸ ਦਾ ਪੈਟਰੋਲ ਵੀ ਘੱਟ ਨਿਕਲਿਆ। ਇਸ ਨਾਲ ਉੱਥੇ ਪੂਰਾ ਹੰਗਾਮਾ ਹੋ ਗਿਆ ਤੇ ਕੁਝ ਮੋਹਤਬਰ ਵਿਅਕਤੀਆਂ ਵਲੋਂ ਮਾਮਲੇ ਨੂੰ ਸੁਲਝਾ ਲਿਆ ਗਿਆ। ਪੈਟਰੋਲ ਪੰਪਾਂ 'ਤੇ ਗਾਹਕਾਂ ਨੂੰ ਘੱਟ ਤੇਲ ਪਾਉਣ ਦੇ ਮਾਮਲੇ ਪਹਿਲਾਂ ਵੀ ਆਉਂਦੇ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।
ਪੰਪਾਂ 'ਤੇ ਗਾਹਕ ਨੂੰ ਬੜੀ ਹੀ ਸਫਾਈ ਨਾਲ ਠੱਗ ਲਿਆ ਜਾਂਦਾ ਹੈ ਅਤੇ ਮਸ਼ੀਨ 'ਚ ਵੀ ਪੂਰਾ ਨਾਪ ਦਿਖਾ ਕੇ ਸੰਤੁਸ਼ਟੀ ਕਰਵਾਈ ਜਾਂਦੀ ਹੈ, ਜਿਸ ਨਾਲ ਇਹ ਪੈਟਰੋਲ ਪੰਪ ਵਾਲੇ ਗਾਹਕਾਂ ਤੋਂ ਰੋਜ਼ਾਨਾ ਹਜ਼ਾਰਾਂ ਰੁਪਏ ਜ਼ਿਆਦਾ ਵਸੂਲ ਲੈਂਦੇ ਹਨ। ਵਾਹਨਾਂ 'ਚ ਘੱਟ ਪੈਟਰੋਲ ਪਾਉਣ ਦੀਆਂ ਘਟਨਾਵਾਂ ਤੋਂ ਇਲਾਵਾ ਕਈ ਪੰਪਾਂ 'ਤੇ ਮਿਲਾਵਟੀ ਤੇਲ ਵੀ ਵੇਚਿਆ ਜਾਂਦਾ ਹੈ।
ਪੈਟਰੋਲ ਪੰਪ 'ਤੇ ਗਾਹਕ ਨੂੰ ਘੱਟ ਤੇਲ ਪਾਉਣ ਸਬੰਧੀ ਜਦੋਂ ਫੂਡ ਸਪਲਾਈ ਵਿਭਾਗ ਦੇ ਏ. ਐਫ. ਐੱਸ. ਓ. ਹਰੀ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਹੀ ਪੈਟਰੋਲ ਪੰਪ ਦੀ ਜਾਂਚ ਕਰਵਾਉਣਗੇ ਤੇ ਤਰੁੱਟੀ ਪਾਏ ਜਾਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਧਰਨਾ
NEXT STORY