ਲੁਧਿਆਣਾ (ਖੁਰਾਣਾ)- ਦਿੱਲੀ-ਲੁਧਿਆਣਾ ਹਾਈਵੇ ’ਤੇ ਸਥਿਤ ਸ਼ਕਤੀ ਨਗਰ ਨੇੜੇ ਸਥਿਤ ਇਕ ਪੈਟਰੋਲ ਪੰਪ ਦੇ ਮੁਲਾਜ਼ਮ ਵਲੋਂ ਇਕ ਮਹਿਲਾ ਡਾਕਟਰ ਦੀ ਗੱਡੀ ’ਚ ਤੇਲ ਭਰਨ ਸਮੇਂ ਕਥਿਤ ਤੌਰ ’ਤੇ 'ਕੁੰਡੀ' ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਹੁਣ ਜ਼ੋਰ ਫੜਦਾ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ’ਚ ਪੈਟਰੋਲ ਪੰਪ ’ਤੇ ਪਹੁੰਚੀ ਮਹਿਲਾ ਡਾਕਟਰ ਦੇ ਪਰਿਵਾਰਕ ਮੈਂਬਰ ਪੈਟਰੋਲ ਪੰਪ ਦੇ ਕਰਮਚਾਰੀਆਂ ’ਤੇ ਗੰਭੀਰ ਦੋਸ਼ ਲਗਾ ਕੇ ਕਾਫੀ ਹੰਗਾਮਾ ਕਰ ਰਹੇ ਹਨ। ਇਸ ਮਾਮਲੇ ਸਬੰਧੀ ਪੈਟਰੋਲ ਪੰਪ ਦੇ ਮੈਨੇਜਰ ਵਿਪਨ ਕੁਮਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਕਾਰਵਾਈ ਕਰਦਿਆਂ ਪੈਟਰੋਲ ਪੰਪ ਦੇ 2 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਖੁਰਾਕ ਤੇ ਸਪਲਾਈ ਵਿਭਾਗ ਦੀ ਕੰਟਰੋਲਰ ਅਤੇ ਨੋਡਲ ਅਫਸਰ ਸ਼ਿਫਾਲੀ ਚੋਪੜਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ 'ਚ ਤੇਲ ਕੰਪਨੀ ਦੇ ਅਧਿਕਾਰੀ ਮਾਮਲੇ ਨੂੰ ਲੈ ਕੇ ਅਣਜਾਣ ਬਣ ਰਹੇ ਹਨ ਤੇ ਸਬੰਧਤ ਡੀਲਰ ਨਾਲ ਗੱਲ ਕਰ ਕੇ ਮਾਮਲੇ ਦੀ ਜਾਣਕਾਰੀ ਇਕੱਠੀ ਕਰਨ ਅਤੇ ਮੁਲਾਜ਼ਮ ਦੋਸ਼ੀ ਪਾਏ ਜਾਣ ’ਤੇ ਬਣਦੀ ਵਿਭਾਗੀ ਕਾਰਵਾਈ ਕਰਨ ਦਾ ਦਾਅਵਾ ਕਰ ਰਹੇ ਹਨ।
ਦਰਅਸਲ, ਇਹ ਸਾਰਾ ਮਾਮਲਾ ਇਕ ਮਹਿਲਾ ਡਾਕਟਰ ਵਲੋਂ ਪੈਟਰੋਲ ਪੰਪ ਤੋਂ ਕਾਰ ’ਚ ਭਰਵਾਏ 1000 ਰੁਪਏ ਦੇ ਤੇਲ ਨਾਲ ਸਬੰਧਤ ਹੈ। ਜਦੋਂ ਪੈਟਰੋਲ ਪੰਪ ’ਤੇ ਤਾਇਨਾਤ ਮੁਲਾਜ਼ਮ ’ਤੇ ਤੇਲ ਭਰਦੇ ਸਮੇਂ ਸ਼ੱਕ ਹੋਣ ’ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੈਟਰੋਲ ਪੰਪ ਦੇ ਮੈਨੇਜਰ ਨੂੰ ਕੀਤੀ ਅਤੇ ਆਟੋਮੇਸ਼ਨ ਰਿਕਾਰਡ ਦੀ ਜਾਂਚ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਤੜਕਸਾਰ ਹੋ ਗਈ ਵੱਡੀ ਵਾਰਦਾਤ, ਤੇਜਬੀਰ ਸਿੰਘ ਖਾਲਸਾ ਦੀ ਗੋਲ਼ੀ ਲੱਗਣ ਨਾਲ ਹੋ ਗਈ ਮੌਤ
ਇਸ ਦੌਰਾਨ ਜਦੋਂ ਪੈਟਰੋਲ ਪੰਪ ਦੇ ਮੈਨੇਜਰ ਨੇ ਰਿਕਾਰਡ ਚੈੱਕ ਕੀਤਾ ਅਤੇ ਮੁਲਾਜ਼ਮਾਂ ਨੇ ਖੁਦ ਆਪਣੀ ਗਲਤੀ ਮੰਨ ਲਈ ਤਾਂ ਮੌਕੇ ’ਤੇ ਮੌਜੂਦ ਗਾਹਕਾਂ ਨੇ ਪੈਟਰੋਲ ਪੰਪ ’ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ ਕਲਿੱਪ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੈਟਰੋਲ ਪੰਪ ਦੇ ਕਰਿੰਦੇ ਮੰਨ ਰਹੇ ਹਨ ਕਿ ਗਲਤੀ ਨਾਲ 1000 ਰੁਪਏ ਦੀ ਬਜਾਏ ਸਿਰਫ 700 ਰੁਪਏ ਦਾ ਗੱਡੀ ’ਚ ਤੇਲ ਪਾ ਦਿੱਤਾ।
ਹਾਲਾਂਕਿ ਇਸ ਦੌਰਾਨ ਮੌਕੇ ’ਤੇ ਪੁੱਜੇ ਵਾਹਨ ਮਾਲਕਾਂ ਨੂੰ ਮੁਲਾਜ਼ਮ 300 ਰੁਪਏ ਵਾਪਸ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਜਦਕਿ ਮੌਕੇ ’ਤੇ ਮੌਜੂਦ ਮਹਿਲਾ ਡਾਕਟਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਹੋਰ ਗਾਹਕਾਂ ਨੇ ਪੈਟਰੋਲ ਪੰਪ ਦੇ ਸੰਚਾਲਕਾਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਮੀਡੀਆ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾ ਲਿਆ।
ਮੈਨੇਜਰ ਵਿਪਨ ਕੁਮਾਰ ਅਨੁਸਾਰ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਸਾਰਾ ਸਿਸਟਮ ਆਟੋਮੈਟਿਕ ਮਸ਼ੀਨਾਂ ਨਾਲ ਜੁੜਿਆ ਹੋਇਆ ਹੈ ਅਤੇ ਕਿਸੇ ਵੀ ਗਾਹਕ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵਲੋਂ ਕੀਤੀ ਗਈ ਗਲਤੀ ਦੀ ਸਜ਼ਾ ਮੌਕੇ ’ਤੇ ਹੀ ਭੁਗਤਣੀ ਪਈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਇਸ ਸਬੰਧੀ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਵਲੋਂ ਬਣਾਏ ਗਏ ਮੋਬਾਈਲ ਵ੍ਹਟਸਐਪ ਗਰੁੱਪ ’ਚ ਸਬੰਧਤ ਮੁਲਾਜ਼ਮਾਂ ਦੀਆਂ ਫੋਟੋਆਂ ਸਮੇਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਥੇ ਇਸ ਮਾਮਲੇ ’ਤੇ ਤੇਲ ਕੰਪਨੀ ਦੇ ਅਧਿਕਾਰੀਆਂ ਵਲੋਂ ਆਪਣੇ ਆਪ ਨੂੰ ਮਾਮਲੇ ਤੋਂ ਅਣਜਾਣ ਦੱਸ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਦੂਜੇ ਪਾਸੇ ਫੂਡ ਸਪਲਾਈ ਵਿਭਾਗ ਦੀ ਨੋਡਲ ਅਫਸਰ ਅਤੇ ਕੰਟਰੋਲਰ ਸ਼ਿਫਾਲੀ ਚੋਪੜਾ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਕਿਸਮ ਦੀ ਸ਼ਮੂਲੀਅਤ ਪਾਈ ਗਈ ਤਾਂ ਪੈਟਰੋਲ ਪੰਪ ਚਾਲਕਾਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਰਾਜਪਾਲ ਨੂੰ ਮਿਲਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
NEXT STORY