ਚੰਡੀਗੜ੍ਹ (ਸਾਜਨ) - ਪੀ. ਜੀ. ਆਈ. ਤੇ ਇਸਦੇ ਦੋ ਡਾਕਟਰਾਂ ਖਿਲਾਫ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦੇ ਮਾਮਲੇ 'ਚ ਨੈਸ਼ਨਲ ਕੰਜ਼ਿਊਮਰ ਡਿਸਪਿਊਟ ਰੈੱਡਰੈਸਲ ਕਮਿਸ਼ਨ ਨੇ 6 ਲੱਖ 60 ਹਜ਼ਾਰ ਰੁਪਏ ਦੀ ਪੈਨਲਟੀ ਲਾਈ ਹੈ। ਪੀ. ਜੀ. ਆਈ. ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਡਾਕਟਰਾਂ ਖਿਲਾਫ ਜਾਂਚ ਕਰਕੇ ਆਪਣੇ ਪੱਧਰ 'ਤੇ ਕਾਰਵਾਈ ਕਰ ਸਕਦਾ ਹੈ ਤੇ ਸਾਰੀ ਰਾਸ਼ੀ ਇਨ੍ਹਾਂ ਡਾਕਟਰਾਂ ਤੋਂ ਵਸੂਲ ਸਕਦਾ ਹੈ। ਇਸ ਹੁਕਮ ਤੋਂ ਬਾਅਦ ਸੰਸਥਾ ਦੇ ਡਾਕਟਰਾਂ 'ਚ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ, ਜਿਸ 'ਚ ਸਿੱਧੇ ਡਾਕਟਰਾਂ ਨੂੰ ਇਲਾਜ 'ਚ ਲਾਪ੍ਰਵਾਹੀ ਦਾ ਦੋਸ਼ੀ ਮੰਨਿਆ ਗਿਆ ਹੈ। ਪਹਿਲਾਂ ਵੀ ਕਈ ਮਾਮਲਿਆਂ 'ਚ ਪੀ. ਜੀ. ਆਈ. 'ਤੇ ਲਾਪ੍ਰਵਾਹੀ ਨਾਲ ਇਲਾਜ ਦੇ ਦੋਸ਼ ਲੱਗੇ ਹਨ ਪਰ ਸਿੱਧੇ ਡਾਕਟਰ ਨੂੰ ਕਸੂਰਵਾਰ ਨਹੀਂ ਮੰਨਿਆ ਗਿਆ, ਸਗੋਂ ਸੰਸਥਾ ਨੂੰ ਪੈਨਲਟੀ ਦੀ ਰਕਮ ਦੇਣ ਲਈ ਕਿਹਾ ਗਿਆ।
ਗੰਭੀਰ ਹਾਲਤ ਦੇ ਬਾਵਜੂਦ ਆਈ. ਸੀ. ਯੂ. ਜਾਂ ਸੀ. ਸੀ. ਯੂ. 'ਚ ਨਹੀਂ ਕੀਤਾ ਭਰਤੀ
ਜਾਣਕਾਰੀ ਅਨੁਸਾਰ ਸੈਕਟਰ-15 ਨਿਵਾਸੀ 55 ਸਾਲਾ ਪ੍ਰੀਤਪਾਲ ਕੌਰ ਅੱਖ 'ਚ ਕਿਸੇ ਸਮੱਸਿਆ ਕਾਰਨ 23 ਜਨਵਰੀ 2008 ਨੂੰ ਐਡਵਾਂਸ ਆਈ ਕੇਅਰ ਸੈਂਟਰ ਦੀ ਐਮਰਜੈਂਸੀ 'ਚ ਭਰਤੀ ਹੋਈ। ਉਨ੍ਹਾਂ ਨੂੰ ਇਸ ਤੋਂ ਇਲਾਵਾ ਬੁਖਾਰ, ਸਾਹ ਲੈਣ 'ਚ ਮੁਸ਼ਕਲ, ਢਿੱਡ ਤੇ ਕਮਰ 'ਚ ਦਰਦ ਅਤੇ ਡਾਇਰੀਆ ਸੀ। ਡਿਊਟੀ 'ਤੇ ਮੌਜੂਦ ਰੈਜ਼ੀਡੈਂਟ ਡਾਕਟਰ ਨੇ ਉਨ੍ਹਾਂ ਨੂੰ ਸਾਰੀ ਰਾਤ ਐਮਰਜੈਂਸੀ 'ਚ ਰੱਖਿਆ ਤੇ ਇਲਾਜ ਕੀਤਾ ਅਤੇ 24 ਜਨਵਰੀ ਨੂੰ ਸਵੇਰੇ 10 ਵਜੇ ਐਡਵਾਂਸ ਆਈ ਸੈਂਟਰ ਤੋਂ ਡਿਸਚਾਰਜ ਕਰ ਦਿੱਤਾ।
ਉਨ੍ਹਾਂ ਨੂੰ ਐਂਟੀਬਾਇਓਟਿਕਸ ਲੈਂਦੇ ਰਹਿਣ ਦੀ ਹਦਾਇਤ ਦਿੱਤੀ ਗਈ। ਮਰੀਜ਼ ਨੂੰ ਦਿਲ ਸਬੰਧੀ ਕੋਈ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 70/50 ਦੇ ਆਸ-ਪਾਸ ਘੁੰਮ ਰਿਹਾ ਸੀ। ਸ਼ਿਕਾਇਤਕਰਤਾ ਪ੍ਰੀਤਪਾਲ ਕੌਰ ਦੇ ਪਤੀ ਦਾ ਦੋਸ਼ ਸੀ ਕਿ ਐਡਵਾਂਸ ਆਈ ਸੈਂਟਰ ਤੋਂ ਮਰੀਜ਼ ਨੂੰ ਡਿਸਚਾਰਜ ਕਰਨ ਦੀ ਥਾਂ ਕਾਰਡੀਅਕ (ਦਿਲ) ਐਮਰਜੈਂਸੀ 'ਚ ਰੈਫਰ ਕੀਤਾ ਜਾਣਾ ਚਾਹੀਦਾ ਸੀ। ਸ਼ਿਕਾਇਤਕਰਤਾ ਆਪਣੀ ਪਤਨੀ ਨੂੰ ਮੈਡੀਕਲ ਓ. ਪੀ. ਡੀ. 'ਚ ਲੈ ਗਿਆ, ਜਿਥੋਂ ਉਨ੍ਹਾਂ ਨੂੰ ਕਾਰਡੀਅਕ ਓ. ਪੀ. ਡੀ. 'ਚ ਰੈਫਰ ਕੀਤਾ ਗਿਆ। ਇਥੇ ਸੀਨੀਅਰ ਰੈਜ਼ੀਡੈਂਟ ਡਾ. ਆਸ਼ੀਸ਼ ਝਾਅ ਨੇ ਪ੍ਰੀਤਪਾਲ ਕੌਰ ਨੂੰ ਚੈੱਕ ਕੀਤਾ ਤੇ ਉਨ੍ਹਾਂ ਨੂੰ ਓ. ਆਰ. ਐੱਸ. ਦੇ ਘੋਲ ਨਾਲ ਦੇਣ ਲਈ ਸਿਪਲਾਕਸ ਟੀ ਜ਼ੈੱਡ (ਦਸਤ ਰੋਕਣ ਦੀ ਦਵਾਈ) ਲਿਖੀ।
ਡਾ. ਆਸ਼ੀਸ਼ ਨੇ ਇਸ ਦੌਰਾਨ ਕਿਸੇ ਸੀਨੀਅਰ ਕਾਰਡੀਓਲੋਜਿਸਟ ਨਾਲ ਕੰਸਲਟ ਨਹੀਂ ਕੀਤਾ। ਪ੍ਰੀਤਪਾਲ ਕੌਰ ਦੇ ਲਗਾਤਾਰ ਡਿਗ ਰਹੇ ਬਲੱਡ ਪ੍ਰੈਸ਼ਰ ਤੇ ਗੰਭੀਰ ਹਾਲਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਪ੍ਰੀਤਪਾਲ ਦੇ ਪਤੀ ਉਸਨੂੰ ਘਰ ਲੈ ਗਏ। 25 ਜਨਵਰੀ ਨੂੰ ਉਸ ਨੂੰ ਦੁਬਾਰਾ ਜਾਂਚ ਲਈ ਐਡਵਾਂਸ ਆਈ ਸੈਂਟਰ 'ਚ ਲਿਆਂਦਾ, ਇਥੇ ਡਾ. ਊਸ਼ਾ ਸਿੰਘ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਈ. ਐੱਨ. ਟੀ. ਵਿਭਾਗ 'ਚ ਜਾਂਚ ਕਰਵਾਉਣ ਲਈ ਕਿਹਾ। ਮਰੀਜ਼ ਨੂੰ ਈ. ਐੱਨ. ਟੀ. ਵਿਭਾਗ 'ਚ ਲਿਜਾਇਆ ਗਿਆ। ਲੋਅ ਬਲੱਡ ਪ੍ਰੈਸ਼ਰ ਤੇ ਗੰਭੀਰ ਹਾਲਤ ਦੇ ਬਾਵਜੂਦ ਹਸਪਤਾਲ 'ਚ ਭਰਤੀ ਕਰਨ ਦੀ ਸਲਾਹ ਨਹੀਂ ਦਿੱਤੀ ਗਈ।
ਸ਼ਿਕਾਇਤਕਰਤਾ ਅਨੁਸਾਰ ਮਰੀਜ਼ ਨੂੰ ਆਈ. ਸੀ. ਯੂ. ਜਾਂ ਸੀ. ਸੀ. ਯੂ. 'ਚ ਭਰਤੀ ਕੀਤਾ ਜਾਣਾ ਚਾਹੀਦਾ ਸੀ ਪਰ ਬਿਨਾਂ ਕਿਸੇ ਸਲਾਹ ਦੇ ਉਨ੍ਹਾਂ ਨੂੰ ਘਰ ਜਾਣ ਲਈ ਕਹਿ ਦਿੱਤਾ ਗਿਆ। 30 ਜਨਵਰੀ ਨੂੰ ਮਰੀਜ਼ ਦੀ ਹਾਲਤ ਵਿਗੜਨ 'ਤੇ ਦੁਬਾਰਾ ਪੀ. ਜੀ. ਆਈ. ਲਿਆਂਦਾ ਗਿਆ। ਮੈਡੀਕਲ ਐਮਰਜੈਂਸੀ ਵਾਰਡ 'ਚ ਇਥੇ ਵੀ ਜੂਨੀਅਰ ਡਾਕਟਰ ਉਨ੍ਹਾਂ ਦਾ ਇਲਾਜ ਕਰਦਾ ਰਿਹਾ ਪਰ ਪਹਿਲਾਂ 24 ਘੰਟੇ ਨਾ ਤਾਂ ਕਾਰਡੀਓਲੋਜੀ ਤੇ ਨਾ ਹੀ ਮੈਡੀਸਨ ਵਿਭਾਗ ਨੇ ਉਨ੍ਹਾਂ ਨੂੰ ਅਟੈਂਡ ਕੀਤਾ। ਇਸ ਦਿਨ ਸ਼ਾਮ 4:30 ਵਜੇ ਹਾਲਤ ਵਿਗੜਨ 'ਤੇ ਟਰੈਕੀਆ 'ਚ ਟਿਊਬ ਪਾ ਕੇ ਮਰੀਜ਼ ਨੂੰ ਐਂਬੂਬੈਗ (ਸਾਹ ਦੇਣ ਦਾ ਢੰਗ) 'ਤੇ ਲਾ ਦਿੱਤਾ ਗਿਆ। ਮਰੀਜ਼ ਦੇ ਪਤੀ ਨੇ ਕਈ ਵਾਰ ਮਰੀਜ਼ ਨੂੰ ਆਈ. ਸੀ. ਯੂ. ਤੇ ਸੀ. ਸੀ. ਯੂ. 'ਚ ਸ਼ਿਫਟ ਕਰਨ ਦੀ ਬੇਨਤੀ ਕੀਤੀ ਪਰ ਮਰੀਜ਼ ਦੀ ਮੌਤ ਤਕ ਉਸਨੂੰ ਆਈ. ਸੀ. ਯੂ. ਵਿਚ ਸ਼ਿਫਟ ਨਹੀਂ ਕੀਤਾ ਗਿਆ। ਇਸ ਕਾਰਨ 3 ਫਰਵਰੀ ਨੂੰ ਉਸਦੀ ਮੌਤ ਹੋ ਗਈ। ਦੋਸ਼ ਲਾਇਆ ਗਿਆ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਮਰੀਜ਼ ਦੀ ਮੌਤ ਹੋਈ।
ਜੀ. ਐੱਮ. ਦੇ ਆਉਣ ਤੋਂ ਪਹਿਲਾਂ ਚਮਕ ਗਿਆ ਮੋਹਾਲੀ ਦਾ ਰੇਲਵੇ ਸਟੇਸ਼ਨ
NEXT STORY