ਮੋਹਾਲੀ (ਬੈਨੀਪਾਲ) - ਉੱਤਰ ਰੇਲਵੇ ਦੇ ਜਨਰਲ ਮੈਨੇਜਰ ਵਿਸ਼ਵੇਸ਼ ਚੌਬੇ ਵਲੋਂ ਰੇਲਵੇ ਸਟੇਸ਼ਨਾਂ ਦੀ ਜਾਂਚ ਮੁਹਿੰਮ ਤਹਿਤ ਅੱਜ ਇਥੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪੂਰੇ ਰੇਲਵੇ ਸਟੇਸ਼ਨ ਉਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।
ਰੇਨ ਹਾਰਵੈਸਟਿੰਗ ਸਿਸਟਮ ਨਾਲ ਕੀਤੀ ਜਾਵੇਗੀ ਬਰਸਾਤੀ ਪਾਣੀ ਦੀ ਸੰਭਾਲ
ਰੇਲਵੇ ਅਧਿਕਾਰੀ ਨੇ ਦੱਸਿਆ ਕਿ ਇਸ ਰੇਲਵੇ ਸਟੇਸ਼ਨ 'ਤੇ ਵਿਭਾਗ ਵਲੋਂ ਇਕ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਇਆ ਗਿਆ ਹੈ। ਇਸ ਸਿਸਟਮ ਰਾਹੀਂ ਰੇਲਵੇ ਸਟੇਸ਼ਨ ਦੇ ਖੇਤਰ ਵਿਚ ਡਿਗਣ ਵਾਲੇ ਬਰਸਾਤੀ ਪਾਣੀ ਦੀ ਸੰਭਾਲ ਕੀਤੀ ਜਾਵੇਗੀ। ਸਟੇਸ਼ਨ 'ਤੇ ਆਉਣ ਵਾਲੇ ਲੋਕਾਂ ਲਈ ਏ. ਟੀ. ਐੱਮ., ਫੂਡ ਸਟਾਲ ਆਦਿ ਵਰਗੀਆਂ ਹੋਰ ਸਹੂਲਤਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰੇਲ ਅਧਿਕਾਰੀ ਨੇ ਕਿਹਾ ਕਿ ਫੂਡ ਸਟਾਲ ਲਈ ਪਹਿਲਾਂ ਹੀ ਸਟੇਸ਼ਨ 'ਤੇ ਥਾਂ ਬਣੀ ਹੋਈ ਹੈ ਜੇਕਰ ਕੋਈ ਵਿਅਕਤੀ ਜਾਂ ਪਾਰਟੀ ਫੂਡ ਸਟਾਲ ਜਾਂ ਕੰਟੀਨ ਸ਼ੁਰੂ ਕਰਨੀ ਚਾਹੁੰਦਾ ਹੈ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਅਧਿਕਾਰੀ ਨੇ ਰੇਲਵੇ ਸਟੇਸ਼ਨ 'ਤੇ ਬੂਟੇ ਵੀ ਲਾਏ।
ਰੇਲਵੇ ਸਟੇਸ਼ਨ 'ਤੇ ਪੰਜਾਬੀ ਸੱਭਿਆਚਾਰ ਦੀ ਝਲਕ
ਰੇਲਵੇ ਦੇ ਜਨਰਲ ਮੈਨੇਜਰ ਦੇ ਆਉਣ ਮੌਕੇ ਮੋਹਾਲੀ ਦਾ ਰੇਲਵੇ ਸਟੇਸ਼ਨ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗਿਆ ਗਿਆ। ਥਾਂ-ਥਾਂ 'ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਤਸਵੀਰਾਂ ਲਾਈਆਂ ਗਈਆਂ ਸਨ। ਸਟੇਸ਼ਨ ਦੇ ਮੁੱਖ ਗੇਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਤਸਵੀਰ ਦਾ ਉਦਘਾਟਨ ਵੀ ਰੇਲਵੇ ਅਧਿਕਾਰੀ ਚੌਬੇ ਵਲੋਂ ਕੀਤਾ ਗਿਆ।
ਪ੍ਰੋ. ਚੰਦੂਮਾਜਰਾ ਨੇ ਰੇਲ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਰੇਲਵੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਤੇ ਲੋਕਾਂ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਸਬੰਧੀ ਅਧਿਕਾਰੀ ਨੂੰ ਜਾਣੂ ਕਰਵਾਇਆ। ਚੰਦੂਮਾਜਰਾ ਨੇ ਰੇਲਵੇ ਸਟੇਸ਼ਨ 'ਤੇ ਐਸਕੇਲੇਟਰ ਲਾਉਣ ਦੀ ਮੰਗ ਕੀਤੀ। ਉਨ੍ਹਾਂ ਪਿੰਡ ਰਾਏਪੁਰ ਕਲਾਂ ਵਿਚ ਰੇਲਵੇ ਸਟੇਸ਼ਨ ਬਣਾਉਣ, ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਦਾ ਖਰੜ ਵਿਚ ਸਟਾਪੇਜ ਬਣਾਉਣ, ਮੋਰਿੰਡਾ ਵਿਖੇ ਬੱਸ ਸਟੈਂਡ ਦੇ ਸਾਹਮਣੇ ਰੇਲਵੇ ਅੰਡਰਬ੍ਰਿਜ ਦੀ ਉਸਾਰੀ ਕਰਨ, ਊਨਾ ਤੋਂ ਚੰਡੀਗੜ੍ਹ ਸ਼ਤਾਬਦੀ ਦਾ ਮੋਰਿੰਡਾ ਵਿਖੇ ਸਟਾਪੇਜ ਬਣਾਉਣ, ਜੈਜੋਂ-ਰਾਹੋਂ-ਜਲੰਧਰ ਗੱਡੀ ਦੇ ਰੂਟ ਨੂੰ ਅੰਮ੍ਰਿਤਸਰ ਤਕ ਵਧਾਉਣ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ, ਮੋਹਾਲੀ ਤੋਂ ਰਾਜਪੁਰਾ ਤੇ ਰਾਹੋਂ ਤੋਂ ਖੰਨਾ ਲਈ ਦੋ ਨਵੇਂ ਰੇਲਵੇ ਲਿੰਕ ਉਸਾਰਨ, ਸ੍ਰੀ ਅਨੰਦਪੁਰ ਸਾਹਿਬ, ਰੋਪੜ ਤੇ ਕੁਰਾਲੀ ਵਿਖੇ ਰੇਲ ਪਟੜੀ ਦੇ ਦੋਵੇਂ ਪਾਸੇ ਪਲੇਟਫਾਰਮਾਂ ਦੀ ਉਸਾਰੀ ਕਰਨ ਦੀ ਵੀ ਮੰਗ ਕੀਤੀ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਰੇਲਵੇ ਸਟੇਸ਼ਨ ਵਿਚ ਮੁੜ ਉਸਾਰੇ ਗਏ ਯਾਤਰੀ ਆਰਾਮਘਰ ਦਾ ਰਸਮੀ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਬਲਜੀਤ ਸਿੰਘ ਕੁੰਭੜਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਹਰਮਨਪ੍ਰੀਤ ਸਿੰਘ ਪ੍ਰਿੰਸ ਤੇ ਹੋਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ ਨੇ ਦਿੱਤਾ ਮੰਗ ਪੱਤਰ
ਇਸ ਮੌਕੇ ਨਗਰ ਨਿਗਮ ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ ਨੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਚੌਬੇ ਨਾਲ ਮੁਲਾਕਾਤ ਕੀਤੀ। ਜੈਨ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਹਲਕਾ ਵਿਧਾਇਕ ਵਲੋਂ ਇਕ ਮੰਗ ਪੱਤਰ ਵੀ ਰੇਲ ਅਧਿਕਾਰੀ ਨੂੰ ਸੌਂਪਿਆ। ਮੰਗ ਪੱਤਰ ਵਿਚ ਕਿਹਾ ਗਿਆ ਕਿ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਨੂੰ ਮੋਹਾਲੀ ਹੋ ਕੇ ਚਲਾਇਆ ਜਾਵੇ, ਰਾਜਪੁਰਾ ਤੇ ਸਨੇਟਾ ਦੇ ਵਿਚਕਾਰ ਨਵੀਂ ਰੇਲਵੇ ਲਾਈਨ ਵਿਛਾਈ ਜਾਵੇ, ਸਨੇਟਾ ਤੋਂ ਘੜੂੰਆਂ ਤਕ ਨਵੀਂ ਰੇਲ ਲਾਈਨ ਵਿਛਾਈ ਜਾਵੇ ਤੇ ਹਲਕੇ ਵਿਚ ਬਣੇ 3 ਰੇਲਵੇ ਅੰਡਰਪਾਸਾਂ ਰਾਏਪੁਰ ਕਲਾਂ, ਪੀਰ ਸੁਹਾਣਾ ਤੇ ਬਡਾਲਾ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਿਸ਼ਵ ਜੈਨ ਦੇ ਨਾਲ ਸਥਾਨਕ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਰੇਲ ਅਧਿਕਾਰੀ ਦੇ ਜਾਣ ਉਪਰੰਤ ਚੁੱਕ ਕੇ ਲੈ ਗਏ ਹਰਿਆਵਲ ਵਾਲੇ ਗਮਲੇ
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਵਿਸ਼ਵੇਸ਼ ਚੌਬੇ ਦੇ ਆਉਣ ਤੋਂ ਪਹਿਲਾਂ ਭਾਵੇਂ ਰੇਲਵੇ ਸਟੇਸ਼ਨ 'ਤੇ ਪੂਰੀ ਚਮਕ-ਦਮਕ ਬਣਾਈ ਗਈ ਸੀ। ਪੌੜੀਆਂ 'ਤੇ ਬਾਕਾਇਦਾ ਪੇਂਟ ਕਰਕੇ ਹਿੰਦੀ ਭਾਸ਼ਾ ਵਿਚ ਸਲੋਗਨ ਆਦਿ ਲਿਖੇ ਗਏ। ਹੈਰਾਨੀ ਇਸ ਗੱਲ ਦੀ ਰਹੀ ਕਿ ਜਿਵੇਂ ਹੀ ਜਨਰਲ ਮੈਨੇਜਰ ਦਾ ਦੌਰਾ ਸਮਾਪਤ ਹੋਇਆ ਤਾਂ ਸਬੰਧਿਤ ਕੈਟਰਿੰਗ ਵਾਲੇ ਉਥੋਂ ਗਮਲੇ ਆਦਿ ਚੁੱਕ ਕੇ ਨਾਲ ਲੈ ਗਏ। ਗਮਲੇ ਚੁੱਕ ਰਹੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਇਹ ਕੈਟਰਿੰਗ ਵਾਲਿਆਂ ਵਲੋਂ ਕੁਝ ਸਮੇਂ ਲਈ ਰੱਖੇ ਗਏ ਸਨ।
ਵਿਧਾਇਕ ਸਿੱਧੂ ਨੂੰ ਦਿੱਤਾ 'ਧੱਕੇਸ਼ਾਹੀ ਐਵਾਰਡ'
NEXT STORY