ਚੰਡੀਗੜ੍ਹ (ਅਰਚਨਾ) : ਪੀ. ਜੀ. ਆਈ. ਦੇ ਰੈਜ਼ੀਡੈਂਟ ਡਾਕਟਰ ਕੋਰੋਨਾ ਕਾਲ 'ਚ ਵੀ ਸੈਰ-ਸਪਾਟੇ ਤੋਂ ਬਾਜ਼ ਨਹੀਂ ਆ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਸੰਸਥਾਨ ਦੇ ਕਈ ਰੈਜ਼ੀਡੈਂਟ ਡਾਕਟਰ ਸਬੰਧਤ ਮਹਿਕਮੇ ਦੇ ਐੱਚ. ਓ. ਡੀ. ਤੋਂ ਮਨਜ਼ੂਰੀ ਲਏ ਬਿਨਾਂ ਹੀ ਦੂਜੇ ਸ਼ਹਿਰਾਂ 'ਚ ਤਿੰਨ ਤੋਂ ਚਾਰ ਦਿਨ ਬਿਤਾ ਕੇ ਵਾਪਸ ਆ ਰਹੇ ਹਨ। ਦੂਜੇ ਸੂਬਿਆਂ ਤੋਂ ਚੰਡੀਗੜ੍ਹ ਵਾਪਸ ਆਉਣ ਵਾਲੇ ਇਹ ਡਾਕਟਰ ਨਾ ਸਿਰਫ਼ ਪੀ. ਜੀ. ਆਈ., ਸਗੋਂ ਪੂਰੇ ਚੰਡੀਗੜ੍ਹ ਲਈ ਖ਼ਤਰਾ ਬਣ ਸਕਦੇ ਹਨ। ਤਾਜ਼ਾ ਮਾਮਲਾ ਪੀ. ਜੀ. ਆਈ. ਦੇ ਬਾਇਰੋਲਾਜੀ ਮਹਿਕਮੇ ਦੀ ਇਕ ਰੈਜ਼ੀਡੈਂਟ ਡਾਕਟਰ ਦਾ ਆਇਆ ਹੈ, ਜਿਸ ਤੋਂ ਬਾਅਦ ਪੀ. ਜੀ. ਆਈ. ਪ੍ਰਸ਼ਾਸਨ ਨੇ ਅਜਿਹੇ ਡਾਕਟਰਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਟੇਸ਼ਨ ਲੀਵ ਦੇ ਬਿਨਾਂ ਦੂਜੇ ਸ਼ਹਿਰ ਜਾਣ ਵਾਲੇ ਡਾਕਟਰਾਂ ਖਿਲਾਫ਼ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮਨਜ਼ੂਰੀ ਦੇ ਬਾਵਜੂਦ 72 ਘੰਟਿਆਂ ਲਈ ਚੰਡੀਗੜ੍ਹ ਤੋਂ ਬਾਹਰ ਜਾ ਕੇ ਵਾਪਸ ਆਉਣ ਵਾਲਿਆਂ ਨੂੰ ਵੀ ਕਾਫ਼ੀ ਹਰਜ਼ਾਨਾ ਭਰਨਾ ਪਵੇਗਾ।
ਇਹ ਵੀ ਪੜ੍ਹੋ : ਪਟਿਆਲਾ 'ਚ ਕੋਰੋਨਾ ਦਾ ਕਹਿਰ, 60 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਹਰਿਆਣਾ ਤੋਂ ਵਾਪਸ ਆਈ ਡਾਕਟਰ ਨਿਕਲੀ ਇੰਫੈਕਟਿਡ
ਬਾਇਰੋਲਾਜੀ ਮਹਿਕਮੇ ਦੀ ਰੈਜ਼ੀਡੈਂਟ ਡਾਕਟਰ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸੰਸਥਾਨ 'ਚ ਤੜਥੱਲੀ ਮਚ ਗਈ। ਡਾਕਟਰ ਦੇ ਸੰਪਰਕ 'ਚ ਆਏ ਲੋਕਾਂ ਦੀ ਚੇਨ ਨੂੰ ਪਛਾਣਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਹੋਰ ਰੈਜ਼ੀਡੈਂਟ ਡਾਕਟਰਾਂ ਦੀ ਤਰ੍ਹਾਂ ਡਾਕਟਰ ਬੀਬੀ ਵੀ ਪੀ. ਜੀ. ਆਈ. ਦੇ ਸਬੰਧਤ ਅਧਿਕਾਰੀ ਤੋਂ ਮਨਜ਼ੂਰੀ/ਸਟੇਸ਼ਨ ਲੀਵ ਲਏ ਬਿਨਾਂ ਹੀ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਇਕ ਵਿਆਹ ਸਮਾਰੋਹ 'ਚ ਚਲੀ ਗਈ ਸੀ। ਜਦੋਂ ਉਹ ਹਰਿਆਣਾ ਤੋਂ ਆਈ ਤਾਂ ਕੋਰੋਨਾ ਪੀੜਤ ਪਾਈ ਗਈ। ਡਾਕਟਰ ਇਹ ਇੰਫੈਕਸ਼ਨ ਹਰਿਆਣਾ ਤੋਂ ਲਿਆਈ ਜਾਂ ਚੰਡੀਗੜ੍ਹ ਤੋਂ ਹਰਿਆਣਾ ਦੇ ਲੋਕਾਂ 'ਚ ਫੈਲਾ ਕੇ ਆਈ ਹੈ, ਇਹ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : ਖ਼ੇਤਾਂ ’ਚ ਸਬਜ਼ੀਆਂ ਦੇ ਝੁਲਸਣ ਨਾਲ ਦੁੱਗਣੇ ਹੋਏ ਭਾਅ, ਆਮ ਲੋਕ ਪਰੇਸ਼ਾਨ
ਖੁਦ ਦੀਆਂ ਛੁੱਟੀਆਂ ’ਤੇ ਹੀ ਇਕਾਂਤਵਾਸ ਹੋਣਾ ਪਵੇਗਾ
ਡਾਕਟਰ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਦੋ ਫੈਕਲਟੀ ਅਤੇ ਸੰਪਰਕ 'ਚ ਆਏ ਸਟਾਫ਼ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਪੀ. ਜੀ. ਆਈ. ਨੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ, ਜੋ ਕਹਿੰਦੇ ਹਨ ਕਿ ਕੋਰੋਨਾ ਸਮੇਂ 'ਚ ਸਟੇਸ਼ਨ ਲੀਵ ਆਮ ਤੌਰ ’ਤੇ ਤਾਂ ਨਹੀਂ ਮਿਲੇਗੀ। ਮਜ਼ਬੂਰੀ 'ਚ ਜੇਕਰ ਕੋਈ ਵੀ ਸਟੇਸ਼ਨ ਲੀਵ ਲੈ ਕੇ 72 ਘੰਟੇ ਲਈ ਸ਼ਹਿਰ ਤੋਂ ਬਾਹਰ ਰਹਿੰਦਾ ਹੈ ਤਾਂ ਉਸ ਨੂੰ 14 ਦਿਨਾਂ ਲਈ ਖੁਦ ਦੀਆਂ ਛੁੱਟੀਆਂ ’ਤੇ ਇਕਾਂਤਵਾਸ ਹੋਣਾ ਹੀ ਪਵੇਗਾ। ਕਾਂਟਰੈਕਟ ’ਤੇ ਕੰਮ ਕਰਨ ਵਾਲੇ ਡਾਕਟਰ ਜਾਂ ਮੁਲਾਜ਼ਮ ਨੂੰ ਇਕਾਂਤਵਾਸ ਸਮੇਂ ਦੀ ਤਨਖਾਹ ਨਹੀਂ ਮਿਲੇਗੀ। ਪੀ. ਜੀ. ਆਈ. ਦੇ ਸਰਕਾਰੀ ਕੰਮ ਤੋਂ ਬਾਹਰ ਜਾਣ ਵਾਲੇ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।
ਸਖ਼ਤ ਹੁਕਮ ਜਾਰੀ ਕਰਨਾ ਜ਼ਰੂਰੀ ਸੀ : ਪ੍ਰੋ. ਜਗਤਰਾਮ
ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਸਨ ਕਿ ਰੈਜ਼ੀਡੈਂਟ ਡਾਕਟਰ ਡਿਪਾਰਟਮੈਂਟ ਦੇ ਐੱਚ. ਓ. ਡੀ. ਨੂੰ ਦੱਸੇ ਬਿਨਾਂ ਤਿੰਨ ਤੋਂ ਚਾਰ ਦਿਨ ਲਈ ਚੰਡੀਗੜ੍ਹ ਤੋਂ ਬਾਹਰ ਜਾ ਰਹੇ ਸਨ। ਸੰਸਥਾਨ ਨੂੰ ਇਸ ਦੀਆਂ ਜਾਣਕਾਰੀਆਂ ਮਿਲ ਰਹੀਆਂ ਸਨ। ਬਾਇਰੋਲਾਜੀ ਦੀ ਡਾਕਟਰ ਸਟੇਸ਼ਨ ਲੀਵ ਲਏ ਬਿਨਾਂ ਹਰਿਆਣਾ 'ਚ ਕਾਫ਼ੀ ਦਿਨ ਲਾ ਕੇ ਵਾਪਸ ਆਈ, ਜੋ ਕੋਰੋਨਾ ਪੀੜਤ ਹੋ ਗਈ। ਕੋਰੋਨਾ ਕਾਲ 'ਚ ਵਾਇਰਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਨਹੀਂ ਤਾਂ ਸਥਿਤੀ ਵਿਗੜ ਸਕਦੀ ਹੈ। ਅਜਿਹੇ 'ਚ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਕੋਈ ਰੈਗੂਲਰ ਕਰਮਚਾਰੀ 72 ਘੰਟਿਆਂ ਲਈ ਬਾਹਰ ਜਾਂਦਾ ਹੈ ਤਾਂ ਉਹ ਖੁਦ ਦੀਆਂ ਛੁੱਟੀਆਂ ’ਤੇ ਇਕਾਂਤਵਾਸ ਹੋਵੇਗਾ। ਕਾਂਟਰੈਕਟ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਕਾਂਤਵਾਸ ਪੀਰੀਅਡ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : 9 ਜੀਆਂ ਦੀ ਬਰਾਤ ਲੈ ਕੇ ਗਿਆ ਨੌਜਵਾਨ ਟਰੈਕਟਰ 'ਤੇ ਵਿਆਹ ਲਿਆਇਆ ਲਾੜੀ
ਬਠਿੰਡਾ 'ਚ ਤੇਜ਼ ਮੀਂਹ ਤੇ ਝੱਖੜ ਨੇ ਲਿਆਂਦੀ ਤਬਾਹੀ, ਨੀਂਵੀਆਂ ਥਾਂਵਾਂ 'ਤੇ ਪਾਣੀ ਭਰਿਆ
NEXT STORY