ਫਗਵਾੜਾ,(ਜਲੋਟਾ/ਹਰਜੋਤ)-ਫਗਵਾੜਾ ਸ਼ਹਿਰ 'ਚ ਲੁੱਟਾਂ-ਖੋਹਾਂ ਦਾ ਕਹਿਰ ਜਾਰੀ ਹੈ ਤੇ ਲੁਟੇਰੇ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਤੁਰਦੇ ਬਣਦੇ ਹਨ, ਜਿਸ ਕਾਰਣ ਜਿੱਥੇ ਲੋਕਾਂ ਦੇ ਮਨਾਂ 'ਚ ਕਾਫ਼ੀ ਚਿੰਤਾ ਪਾਈ ਜਾ ਰਹੀ ਹੈ। ਮੰਗਲਵਾਰ ਨਵੀਂ ਘਟਨਾ ਦੇਰ ਰਾਤ ਕਰੀਬ 8.45 ਵਜੇ ਫਗਵਾੜਾ-ਪਲਾਹੀ ਰੋਡ 'ਤੇ ਵਾਪਰੀ। ਜਦੋਂ ਮੋਟਰਸਾਇਕਲ ਸਵਾਰ 3 ਲੁਟੇਰਿਆਂ ਨੇ ਪਲਾਹੀ ਰੋਡ 'ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਗੋਲੀ ਚਲਾ ਕੇ 10 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਪਲਾਹੀ ਰੋਡ 'ਤੇ ਪੈਂਦੇ ਦੀਪਕ ਕਰਿਆਨਾ ਸਟੋਰ ਦੀ ਦੁਕਾਨ ਦੇ ਮਾਲਕ ਦੀਪਕ ਪੁੱਤਰ ਅੰਗਰੇਜ ਜੋ ਕਿ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ 3 ਨੌਜਵਾਨ ਆਏ, ਜਿਨਾਂ 'ਚ ਦੋ ਨੌਜਵਾਨ ਦੁਕਾਨ ਦੇ ਅੰਦਰ ਆ ਗਏ ਤੇ ਇਕ ਦੁਕਾਨ ਦੇ ਬਾਹਰ ਖੜ੍ਹਾ ਹੋ ਗਿਆ। ਅੰਦਰ ਆਏ ਦੋ ਨੌਜਵਾਨ ਦੀਪਕ ਪਾਸੋਂ ਸਾਮਾਨ ਵੱਖ-ਵੱਖ ਤਰ੍ਹਾਂ ਦਾ ਕਰਿਆਨੇ ਦਾ ਸਾਮਾਨ ਕਢਵਾਉਣ ਲੱਗ ਪਏ ਤੇ ਜਿਉਂ ਹੀ ਪਲਾਹੀ ਰੋਡ 'ਤੇ ਕੋਈ ਨਜ਼ਰ ਨਾ ਆਇਆ ਤਾਂ ਬਾਹਰ ਖੜ੍ਹੇ ਤੀਸਰੇ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਦਿੱਤਾ। ਜਿਸਉਪਰੰਤ ਉਨ੍ਹਾਂ ਨੇ ਫੱਟਾ ਚੁੱਕ ਕੇ ਜਦੋਂ ਅੰਦਰ ਨੂੰ ਵੜਨ ਲੱਗੇ ਤਾਂ ਦੀਪਕ ਨੂੰ ਭਿੱਣਖ ਪੈ ਗਈ ਤੇ ਉਨ੍ਹਾਂ ਗੱਲੇ ਨੂੰ ਹੱਥ ਪਾ ਲਿਆ। ਜਦੋਂ ਦੁਕਾਨ ਮਾਲਕ ਦੀਪਕ ਨਾਲ ਧੱਕਾ-ਮੁੱਕੀ ਕਰਨ ਲੱਗੇ ਤਾਂ ਉਸ ਨੇ ਲੁਟੇਰਿਆਂ ਦੀਆਂ ਅੱਖਾਂ 'ਚ ਮਿਰਚਾ ਪਾ ਦਿੱਤੀਆਂ। ਜਿਸ ਦੌਰਾਨ ਇਕ ਲੁਟੇਰੇ ਨੇ ਦੁਕਾਨ ਦੇ ਅੰਦਰ ਹੀ ਹਵਾਈ ਫ਼ਾਇਰ ਕਰ ਦਿੱਤਾ। ਵਾਰਦਾਤ ਦੌਰਾਨ ਲੁਟੇਰੇ ਕਰੀਬ 8-10 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਪੀ. ਮਨਵਿੰਦਰ ਸਿੰਘ, ਡੀ. ਐਸ. ਪੀ. ਪਰਮਜੀਤ ਸਿੰਘ, ਐੱਸ. ਐੱਚ. ਓ. ਸਦਰ ਰਮਨ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲਸ ਨੇ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ.
ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਗੋਲੀ ਚੱਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੁਟੇਰੇ ਜਾਂਦੇ ਸਮੇਂ ਹਵਾਈ ਫ਼ਾਇਰ ਕਰ ਕੇ ਗਏ ਹਨ। ਜਿਸ ਦਾ ਖੋਲ ਪੁਲਸ ਨੂੰ ਬਰਾਮਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।
ਇਲਾਕੇ 'ਚ ਪਹਿਲਾ ਵੀ ਵਾਪਰ ਚੁਕੀਆਂ ਹਨ ਕਈ ਵਾਰਦਾਤਾਂ
ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ 'ਚ ਪਹਿਲਾ ਵੀ ਕਈ ਵਾਰਦਾਤਾਂ ਵਾਪਰ ਚੁਕੀਆਂ ਹਨ ਤੇ ਪੁਲਸ ਦੀ ਗਸ਼ਤ ਕਾਫ਼ੀ ਘੱਟ ਹੁੰਦੀ ਹੈ। ਲੋਕਾਂ ਨੇ ਪੁਲਸ ਪ੍ਸ਼ਾਸਨ ਤੋਂ ਮੰਗ ਕੀਤੀ ਕਿ ਇਸ ਇਲਾਕੇ 'ਚ ਪੁਲਸ ਦੀ ਗਸ਼ਤ ਵਧਾਈ ਜਾਵੇ ਤੇ ਨਾਕਾ ਲਗਾਇਆ ਜਾਵੇ ਤਾਂ ਜੋ ਹਰ ਇਕ ਸ਼ੱਕੀ ਵਿਅਕਤੀ ਦੀ ਚੈਕਿੰਗ ਹੋ ਸਕੇ।
ਮਾਸਕ ਪਹਿਨਣਾ, ਸੋਸ਼ਲ ਡਿਸਟੈਂਸਿੰਗ ਭੁੱਲੇ ਲੋਕ, ਕੋਰੋਨਾ ਮਰੀਜ਼ਾਂ ’ਚ ਤੇਜ਼ੀ ਦੀ ਸੰਭਾਵਨਾ
NEXT STORY