ਫਗਵਾੜਾ(ਜਲੋਟਾ)— ਸੀ. ਆਈ. ਏ. ਸਟਾਫ ਫਗਵਾੜਾ ਦੇ ਇੰਚਾਰਜ ਰਹੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਤਾਰ ਡਰੱਗ ਮਾਫੀਆ ਨਾਲ ਜੁੜੇ ਹੋਣ ਦੇ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਚਰਚਾ 'ਚ ਆਏ ਫਗਵਾੜਾ ਦੇ ਸਿਆਸੀ ਆਗੂ ਦੀ ਪੋਲ ਕਾਂਗਰਸ ਪਾਰਟੀ ਸਬੂਤਾਂ ਸਮੇਤ ਖੋਲ੍ਹੇਗੀ। ਇਹ ਗੱਲ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਹੀ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਇਸ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਐੱਸ. ਟੀ. ਐੱਫ. ਟੀਮ ਵਲੋਂ ਸ਼ਹਿਰ ਦੇ ਦੋ ਸਿਆਸੀ ਆਗੂਆਂ ਨਾਲ ਅੱਧੇ ਘੰਟੇ ਤਕ ਕੀਤੀ ਗਈ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਜਪਾ ਦੇ ਇਕ ਧੜੇ ਨਾਲ ਸਬੰਧਤ ਆਗੂ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਤੇ ਡਰੱਗ ਮਾਫੀਆ ਨੂੰ ਸ਼ਹਿ ਦੇਣ ਦਾ ਦੋਸ਼ ਵੀ ਖੁੱਲ੍ਹੇਆਮ ਲਗਾ ਚੁੱਕੇ ਹਨ। ਸ. ਮਾਨ ਨੇ ਇਹ ਵੀ ਕਿਹਾ ਕਿ ਫਗਵਾੜਾ 'ਚ ਅਕਾਲੀ-ਭਾਜਪਾ ਰਾਜ ਦੌਰਾਨ ਸਿਆਸਤ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਜੋ ਨਸ਼ੇ ਦਾ ਫਰਜ਼ੀਵਾੜਾ ਚਲ ਰਿਹਾ ਸੀ, ਉਸਦੀ ਪੋਲ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਨਾਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਹੁਣ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਡਰੱਗ ਦੇ ਮੁੱਦੇ 'ਤੇ ਸ਼ਹਿਰ ਦੀ ਸਿਆਸਤ 'ਚ ਭੂਚਾਲ ਆਉਣ ਦੀ ਪੂਰੀ ਸੰਭਾਵਨਾ ਹੈ।
ਇੰਸਪੈਕਟਰ ਇੰਦਰਜੀਤ ਦੀ ਅੰਮ੍ਰਿਤਸਰ ਵਾਲੀ ਕੋਠੀ ਸੀਲ
ਐੱਸ. ਟੀ. ਐੱਸ. ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਅੰਮ੍ਰਿਤਸਰ ਸਥਿਤ ਕੋਠੀ ਨੂੰ ਅੱਜ ਸਵੇਰੇ 6 ਵਜੇ ਸੀਲ ਕਰ ਦਿੱਤਾ ਗਿਆ। ਸੀਲ ਕਰਨ ਤੋਂ ਬਾਅਦ ਉਥੇ ਪੰਜਾਬ ਪੁਲਸ ਦੀ ਗਾਰਦ ਬਿਠਾ ਦਿੱਤੀ ਗਈ ਹੈ। ਦੇਰ ਰਾਤ ਇੰਦਰਜੀਤ ਸਿੰਘ ਨੂੰ ਐੱਸ. ਟੀ. ਐੱਸ. ਵੱਲੋਂ ਉਸ ਦੀ ਕੋਠੀ ਵਿਚ ਲਿਆਂਦੇ ਜਾਣ ਦੀ ਖਬਰ ਫੈਲਦੇ ਹੋਏ ਹੀ ਮੀਡੀਆ ਉਸ ਦੇ ਘਰ ਦੇ ਬਾਹਰ ਇਕੱਠਾ ਹੋ ਗਿਆ, ਜਿੱਥੇ ਘੰਟਿਆਂਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਾਂਚ ਟੀਮ ਦੇ ਨਾ ਪਹੁੰਚਣ 'ਤੇ ਸੀਲ ਕੀਤੀ ਗਈ ਕੋਠੀ ਅੰਦਰ ਕੀ ਹੈ, ਇਹ ਹਾਲੇ ਵੀ ਰਹੱਸ ਹੀ ਬਣਿਆ ਹੋਇਆ ਹੈ।
ਇੰਦਰਜੀਤ ਦੁਆਰਾ ਦਰਜ ਮਾਮਲਿਆਂ 'ਚ ਖੁੱਲ੍ਹਣ ਲੱਗੇ ਦੋਸ਼ੀਆਂ ਦੇ ਮੂੰਹ
ਸਾਲ 2013 ਤੋਂ 2015 ਦੌਰਾਨ ਜ਼ਿਲਾ ਤਰਨਤਾਰਨ ਦੇ ਸੀ. ਆਈ. ਏ. ਸਟਾਫ 'ਚ ਤਾਇਨਾਤ ਰਹੇ ਇੰਦਰਜੀਤ ਦੁਆਰਾ ਐੱਨ. ਡੀ. ਪੀ. ਐੱਸ. ਐਕਟ ਅਧੀਨ ਦਰਜ ਕੀਤੇ 3 ਮਾਮਲਿਆਂ ਵਿਚ ਜੇਲ ਤੋਂ ਬਾਹਰ ਆ ਚੁੱਕੇ ਦੋਸ਼ੀਆਂ ਨੇ ਅੱਜ ਆਪਣੇ ਮੂੰਹ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿਚ ਐੱਫ. ਆਈ. ਆਰ. ਨੰਬਰ 85 ਵਿਚ ਸ਼ਾਮਿਲ ਰਘਬੀਰ ਸਿੰਘ ਨਿਵਾਸੀ ਹਰੀਕੇ, ਮਿਰਾਜ ਸਿੰਘ ਨਿਵਾਸੀ ਪੱਟੀ ਤੇ ਜਗਤਾਰ ਸਿੰਘ ਨਿਵਾਸੀ ਚੋਲਾ ਸਾਹਿਬ ਸ਼ਾਮਿਲ ਸਨ। ਮਿਰਾਜ ਸਿੰਘ ਦੀ ਤਾਂ ਕੇਸ ਦੀ ਪੈਰਵਾਈ ਦੌਰਾਨ ਮੌਤ ਹੋ ਚੁੱਕੀ ਹੈ, ਜਦੋਂਕਿ ਅੱਜ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਤਿੰਨਾਂ ਨੂੰ ਇੰਸ. ਇੰਦਰਜੀਤ ਸਿੰਘ ਨੇ ਲੱਖਾਂ ਰੁਪਏ ਲੈ ਕੇ ਵੀ 55 ਬੋਰੀਆਂ ਚੂਰਾ ਪੋਸਤ ਦੇ ਮਾਮਲੇ ਵਿਚ ਨਾਮਜ਼ਦ ਕਰ ਦਿੱਤਾ ਸੀ। 4 ਮਹੀਨੇ ਪਹਿਲਾਂ ਹੀ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਇੰਸ. ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਨਾਲ ਉਹ ਸੰਤੁਸ਼ਟ ਹਨ ਅਤੇ ਭਗਵਾਨ ਤੋਂ ਇਹ ਪ੍ਰਾਰਥਨਾ ਕਰਦੇ ਹਨ ਕਿ ਉਸ ਨੂੰ ਉਸ ਦੇ ਕੀਤੇ ਕੰਮਾਂ ਦੀ ਸਜ਼ਾ ਜ਼ਰੂਰ ਮਿਲੇ।
ਮਿੱਥੇ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ
NEXT STORY