ਬਟਾਲਾ/ਧਿਆਨਪੁਰ (ਬੇਰੀ, ਬਲਵਿੰਦਰ, ਜ. ਬ.) : ਵਿਸ਼ਵ ਪ੍ਰਸਿੱਧ ਸ੍ਰੀ ਧਿਆਨਪੁਰ ਧਾਮ ਦੇ ਮੌਜੂਦਾ ਗੱਦੀਨਸ਼ੀਨ ਆਚਾਰੀਆਧੀਸ਼ ਸ਼੍ਰੀ ਰਾਮ ਸੁੰਦਰ ਦਾਸ ਦੇਵਾਚਾਰੀਆ ਜੀ ਮਹਾਰਾਜ ਦੀ ਤਸਵੀਰ ਨੂੰ ਆਪਣੇ ਪੈਰਾਂ 'ਚ ਰੱਖ ਕੇ ਇਕ ਨੌਜਵਾਨ ਵੱਲੋਂ ਬੇਅਦਬੀ ਕਰਨ ਦਾ ਘੋਰ ਅਪਰਾਧ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਕਸਬਾ ਧਿਆਨਪੁਰ ਦੇ ਰਹਿਣ ਵਾਲੇ ਨੌਜਵਾਨ ਰਜੀਵ ਮਹਾਜਨ ਉਰਫ ਸੋਨੂੰ ਧਿਆਨਪੁਰੀਆ ਵੱਲੋਂ ਧਿਆਨਪੁਰ ਧਾਮ ਦੇ ਗੱਦੀਨਸ਼ੀਨ ਸ਼੍ਰੀ ਰਾਮ ਸੁੰਦਰ ਦਾਸ ਜੀ ਦੀ ਤਸਵੀਰ ਪੈਰਾਂ 'ਚ ਰੱਖ ਕੇ ਉਸ ਨੂੰ ਸੋਸ਼ਲ ਮੀਡੀਆ 'ਚ ਵਾਇਰਲ ਕੀਤਾ ਗਿਆ ਹੈ, ਜਿਸ ਨਾਲ ਸੰਗਤਾਂ 'ਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅਜਿਹੀ ਬੇਅਦਬੀ ਤੋਂ ਬਾਅਦ ਜਿਥੇ ਦਰਬਾਰ ਨਾਲ ਜੁੜੀਆਂ ਸੰਗਤਾਂ ਅਤੇ ਧਿਆਨਪੁਰ ਵਾਸੀ ਭੜਕ ਉੱਠੇ, ਉਥੇ ਨਾਲ ਹੀ ਉਨ੍ਹਾਂ ਗੁੱਸੇ 'ਚ ਆ ਕੇ ਬਾਜ਼ਾਰ ਬੰਦ ਕਰ ਦਿੱਤੇ ਅਤੇ ਬੇਅਦਬੀ ਕਰਨ ਵਾਲੇ ਨੌਜਵਾਨ ਸੋਨੂੰ ਧਿਆਨਪੁਰੀਆ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਨ ਲੱਗ ਪਏ।

ਬਾਊ ਜਗਦੀਸ਼ ਰਾਜ ਨੇ ਦੱਸਿਆ ਕਿ ਇਸ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਸ਼ਰਧਾਲੂ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਉਨ੍ਹਾਂ ਦੇ ਗੁਰੂ ਮਹਾਰਾਜ ਦੀ ਕਿਸੇ ਵੱਲੋਂ ਬੇਅਦਬੀ ਹੋਵੇ। ਉਨ੍ਹਾਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਧਿਆਨਪੁਰ ਧਾਮ ਵਿਖੇ ਪਹੁੰਚ ਕੇ ਸੰਗਤਾਂ ਤੇ ਦੁਕਾਨਦਾਰਾਂ ਨਾਲ ਧਰਨੇ 'ਤੇ ਬੈਠੇ ਅਤੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਪਰੰਤ ਪਤਾ ਚਲਦੇ ਹੋਏ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੰਗਤਾਂ ਨੂੰ ਸ਼ਾਂਤ ਕਰਦਿਆਂ ਬਣਦੀ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਧਰਨਾ ਚੁਕਵਾਇਆ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਹਿੱਤ ਜਦੋਂ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਨਿੰਦਣਯੋਗ ਹੈ ਅਤੇ ਇਸ ਸਬੰਧੀ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਸ਼ਰਧਾਲੂ ਗੁਰਦਿਆਲ ਮਹਾਜਨ ਪੁੱਤਰ ਮੁਨਸ਼ੀ ਰਾਮ ਵਾਸੀ ਧਿਆਨਪੁਰ ਦੇ ਬਿਆਨਾਂ 'ਤੇ ਨੌਜਵਾਨ ਰਜੀਵ ਮਹਾਜਨ ਉਰਫ ਸੋਨੂੰ ਧਿਆਨਪੁਰੀਆ ਵਿਰੁੱਧ ਮੁਕੱਦਮਾ ਦਰਜ ਕਰ ਕੇ ਇਸ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਹੈ।
ਮਜੀਠੀਆ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ, ਚੋਣ ਕਮਿਸ਼ਨ ਸਖਤ
NEXT STORY