ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਲੋਂ ਸਨੌਰ ਪਟਿਆਲਾ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਨਿਹੰਗ ਸਿੰਘਾਂ ਵਲੋਂ ਪੰਜਾਬ ਪੁਲਸ ’ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਗਈ ਹੈ। ਇਸ ਹਮਲੇ ਦੇ ਸਬੰਧ ’ਚ ਉਨ੍ਹਾਂ ਨੇ ਟਵੀਟ ਕਰਕੇ ਕਰਫਿਊ ਦੇ ਸਮੇਂ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਹੋਏ ਇਸ ਤਰ੍ਹਾਂ ਪੁਲਸ ਮੁਲਾਜ਼ਮਾਂ 'ਤੇ ਕਿਰਪਾਨਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੱਖਾਂ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਚਾਹੀਦਾ ਹੈ।

ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਲੋਂ ਪੁਲਸ 'ਤੇ ਕੀਤੇ ਗਏ ਇਸ ਹਮਲੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਸ ਪਾਰਟੀ ’ਤੇ ਹਮਲਾ ਕਰਨ ਵਾਲੇ ਇਨ੍ਹਾਂ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਖਤ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਜਨਤਾ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਮੁਸ਼ਕਲ ਸਮੇਂ ’ਚ ਸਿਵਲ ਅਤੇ ਪੁਲਸ ਦੇ ਨਾਲ ਸਹਿਯੋਗ ਕਰਨ।

ਸੀਨੀਅਰ ਆਗੂ ਬਿਕਰਮ ਮਜੀਠੀਆ ਵਲੋਂ ਟਵੀਟ ਕਰਕੇ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਪੁਲਸ ਮੁਲਾਜ਼ਮਾਂ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਫਾਸਟ ਟਰੈਕ ਅਦਾਲਤ ਸਥਾਪਤ ਕੀਤੀ ਜਾਣੀ ਚਾਹੀਦੀ ਹੈ।
ਦੱਸ ਦੇਈਏ ਕਿ ਪਟਿਆਲਾ ਦੇ ਸਨੌਰ ਰੋਡ 'ਤੇ ਸਥਿਤ ਸਬਜ਼ੀ ਮੰਡੀ 'ਚ ਨਿਹੰਗ ਸਿੰਘਾਂ ਦੀ ਟੋਲੀ ਨੇ ਕਰਫਿਊ ਦੌਰਾਨ ਪੁਲਸ ਪਾਰਟੀ 'ਤੇ ਅੱਜ ਸਵੇਰੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਨਿਹੰਗ ਸਿੰਘਾਂ ਨੇ ਏ. ਐੱਸ. ਆਈ. ਦਾ ਹੱਥ ਵੱਢ ਦਿੱਤਾ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਸਵੇਰੇ ਪਟਿਆਲਾ ਸ਼ਹਿਰ 'ਚ ਲਾਕਡਾਊਨ ਲਈ ਡਿਊਟੀ 'ਤੇ ਤਾਇਨਾਤ ਸਨ। ਸ਼ਹਿਰ ਸ਼ਾਂਤ ਸੀ ਪਰ ਇਸ ਦਰਮਿਆਨ ਇਕ ਗੱਡੀ 'ਚ ਸਵਾਰ ਨਿਹੰਗ ਸਿੰਘਾਂ ਦੀ ਟੋਲੀ ਬੈਰੀਕੇਡਿੰਗ ਕੋਲ ਪੁੱਜੀ। ਪੁਲਸ ਦੇ ਮਨਾ ਕਰਨ ਦੇ ਬਾਵਜੂਦ ਨਿਹੰਗ ਸਿੰਘ ਸਬਜ਼ੀ ਮੰਡੀ 'ਚ ਦਾਖਲ ਹੋ ਗਏ। ਕਰਫਿਊ ਪਾਸ ਨਾ ਹੋਣ ਕਾਰਨ ਜਦੋਂ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਪੁਲਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਜਿੱਥੇ ਨਿਹੰਗ ਸਿੰਘਾਂ ਨੇ ਏ. ਐੱਸ. ਆਈ. ਦਾ ਤਲਵਾਰ ਨਾਲ ਹੱਥ ਵੱਢ ਦਿੱਤਾ, ਉੱਥੇ ਹੀ ਕੁਝ ਪੁਲਸ ਮੁਲਾਜ਼ਮ ਜ਼ਖਮੀ ਵੀ ਹੋ ਗਏ। ਘਟਨਾ ਦਾ ਪਤਾ ਲੱਗਦੇ ਸਾਰ ਡੀ.ਜੀ.ਪੀ ਦਿਨਕਰ ਗੁਪਤਾ ਦੀ ਅਗਵਾਈ ’ਚ ਉਕਤ ਮੁਲਜ਼ਮਾਂ ਨੂੰ ਭਾਰੀ ਮੁਸ਼ਕਤ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਹਥਿਆਰਾਂ ਅਤੇ ਭੁੱਕੀ ਸਣੇ ਕਾਬੂ ਕਰ ਲਿਆ ਗਿਆ।
ਜਲੰਧਰ 'ਚ ਕੋਰੋਨਾ ਦਾ ਕਹਿਰ, 4 ਹੋਰ ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ
NEXT STORY