ਅੱਪਰਾ (ਦੀਪਾ) : ਬੀਤੇ ਇਕ ਹਫਤਾ ਪਹਿਲਾਂ ਕਰੀਬੀ ਪਿੰਡ ਛੋਕਰਾਂ ਤਹਿਸੀਲ ਫਿਲੌਰ ਵਿਖੇ ਅਣਪਛਾਤੇ ਚੋਰ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ ਸਨ। ਚੋਰਾਂ ਨੇ ਚਾਰ ਘਰਾਂ 'ਚ ਕਮਰਿਆਂ ਅੰਦਰ ਸੁੱਤੇ ਪਏ ਪਰਿਵਾਰਿਕ ਮੈਂਬਰਾਂ ਨੂੰ ਚੋਰੀ ਦੀ ਨੀਅਤ ਨਾਲ ਕੁੰਡੇ ਲਾ ਦਿੱਤੇ ਸਨ ਤੇ ਰੌਲਾ ਪੈਣ 'ਤੇ ਫ਼ਰਾਰ ਹੋ ਗਏ ਸਨ। ਉਕਤ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਸ ਅਜੇ ਜਾਂਚ ਹੀ ਕਰ ਰਹੀ ਸੀ ਕਿ ਬੀਤੀ ਰਾਤ ਅਣਪਛਾਤੇ ਚੋਰ ਪਿੰਡ ਛੋਕਰਾਂ ਤੇ ਅੱਪਰਾ 'ਚ ਸਥਿਤ ਦੋ ਘਰਾਂ 'ਚ ਟੂਟੀਆਂ ਤੇ ਸਾਈਕਲ ਚੋਰੀ ਕਰ ਕੇ ਲੈ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਬਾਥਰੂਮ 'ਚ ਲੱਗੀਆਂ ਟੂਟੀਆਂ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੁਆਰਾ ਰੌਲਾ ਪਾਉਣ 'ਤੇ ਚੋਰ ਫ਼ਰਾਰ ਹੋ ਗਏ। ਇਸੇ ਤਰ੍ਹਾਂ ਚਰਨਜੀਤ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਦਾ ਸਾਈਕਲ ਚੋਰੀ ਕਰ ਕੇ ਲੈ ਗਏ। ਅੱਪਰਾ ਪੁਲਸ ਲਗਭਗ ਇਕ ਹਫਤਾ ਪਹਿਲਾਂ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਲਈ ਕੋਈ ਵੀ ਸੁਰਾਗ ਨਹੀਂ ਲੱਭ ਸਕੀ, ਜਦਕਿ ਸ਼ਾਤਿਰ ਅਣਪਛਾਤੇ ਚੋਰਾਂ ਨੇ ਦੋ ਹੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ। ਇਸ ਸਬੰਧੀ ਸੰਪਰਕ ਕਰਨ 'ਤੇ ਸਬ-ਇੰਸਪੈਕਟਰ ਜਤਿੰਦਰ ਕੁਮਾਰ ਚੌਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਪੁਲਸ ਅਪਰਾਧਿਕ ਪਿਛੋਕੜ ਵਾਲਿਆਂ 'ਤੇ ਪੈਨੀ ਨਜ਼ਰ ਰੱਖ ਰਹੀ ਹੈ। ਜਲਦ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਮੋਗਾ 'ਚ ਅੱਜ ਤੋਂ ਖੁੱਲ੍ਹੇਗਾ 'ਪਾਸਪੋਰਟ ਦਫਤਰ'
NEXT STORY