ਗੁਰਾਇਆ (ਮੁਨੀਸ਼ ਬਾਵਾ)-ਗੁਰਾਇਆ ਪੁਲਸ ਨੇ ਨੈਸ਼ਨਲ ਹਾਈਵੇ ’ਤੇ ਲੋਕਾਂ ਨੂੰ ਲੁੱਟਣ ਵਾਲੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇਕ ਕਾਰ, ਇਕ ਪਿਸਤੌਲ, ਦੋ ਕਾਰਤੂਸਾਂ, ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਗੁਰਾਇਆ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਟਰੱਕ ਡਰਾਈਵਰ ਸੰਜੀਵ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਜਗੌਹਰ ਥਾਣਾ ਕਾਹਨਵਾ ਜ਼ਿਲ੍ਹਾ ਪਠਾਨਕੋਟ ਨੇ 112 ਨੰਬਰ ਕੰਟਰੋਲ ਰੂਮ ’ਤੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਉਹ ਹਿਮਾਚਲ ਤੋਂ ਲੁਧਿਆਣਾ ਲੀਚੀ ਦਾ ਭਰਿਆ ਟਰੱਕ ਖਾਲੀ ਕਰਨ ਜਾ ਰਹੇ ਸਨ ਤਾਂ ਰਾਤ 2 ਵਜੇ ਦੇ ਕਰੀਬ ਗੁਰਾਇਆ ਦੇ ਪਿੰਡ ਮਨਸੂਰਪੁਰ ਨੇੜੇ ਹਾਈਵੇਅ ’ਤੇ ਇਕ ਸਫੈਦ ਰੰਗ ਦੀ ਈਟੀਓਸ ਕਾਰ ’ਚ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਦੇ ਟਰੱਕ ਅੱਗੇ ਕਾਰ ਖੜ੍ਹੀ ਕਰ ਕੇ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਉਸ ਕੋਲੋਂ 16000 ਰੁਪਏ ਨਕਦੀ, ਮੋਬਾਇਲ ਅਤੇ ਉਸ ਦੇ ਸਾਥੀ ਕੋਲੋਂ 2000 ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਟਰੱਕ ਡਰਾਈਵਰ ਸੰਜੀਵ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਾਇਆ ਪੁਲਸ ਨੇ ਲੁੱਟ-ਖੋਹ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ASI ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਦਰਦਨਾਕ ਮੌਤ
ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਗੁਰਾਇਆ ਦੇ ਪਿੰਡ ਧੁਲੇਤਾ ਦੇ ਨਹਿਰੀ ਪੁਲ ਨੇੜੇ ਇਕ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚ ਅਮਨਦੀਪ ਉਰਫ਼ ਅਮਨਾ ਪੁੱਤਰ ਸੱਤਪਾਲ ਵਾਸੀ ਮਹਿਰਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਾਜਪ੍ਰੀਤ ਉਰਫ਼ ਸੂਰਜ ਪੁੱਤਰ ਦਿਲਬਾਗ ਸਿੰਘ ਵਾਸੀ ਬੇਗੋਵਾਲ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਤਨਾਮ ਉਰਫ਼ ਸੱਤੀ ਪੁੱਤਰ ਸ਼ਿੰਦਰਪਾਲ ਵਾਸੀ ਪਿੰਡ ਮਹਿਰਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਹਨ, ਜਿਨ੍ਹਾਂ ਕੋਲੋਂ ਪੁਲਸ ਨੇ ਇਕ ਈਟੀਓਸ ਕਾਰ, ਇਕ ਪਿਸਤੌਲ 32 ਬੋਰ, ਦੋ ਜ਼ਿੰਦਾ ਕਾਰਤੂਸ, ਦੋ ਦਾਤਰ ਬਰਾਮਦ ਕੀਤੇ ਹਨ। ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨੌਜਵਾਨ ਨੇ ਖ਼ੁਦ ਨੂੰ ਦੱਸਿਆ ਹਰਿਆਣਾ ਦਾ ਬਦਮਾਸ਼
ਅਮਨਦੀਪ ਨੇ ਆਪਣੀ ਕਾਰ ਲਾਈ ਸੀ ਟੈਕਸੀ ਦੇ ਕੰਮ ’ਤੇ ਅਤੇ ਖੁਦ ਕਰਦਾ ਸੀ ਡਰਾਈਵਰੀ
ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਮਨਦੀਪ ਉਰਫ਼ ਅਮਨਾ ਨੇ ਆਪਣੀ ਕਾਰ ਟੈਕਸੀ ਦੇ ਕੰਮ ’ਚ ਲਾਈ ਸੀ, ਜੋ ਖੁਦ ਡਰਾਈਵਰੀ ਕਰਦਾ ਸੀ, ਜੋ ਦਿਨ ਵੇਲੇ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਰੇਕੀ ਕਰਦਾ ਸੀ। ਰਾਤ ਸਮੇਂ ਉਹ ਆਪਣੇ ਸਾਥੀਆਂ ਨਾਲ ਆਪਣੀ ਗੱਡੀ ਦੀ ਨੰਬਰ ਪਲੇਟ ਬਦਲ ਕੇ ਉਸੇ ਕਾਰ ਵਿਚ ਆਪਣਾ ਇਲਾਕਾ ਛੱਡ ਕੇ ਹੋਰ ਇਲਾਕਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਸ ਨੇ ਕਿਸ਼ਨਪੁਰ ਤੋਂ ਟਰੱਕ ਦਾ ਪਿੱਛਾ ਕੀਤਾ ਸੀ ਤੇ ਗੁਰਾਇਆ ਇਲਾਕੇ ’ਚ ਆ ਕੇ ਟਰੱਕ ਨੂੰ ਰੋਕ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਟਰੱਕ ਚਾਲਕ ਨੂੰ ਲੁੱਟਣ ਤੋਂ ਬਾਅਦ ਉਸ ਨੇ ਅੱਗੇ ਜਾ ਕੇ ਉਸੇ ਰਾਤ ਫਿਲੌਰ ’ਚ ਇਕ ਕਾਰ ਅਤੇ ਟੈਂਪੂ ਨੂੰ ਲੁੱਟ ਲਿਆ ਸੀ, ਜਦਕਿ ਇਸ ਤੋਂ ਪਹਿਲਾਂ ਵੀ ਉਸ ਨੇ ਫਿਲੌਰ ਦੇ ਪਿੰਡ ਨਗਰ ’ਚ ਕਾਰ ਸਵਾਰਾਂ ਕੋਲੋਂ ਲੁੱਟ ਕੀਤੀ ਸੀ।
ਗਿਰੋਹ ਦੇ ਮੁੱਖ ਸਰਗਣਾ ਅਮਨਦੀਪ ’ਤੇ ਪਹਿਲਾਂ ਵੀ ਨੇ 5 ਮਾਮਲੇ ਦਰਜ
10ਵੀਂ ਜਮਾਤ ਪਾਸ ਅਮਨਦੀਪ ਉਰਫ ਅਮਨਾ ਇਸ ਗਿਰੋਹ ਦਾ ਮੁੱਖ ਸਰਗਣਾ ਹੈ, ਜੋ ਡਰਾਈਵਰੀ ਕਰਦਾ ਹੈ, ਜੋ ਵਿਆਹਿਆ ਹੈ ਤੇ ਉਸ ਦੇ 3 ਬੱਚੇ ਹਨ। ਅਮਨਦੀਪ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ, ਜਿਸ ਉੱਤੇ ਪਹਿਲਾਂ ਵੀ ਗੁਰਾਇਆ, ਫਿਲੌਰ, ਸ਼ਹੀਦ ਭਗਤ ਸਿੰਘ ਨਗਰ ’ਚ ਨਸ਼ੇ, ਲੁੱਟ ਤੇ ਅਸਲੇ ਦੇ 5 ਮਾਮਲੇ ਦਰਜ ਹਨ, ਜਦਕਿ ਉਸ ਦੇ ਸਾਥੀ ਰਾਜਪ੍ਰੀਤ ਉਰਫ ਸੂਰਜ ’ਤੇ ਦੋ ਮਾਮਲੇ ਦਰਜ ਹਨ, ਜਿਨ੍ਹਾਂ ’ਚ ਇਕ ਜਬਰ ਜ਼ਿਨਾਹ ਦਾ ਅਤੇ ਦੂਜਾ ਲੜਾਈ-ਝਗੜੇ ਦਾ ਮਾਮਲਾ ਦਰਜ ਹੈ, ਜੋ ਜਮਾਨਤ ’ਤੇ ਜੇਲ੍ਹ ’ਚੋਂ ਆਏ ਹੋਏ ਹਨ, ਜਦਕਿ ਇਨ੍ਹਾਂ ਦਾ ਤੀਜਾ ਸਾਥੀ ਸਤਨਾਮ, ਜਿਸ ਉੱਤੇ ਇਹ ਪਹਿਲਾ ਹੀ ਮਾਮਲਾ ਦਰਜ ਹੋਇਆ ਹੈ, ਇਹ ਸਾਰੇ ਹੀ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
‘ਲੁੱਟੀ ਹੋਈ ਰਕਮ ਨਾਲ ਖਰੀਦਣਾ ਸੀ ਹੋਰ ਅਸਲਾ ਅਤੇ ਲੁੱਟਣੇ ਸਨ ਬੈਂਕ, ਮਨੀ ਚੇਂਜਰ’
ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਲੁੱਟ ਦੇ ਪੈਸਿਆਂ ਨਾਲ ਇਨ੍ਹਾਂ ਨੇ ਹੋਰ ਅਸਲਾ ਮੰਗਵਾਉਣਾ ਸੀ, ਜਿਨ੍ਹਾਂ ਵੱਲੋਂ ਅਗਲਾ ਟਾਰਗੈੱਟ ਬੈਂਕ, ਮਨੀ ਚੇਂਜਰ ਦੀਆਂ ਦੁਕਾਨਾਂ ਸੀ, ਜਿਥੇ ਇਨ੍ਹਾਂ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਪਰ ਇਹ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਗਏ।
ਮੁਲਜ਼ਮ ਅਮਨਦੀਪ ਨੇ ਨਾਜਾਇਜ਼ ਅਸਲਾ ਮੱਧ ਪ੍ਰਦੇਸ਼ ਤੋਂ ਆਨਲਾਈਨ ਖਰੀਦਿਆ ਸੀ
ਪੁਲਸ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੋਲੋਂ ਬਰਾਮਦ ਹੋਇਆ 32 ਬੋਰ ਦਾ ਪਿਸਤੌਲ ਅਮਨਦੀਪ ਨੇ ਤਕਰੀਬਨ 6 ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਤੋਂ ਆਨਲਾਈਨ ਖਰੀਦਿਆ ਸੀ, ਜਿਸ ਦੀ ਉਸ ਨੇ ਹੋਮ ਡਲਿਵਰੀ ਕਰਵਾਈ ਸੀ ਅਤੇ ਹੁਣ ਲੁੱਟ ਦੇ ਪੈਸਿਆਂ ਨਾਲ ਹੋਰ ਹਥਿਆਰ ਆਨਲਾਈਨ ਮੰਗਵਾਉਣੇ ਸਨ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।
ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਵੀ ਆਪਣੇ ਇਕ ਮੇਲੇ ਦੌਰਾਨ 2 ਦਿਨ ਪਹਿਲਾਂ ਗੁਰਾਇਆ ਹਾਈਵੇਅ ’ਤੇ ਉਸ ਨਾਲ ਲੁੱਟ ਦੀ ਕੋਸ਼ਿਸ਼ ਦੀ ਘਟਨਾ ਦਾ ਜ਼ਿਕਰ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 2 ਦਿਨ ਪਹਿਲਾਂ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੇ ਇਕ ਮੇਲੇ ਦੌਰਾਨ ਸਟੇਜ ’ਤੇ ਇਸ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਉਹ ਰਾਤ ਨੂੰ ਇਕੱਲਾ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਫਗਵਾੜਾ ਅਤੇ ਗੁਰਾਇਆ ਦੇ ਵਿਚਕਾਰ ਪਹੁੰਚਿਆ ਤਾਂ ਗੁਰਾਇਆ ਨੇੜੇ ਨੈਸ਼ਨਲ ਹਾਈਵੇ ’ਤੇ ਕੁਝ ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਰੋਕ ਲਿਆ ਅਤੇ ਉਸ ਦੀ ਕਾਰ ’ਚ ਬੈਠ ਗਏ। ਕੰਵਰ ਨੇ ਅੱਗੇ ਦੱਸਿਆ ਕਿ ਗੱਡੀ ’ਚ ਬੈਠ ਕੇ ਨੌਜਵਾਨਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੱਡੀ ’ਚ ਕੌਣ ਹੈ, ਉਨ੍ਹਾਂ ਨੇ ਬਾਅਦ ’ਚ ਪਛਾਣ ਲਿਆ ਕਿ ਗੱਡੀ ’ਚ ਕੰਵਰ ਗਰੇਵਾਲ ਹੈ ਤੇ ਉਨ੍ਹਾਂ ਨੇ ਗੱਡੀ ਰੋਕਣ ਲਈ ਕਿਹਾ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਲੁੱਟ-ਖੋਹ ਕਰਨ ਲਈ ਗੱਡੀ ਵਿਚ ਬੈਠੇ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੰਵਰ ਗਰੇਵਾਲ ਗੱਡੀ ਵਿਚ ਸੀ। ਕੰਵਰ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ 500 ਰੁਪਏ ਦਿੱਤੇ ਤੇ ਉਹ ਚਲੇ ਗਏ। ਐੱਸ. ਐੱਚ. ਓ. ਗੁਰਾਇਆ ਸੁਰਿੰਦਰ ਕੁਮਾਰ ਹੁਣ ਗਾਇਕ ਕੰਵਰ ਗਰੇਵਾਲ ਨਾਲ ਸੰਪਰਕ ਕਰਕੇ ਇਨ੍ਹਾਂ ਲੁਟੇਰਿਆਂ ਦੀ ਪਛਾਣ ਕਰਵਾ ਰਹੇ ਹਨ ਅਤੇ ਹੋ ਸਕਦਾ ਹੈ ਕਿ ਇਹ ਲੁਟੇਰਿਆਂ ਦਾ ਉਹੀ ਗਿਰੋਹ ਹੋਵੇ, ਜਿਸ ਨੇ ਕੰਵਰ ਗਰੇਵਾਲ ਦੀ ਕਾਰ ਨੂੰ ਰੋਕਿਆ ਸੀ ਅਤੇ ਉਨ੍ਹਾਂ ਦੀ ਕਾਰ ਵਿੱਚ ਬੈਠੇ ਸਨ।
ਸਤਲੁਜ ਦਰਿਆ ਰਾਹੀਂ ਪਾਕਿਸਤਾਨ ਵੱਲੋਂ ਆਈਆਂ ਬੋਤਲਾਂ BSF ਵੱਲੋਂ ਬਰਾਮਦ, ਖੋਲ੍ਹਣ ’ਤੇ ਉੱਡੇ ਹੋਸ਼
NEXT STORY