ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਬਮਿਆਲ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਜੰਮੂ ਕਸ਼ਮੀਰ ਦੇ ਹੀਰਾਨਗਰ ਵਿੱਚ ਪਿਛਲੇ 2-3 ਦਿਨ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਆਏ ਚਾਰ ਤੋਂ ਪੰਜ ਅੱਤਵਾਦੀਆਂ ਦੇ ਨਾਲ ਪੁਲਸ ਵੱਲੋਂ ਐਨਕਾਊਂਟਰ ਚੱਲ ਰਿਹਾ। ਪਰ ਹਾਲੇ ਤੱਕ ਅੱਤਵਾਦੀਆਂ ਨੂੰ ਮਾਰੇ ਜਾਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਕਿ ਤਿੰਨ ਦਿਨ ਤੋਂ ਚੱਲ ਰਹੇ ਐਨਕਾਊਂਟਰ ਦੌਰਾਨ ਪੁਲਸ ਵੱਲੋਂ ਲਗਾਤਾਰ ਉਸ ਖੇਤਰ ਦੇ ਵਿੱਚ ਵੱਡਾ ਤਲਾਸ਼ੀ ਅਭਿਆਨ ਚਲਾਈਆ ਜਾ ਰਿਹਾ ਹੈ ਅਤੇ ਭਾਰਤੀ ਸੈਨਾ ਦੇ ਰਾਹੀਂ ਡਰੋਨ ਦਾ ਉਪਯੋਗ ਕਰ ਕੇ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਅੱਜ ਮੰਗਲਵਾਰ ਸਵੇਰੇ ਤੜਕੇ ਹੀ ਪੰਜਾਬ ਦੇ ਨਜ਼ਦੀਕੀ ਲੱਗਦੇ ਰਾਵੀ ਦਰਿਆ ਦੇ ਕਿਨਾਰੇ ਜੰਮੂ ਕਸ਼ਮੀਰ ਦੇ ਪੁਲਸ ਸਟੇਸ਼ਨ ਲਖਨਪੁਰ ਦੇ ਅਧੀਨ ਆਉਂਦੇ ਪਿੰਡ ਕੀੜੀ ਗੰਡਿਆਲ, ਜਿਸਦੀ ਹੱਦ ਪਠਾਨਕੋਟ ਦੇ ਥਾਣਾ ਸੁਜਾਨਪੁਰ ਨਾਲ ਵੀ ਲਗਦੀ ਹੈ, ਪੁੱਲ ਦੇ ਨਜ਼ਦੀਕ ਪਿੰਡ ਕੀੜੀ ਦੇ ਰਹਿਣ ਵਾਲੇ ਵੀਡੀਸੀ ਮੈਂਬਰਾਂ ਦੇ ਵੱਲੋਂ ਕੁਝ 5 ਤੋਂ 6 ਸ਼ੱਕੀ ਵਿਅਕਤੀ ਦੇਖਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਵੀਡੀਸੀ ਮੈਂਬਰ ਸੁਰਜੀਤ ਕੁਮਾਰ ,ਰਾਕੇਸ਼ ਕੁਮਾਰ ਅਤੇ ਬ੍ਰਿਜ ਮੋਹਨ ਦਾ ਕਹਿਣਾ ਹੈ ਕਿ ਉਹ ਜੰਮੂ ਕਸ਼ਮੀਰ ਅਤੇ ਪੰਜਾਬ ਦੀ ਸਰਹੱਦ ਤੇ ਪੈਂਦੇ ਪਿੰਡ ਕੀੜੀਆਂ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਵੱਲੋਂ ਸਵੇਰੇ ਤੜਕਸਾਰ ਹੀ ਰਾਵੀ ਦਰਿਆ 'ਚ ਬਣੇ ਪੁੱਲ ਦੇ ਨਜ਼ਦੀਕ ਪੰਜ ਤੋਂ ਛੇ ਸ਼ੱਕੀ ਵਿਅਕਤੀ ਦੇਖੇ ਗਏ ਹਨ। ਚਸ਼ਮਦੀਦਾਂ ਦੇ ਅਨੁਸਾਰ ਉਨ੍ਹਾਂ ਵੱਲੋਂ ਪਿੱਠੂ ਬੈਗ ਪਾਏ ਹੋਏ ਸਨ। ਜਿਹਦੇ ਚੱਲਦੇ ਉਹਨਾਂ ਵੱਲੋਂ ਤੁਰੰਤ ਜੰਮੂ ਕਸ਼ਮੀਰ ਦੀ ਲਖਨਪੁਰ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਵੱਲੋਂ ਉਸ ਖੇਤਰ ਦੇ ਵਿੱਚ ਲਗਾਤਾਰ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਪੁਲਸ ਵੱਲੋਂ ਵੀ ਰਾਵੀ ਦਰਿਆ ਦੇ ਕਿਨਾਰੇ ਪਹੁੰਚ ਕੇ ਇਸ ਵਿਸ਼ੇ 'ਤੇ ਵੱਡੀ ਛਾਣਬੀਨ ਕੀਤੀ ਗਈ ਅਤੇ ਰਾਵੀ ਦਰਿਆ ਦੇ ਕਿਨਾਰੇ ਜਿੰਨੇ ਵੀ ਗੁਜੱਰਾ ਦੇ ਡੇਰੇ ਹਨ, ਉਨਾਂ ਦੀ ਤਲਾਸ਼ੀ ਲਈ ਗਈ।

ਐੱਸਐੱਸਪੀ ਪਠਾਨਕੋਟ ਡੀਐੱਸ ਢਿੱਲੋ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਪੰਜ ਤੋਂ ਛੇ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਸਮਾਚਾਰ ਹੈ। ਜਿਸਦੇ ਚਲਦੇ ਤੁਰੰਤ ਜ਼ਿਲ੍ਹਾ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਅਤੇ ਇਸ ਖੇਤਰ ਦੇ ਵਿੱਚ ਸਵੇਰ ਤੋਂ ਹੀ ਵੱਡਾ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਈ ਘਟਨਾ ਨਾ ਵਾਪਰ ਸਕੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਉਸ ਦੀ ਸੂਚਨਾ ਤੁਰੰਤ ਆਪਣੇ ਨੇੜਲੇ ਪੁਲਸ ਸਟੇਸ਼ਨ ਦਿੱਤੀ ਜਾਵੇ।
ਬਿਮਾਰੀ ਤੋਂ ਪੀੜਤ ਬਜ਼ੁਰਗ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
NEXT STORY