ਚੰਡੀਗੜ੍ਹ ਸੁਸ਼ੀਲ) : ਪੁਲਸ ਵਿਭਾਗ 'ਚ ਇਕ ਹੀ ਜਗ੍ਹਾ ਕਈ ਸਾਲਾਂ ਤੋਂ ਡਿਊਟੀ ਕਰਨ ਵਾਲੇ ਪੁਲਸ ਕਰਮਚਾਰੀਆਂ ਦਾ ਤਬਾਦਲਾ ਕਰਨ ਲਈ ਚੰਡੀਗੜ੍ਹ ਪੁਲਸ ਕਰਮਚਾਰੀਆਂ ਨੇ ਗ੍ਰਹਿ ਸਕੱਤਰ ਨੂੰ ਗੁੰਮਨਾਮ ਪੱਤਰ ਲਿਖਿਆ ਹੈ, ਜਿਸ 'ਚ ਚੰਡੀਗੜ੍ਹ ਪੁਲਸ ਦੇ ਕਰਮਚਾਰੀਆਂ ਨੇ ਕਿਹਾ ਕਿ ਕਈ ਸਾਲਾਂ ਤੋਂ ਇਕ ਹੀ ਯੂਨਿਟ 'ਚ ਡਿਊਟੀ ਕਰਨ ਵਾਲੇ ਪੁਲਸ ਕਰਮਚਾਰੀ ਮੌਜ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੀ ਅਫਸਰਾਂ ਨਾਲ ਸੈਟਿੰਗ ਵੀ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਮਨੋਬਲ ਟੁੱਟਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਾਰੇ ਪੁਲਸ ਕਰਮਚਾਰੀਆਂ ਦੀ ਪੋਸਟਿੰਗ ਦੀ ਜਾਂਚ ਕਿਸੇ ਸੀਨੀਅਰ ਅਧਿਕਾਰੀ ਤੋਂ ਕਰਵਾਈ ਜਾਏ, ਤਾਂ ਜੋ ਸਚਾਈ ਸਾਰਿਆਂ ਨੂੰ ਪਤਾ ਲਗ ਸਕੇ।
ਕਰਮਚਾਰੀ 6 ਸਾਲਾਂ ਤੋਂ ਨਹੀਂ ਆਇਆ ਡਿਊਟੀ 'ਤੇ, ਹਾਜ਼ਰੀ ਲਗ ਰਹੀ
ਚੰਡੀਗੜ੍ਹ ਪੁਲਸ ਕਰਮਚਾਰੀਆਂ ਨੇ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਸੈਕਟਰ-16 ਸਥਿਤ ਪੁਲਸ ਚੌਕੀ 'ਚ ਪੁਲਸ ਕਰਮਚਾਰੀ ਅਜੀਤ ਸਿੰਘ 23 ਸਾਲਾਂ ਤੋਂ ਡਿਊਟੀ ਕਰ ਰਿਹਾ ਹੈ। ਉਸ ਨੂੰ ਚੌਕੀ ਦਾ ਆਰਜ਼ੀ ਇੰਚਾਰਜ ਲਾਇਆ ਗਿਆ ਹੈ। ਚੌਕੀ ਦਾ ਪੱਕਾ ਇੰਚਾਰਜ ਲਾਉਣਾ ਚੰਡੀਗੜ੍ਹ ਪੁਲਸ ਦੀ ਪੀ. ਈ. ਬੀ. ਬ੍ਰਾਂਚ ਤੇ ਉਕਤ ਅਫਸਰ ਭੁੱਲ ਗਏ ਹਨ। ਇਸ ਤੋਂ ਇਲਾਵਾ ਇਕ ਕਰਮਚਾਰੀ ਰਾਜਿੰਦਰ ਕੁਮਾਰ 6 ਸਾਲਾਂ ਤੋਂ ਡਿਊਟੀ 'ਤੇ ਨਹੀਂ ਆਇਆ ਹੈ ਪਰ ਉਸਦੀ ਹਾਜ਼ਰੀ ਰਜਿਸਟਰ 'ਚ ਲਗਦੀ ਹੈ। ਉਸਨੂੰ ਪੂਰੀ ਤਨਖਾਹ ਤੇ ਭੱਤਾ ਵੀ ਮਿਲਦਾ ਰਹਿੰਦਾ ਹੈ। ਅਫਸਰਾਂ ਦੇ ਨਾਲ ਰਾਜਿੰਦਰ ਕੁਮਾਰ ਦੀ ਮਿਲੀਭੁਗਤ ਹੈ ਤੇ ਇਸੇ ਕਾਰਨ ਅਫਸਰ ਉਸ ਤੋਂ ਕੁਝ ਨਹੀਂ ਪੁੱਛਦੇ।
ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਰਾਜਿੰਦਰ ਕਈ ਵਾਰ ਸਵੇਰੇ ਡਿਊਟੀ 'ਤੇ ਆਉਂਦਾ ਹੈ ਪਰ ਬਾਅਦ 'ਚ ਗਾਇਬ ਹੋ ਜਾਂਦਾ ਹੈ। ਰਾਜਿੰਦਰ ਦਾ ਤਬਾਦਲਾ ਕਿਤੇ ਹੋਰ ਹੋ ਜਾਂਦਾ ਹੈ ਤਾਂ ਉਹ ਮਨਮਰਜ਼ੀ ਦੀ ਪੋਸਟਿੰਗ 'ਤੇ ਮੁੜ ਆ ਜਾਂਦਾ ਹੈ।
ਕਈ ਪੱਤਰ ਲਿਖ ਚੁੱਕੇ ਹਨ ਪੁਲਸ ਕਰਮਚਾਰੀ
ਕਈ ਸਾਲਾਂ ਤੋਂ ਇਕ ਹੀ ਜਗ੍ਹਾ ਡਿਊਟੀ ਦੇਣ, ਪੁਲਸ ਕਰਮਚਾਰੀਆਂ 'ਤੇ ਫਰਲੋ ਭੇਜਣ ਦੇ ਨਾਂ 'ਤੇ ਪੈਸੇ ਲੈਣ, ਅਫਸਰਾਂ ਨਾਲ ਮਲਾਈਦਾਰ ਸੀਟਾਂ 'ਤੇ ਬੈਠ ਕੇ ਐਸ਼ ਕਰਨ ਦੇ ਮਾਮਲੇ ਸਬੰਧੀ ਚੰਡੀਗੜ੍ਹ ਪੁਲਸ ਕਰਮਚਾਰੀ ਡੀ. ਜੀ. ਪੀ. ਨੂੰ ਪੱਤਰ ਵੀ ਲਿਖ ਚੁੱਕੇ ਹਨ। ਇਸ ਤੋਂ ਬਾਅਦ ਡੀ. ਜੀ. ਪੀ. ਨੇ ਕਾਰਵਾਈ ਵੀ ਕੀਤੀ ਪਰ ਹੈਰਾਨੀ ਇਹ ਹੈ ਕਿ ਜਦੋਂ ਅਫਸਰਾਂ ਦੇ ਸਟਾਫ 'ਚ ਕਈ ਸਾਲਾਂ ਤੋਂ ਡਿਊਟੀ ਕਰ ਰਹੇ ਜਵਾਨਾਂ 'ਤੇ ਗੱਲ ਆਈ ਤਾਂ ਚੁੱਪ ਧਾਰ ਲਈ ਪਰ ਚੰਡੀਗੜ੍ਹ ਪੁਲਸ ਦੇ ਕਰਮਚਾਰੀ ਵੀ ਚੁੱਪ ਬੈਠਣ ਵਾਲੇ ਨਹੀਂ ਹਨ। ਉਨ੍ਹਾਂ ਹੁਣ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ : ਲਿਫਾਫੇ 'ਚੋਂ ਮਿਲਿਆ ਭਰੂਣ, ਕੁੱਤਿਆਂ ਨੇ ਨੋਚ-ਨੋਚ ਖਾਧਾ
NEXT STORY