ਲੁਧਿਆਣਾ (ਰਿਸ਼ੀ)-ਪੁਲਸ ਅਫਸਰ ਤੋਂ ਪੈਟਰੋਲ ਪੰਪ ਮਾਲਕ ਬਣੇ ਪੰਜਾਬ ਪੁਲਸ ਦੇ ਏ. ਸੀ. ਪੀ. 'ਤੇ ਵਿਭਾਗ ਦੀ ਗਾਜ ਕਦੇ ਵੀ ਡਿੱਗ ਸਕਦੀ ਹੈ। ਚੰਡੀਗੜ੍ਹ ਵਿਜੀਲੈਂਸ ਵੱਲੋਂ ਇਨਕੁਆਰੀ ਦਰਜ ਕਰਨ ਦਾ ਪਤਾ ਲਗਦੇ ਹੀ ਮਦਦ ਲਈ ਅੱਗੇ ਆਏ ਬੁਕੀਜ਼ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਬਚਾਉਣ ਲਈ ਨੇਤਾਵਾਂ ਦੀ ਸ਼ਰਨ 'ਚ ਪਹੁੰਚੇ। ਹੁਣ ਦੇਖਣਾ ਇਹ ਹੈ ਕਿ ਵਿਜੀਲੈਂਸ ਵਿਭਾਗ ਉਸ ਨੂੰ ਦਬੋਚਣ 'ਚ ਕਾਮਯਾਬ ਹੁੰਦਾ ਹੈ ਜਾਂ ਫਿਰ ਉਹ ਪੈਸੇ ਦੇ ਦਮ 'ਤੇ ਬਚ ਨਿਕਲਦਾ ਹੈ। 'ਜਗ ਬਾਣੀ' 'ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈ ਖ਼ਬਰ ਤੋਂ ਬਾਅਦ ਚੰਡੀਗੜ੍ਹ 'ਚ 2017 'ਚ ਵਿਜੀਲੈਂਸ ਇਨਕੁਆਰੀ ਦਰਜ ਕੀਤੀ ਗਈ ਸੀ। ਇਨਕੁਆਰੀ ਤੋਂ ਬਾਅਦ ਵਿਜੀਲੈਂਸ ਦੇ ਏ. ਆਈ. ਜੀ. ਰੈਂਕ ਦੇ ਅਧਿਕਾਰੀ ਨੇ ਜਾਂਚ ਕਰ ਕੇ ਆਪਣੀ ਰਿਪੋਰਟ ਬਣਾ ਕੇ ਡਾਇਰੈਕਟਰ ਵਿਜੀਲੈਂਸ ਦੇ ਕੋਲ ਭੇਜ ਦਿੱਤੀ ਹੈ। ਵਿਜੀਲੈਂਸ ਦੇ ਹੱਥੇ ਚੜ੍ਹਿਆ ਉਕਤ ਏ. ਸੀ. ਪੀ. ਇਕ ਪੈਟਰੋਲ ਪੰਪ ਦਾ ਮਲਿਕ ਹੋਣ ਦੇ ਨਾਲ-ਨਾਲ ਕਈ ਫਰਮ ਹਾਊਸ ਅਤੇ ਮਹਿੰਗੀਆਂ ਗੱਡੀਆਂ ਦਾ ਮਾਲਕ ਹੈ। ਸਾਲ 2001 ਵਿਚ ਪਹਿਲੀ ਵਾਰ ਲੁਧਿਆਣਾ ਪੋਸਟਿੰਗ ਹੋਣ 'ਤੇ ਉਹ ਸਰਕਾਰੀ ਕਵਾਟਰ 'ਚ ਪਰਿਵਾਰ ਸਮੇਤ ਰਹਿ ਰਿਹਾ ਸੀ।
ਵਿਜੀਲੈਂਸ ਵਿਭਾਗ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇੰਨੇ ਘੱਟ ਸਮੇਂ 'ਚ ਏ. ਸੀ. ਪੀ. ਵੱਲੋਂ ਇੰਨਾ ਪੈਸਾ ਕਿਵੇਂ ਇਕੱਠਾ ਕਰ ਲਿਆ ਗਿਆ।
ਸੂਤਰਾਂ ਦੀ ਮੰਨੀਏ ਤਾਂ ਏ. ਸੀ. ਪੀ. ਕਈ ਬੁਕੀਜ਼ ਦਾ ਮਸੀਹਾ ਹੈ, ਜੋ ਇਸੇ ਦੇ ਸਿਰ 'ਤੇ ਨਾਜਾਇਜ਼ ਕਾਰੋਬਾਰ ਦਾ ਖੇਲ ਖੇਡਦੇ ਆਏ ਹਨ ਅਤੇ ਪੁਲਸ ਰੇਡ ਨਾ ਹੋਣ ਦੇ ਵਿਸ਼ਵਾਸ 'ਤੇ ਉਕਤ ਏ. ਸੀ. ਪੀ. ਨੂੰ ਮੋਟਾ ਪੈਸਾ ਦਿੰਦੇ ਰਹੇ ਹਨ। ਉੁਨ੍ਹਾਂ ਨੇ ਆਪਣੀ ਨਾਜਾਇਜ਼ ਕਮਾਈ ਨਾਲ ਇਸਨੂੰ ਰਾਤੋ ਰਾਤ ਅਮੀਰ ਬਣਾ ਦਿੱਤਾ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਾਰੇ ਬੁਕੀਜ਼ ਦੀ ਲਿਸਟ ਇਕੱਠੀ ਕਰ ਲਈ ਹੈ ਅਤੇ ਉਨ੍ਹਾਂ 'ਤੇ ਨਕੇਲ ਕੱਸੀ ਜਾ ਸਕਦੀ ਹੈ।
ਫਿਰੋਜ਼ਪੁਰ ਰੋਡ 'ਤੇ ਰੇਡ ਨੇ ਤੋੜੀ ਏ. ਸੀ. ਪੀ. ਦੀ ਕਮਰ
ਫਿਰੋਜ਼ਪੁਰ ਰੋਡ 'ਤੇ ਇਕ ਪ੍ਰਮੁੱਖ ਹੋਟਲ 'ਚ ਰੇਡ ਹੋਣ 'ਤੇ ਏ. ਸੀ. ਪੀ. ਦੀ ਜਿਵੇਂ ਕਮਰ ਟੁੱਟ ਗਈ ਹੈ, ਕਿਉਂਕਿ ਰੇਡ 'ਚ ਕਈ ਇਸ ਤਰ੍ਹਾਂ ਦੇ ਲੋਕ ਨਾਮਜ਼ਦ ਹਨ, ਜਿਨ੍ਹਾਂ ਦੀ ਮਦਦ ਏ. ਸੀ. ਪੀ. ਖੁਦ ਕਰਦਾ ਸੀ ਪਰ ਇਸ ਵਾਰ ਉਨ੍ਹਾਂ ਨੂੰ ਬਚਾ ਨਹੀਂ ਸਕਿਆ। ਉਨ੍ਹਾਂ ਨੇ ਪਹਿਲਾਂ ਏ. ਸੀ. ਪੀ. ਨੂੰ ਸ਼ਹਿਰ ਵਾਪਸ ਲਿਆਉਣ ਦਾ ਮਨ ਬਣਾਇਆ ਸੀ ਪਰ ਹੁਣ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ।
ਪਤਨੀ ਦੇ ਨਾਂ ਪੈਟਰੋਲ ਪੰਪ
ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਉਕਤ ਏ. ਸੀ. ਪੀ. ਨੇ ਪੈਟਰੋਲ ਪੰਪ ਆਪਣੀ ਪਤਨੀ ਦੇ ਨਾਂ ਕੀਤਾ ਹੋਇਆ ਹੈ ਅਤੇ ਪੁਲਸ ਤੋਂ ਬਚਣ ਲਈ ਪਤਨੀ ਦੇ ਨਾਂ ਦੇ ਅੱਗੇ ਪਤੀ ਦੀ ਜਗ੍ਹਾ ਪਿਤਾ ਦਾ ਨਾਂ ਲਿਖਵਾਇਆ ਹੋਇਆ ਹੈ। ਇੰਨਾ ਹੀ ਨਹੀਂ ਪੁਲਸ ਨੇ ਉਸ ਦੀ ਸਾਰੀ ਪ੍ਰਾਪਰਟੀ ਡਿਟੇਲ ਵੀ ਇਕੱਠੀ ਕਰ ਲਈ ਹੈ।
ਸੂਤਰਾਂ ਅਨੁਸਾਰ ਉਕਤ ਏ. ਸੀ. ਪੀ. ਜਿਸ ਘਰ 'ਚ ਰਹਿ ਰਿਹਾ ਹੈ, ਉਸ ਦੇ ਆਸੇ-ਪਾਸੇ ਦੀ ਜਗ੍ਹਾ ਇੰਪਰੂਵਮੈਂਟ ਟਰੱਸਟ ਦੀ ਹੈ। ਜਿਥੇ ਏ. ਸੀ. ਪੀ. ਨੇ ਆਪਣੀ ਉੱਚੀ ਪਹੁੰਚ ਕਾਰਨ ਕਬਜ਼ਾ ਕੀਤਾ ਹੋਇਆ ਹੈ। ਟਰੱਸਟ ਵੱਲੋਂ ਉਸ ਨੂੰ ਨੋਟਿਸ ਦਿੱਤਾ ਗਿਆ ਹੈ।
ਏ. ਸੀ. ਪੀ. ਦੀ ਸਲਾਹ 'ਤੇ ਬਣਾਇਆ ਬੈਟ ਫੇਅਰ ਸਾਫਟਵੇਅਰ
ਬੁਕੀਜ਼ ਵੱਲੋਂ ਇਕ ਸਪੈਸ਼ਲ ਸਾਫਟਵੇਅਰ ਤਿਆਰ ਕੀਤਾ ਗਿਆ, ਜਿਸ ਦਾ ਨਾਂ ਸੀ. ਬੀ. ਐੱਮ. ਰੱਖਿਆ ਗਿਆ ਹੈ। ਇਸ ਦਾ 6 ਮਹੀਨੇ ਦਾ ਕਿਰਾਇਆ 10 ਹਜ਼ਾਰ ਰੁਪਏ ਰੱਖਿਆ ਗਿਆ ਹੈ। ਇਸ ਸਾਫਟਵੇਅਰ ਨੂੰ ਮੋਬਾਇਲ 'ਚ ਡਾਊਨਲੋਡ ਕਰਨ ਦੇ ਬਾਅਦ ਇਕ ਪਾਸਵਰਡ ਦਿੱਤਾ ਜਾਂਦਾ ਹੈ, ਜਿਸ ਦੇ ਬਾਅਦ ਮੋਬਾਇਲ 'ਤੇ ਸਾਰੇ ਮੈਚਾਂ ਦੇ ਰੇਟ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਪੁਲਸ ਤੋਂ ਬਚਣ ਲਈ ਕੀਤਾ ਗਿਆ ਹੈ, ਕਿਉਂਕਿ ਪਹਿਲਾਂ ਰੇਟ ਲੈਣ ਲਈ ਇਕ-ਦੂਜੇ ਨੂੰ ਫੋਨ ਕਰਨਾ ਪੈਂਦਾ ਸੀ ਅਤੇ ਕਾਲ ਰਿਕਾਡਿੰਗ ਹੋ ਜਾਂਦੀ ਹੈ। ਹੁਣ ਬੁਕੀਜ਼ ਨੇ ਇਸ ਦਾ ਹੱਲ ਲੱਭ ਲਿਆ ਹੈ। ਇਸ ਗੱਲ ਦੀ ਵੀ ਚਰਚਾ ਹੈ ਕਿ ਉਕਤ ਸਾਫਟਵੇਅਰ ਨੂੰ ਇਸਤੇਮਾਲ ਕਰਨ ਦੀ ਸਲਾਹ ਦੇਣ 'ਚ ਏ. ਸੀ. ਪੀ. ਦਾ ਬਹੁਤ ਵੱਡਾ ਹੱਥ ਹੈ।
3 ਵਾਰ ਸਸਪੈਂਡ ਹੋਣ 'ਤੇ ਏ. ਸੀ. ਪੀ. ਬਣਨ ਦੀ ਵੀ ਜਾਂਚ
ਵਿਜੀਲੈਂਸ ਸੂਤਰਾਂ ਅਨੁਸਾਰ ਉਕਤ ਅਧਿਕਾਰੀ ਦੇ ਏ. ਸੀ. ਪੀ. ਬਣਨ ਦੀ ਵੀ ਜਾਂਚ ਕੀਤੀ ਗਈ ਹੈ। ਉਸ ਨੂੰ 3 ਵਾਰ ਪੁਲਸ ਵਿਭਾਗ ਵਲੋਂ ਸਸਪੈਂਡ ਕੀਤਾ ਜਾ ਚੁੱਕਾ ਹੈ। ਇਕ ਵਾਰ ਥਾਣੇ ਦਾ ਉਹ ਐੱਸ. ਐੱਚ. ਓ. ਸੀ, ਉਥੇ ਉਸ ਦੇ ਖਿਲਾਫ ਕੁਰੱਪਸ਼ਨ ਦਾ ਕੇਸ ਦਰਜ ਹੋ ਚੁੱਕਿਆ ਹੈ। ਇਸ ਤਰ੍ਹਾਂ ਦੇ ਅਧਿਕਾਰੀ ਨੂੰ ਤਰੱਕੀ ਮਿਲਣ ਦੀ ਵਿਜੀਲੈਂਸ ਵਿਭਾਗ ਨੇ ਗੰਭੀਰਤਾ ਨਾਲ ਜਾਂਚ ਕੀਤੀ ਹੈ।
ਵਿਜੀਲੈਂਸ ਵਿਭਾਗ ਵੱਲੋਂ ਜੋ ਇਨਕੁਆਰੀ ਦਰਜ ਕੀਤੀ ਗਈ ਸੀ, ਉਸ ਦੀ ਜਾਂਚ ਕਰ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਜਾਂਚ ਰਿਪੋਰਟ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ।
-ਅਸ਼ੀਸ਼ ਕਪੂਰ, ਏ. ਆਈ. ਜੀ. ਵਿਜੀਲੈਂਸ ਵਿਭਾਗ, ਚੰਡੀਗੜ੍ਹ
ਸੈਕਟਰ-70 'ਚ ਖੁੱਲ੍ਹੀ ਪੁਲਸ ਸੁਰੱਖਿਆ ਦੀ ਪੋਲ , ਚੋਰਾਂ ਦੇ ਹੌਸਲੇ ਬੁਲੰਦ, ਤੀਜੀ ਵਾਰਦਾਤ ਨੂੰ ਦਿੱਤਾ ਅੰਜਾਮ
NEXT STORY