ਜਲਾਲਾਬਾਦ(ਮਿੱਕੀ)—ਚੋਰੀ ਸਬੰਧੀ ਰਿਪੋਰਟ ਦਰਜ ਕਰਵਾਉਣ ਲਈ ਵਾਰ-ਵਾਰ ਥਾਣੇ ਦੇ ਚੱਕਰ ਕੱਟ ਰਹੇ ਵਿਅਕਤੀ ਨੇ ਰਿਪੋਰਟ ਦਰਜ ਨਾ ਹੋਣ ਤੋਂ ਦੁੱਖੀ ਹੋ ਕੇ ਆਪਣੀ ਪ੍ਰੇਸ਼ਾਨੀ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਦੱਸੀ। ਪੀੜਤ ਵਿਅਕਤੀ ਅਸ਼ੋਕ ਕੁਮਾਰ ਪੁੱਤਰ ਕਾਲੂ ਰਾਮ ਵਾਸੀ ਬਾਗ ਕਾਲੋਨੀ ਜਲਾਲਾਬਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ 4 ਦਿਨ ਪਹਿਲਾਂ ਉਸ ਦਾ ਮੋਟਰਸਾਈਕਲ ਉਸ ਦੇ ਘਰ ਦੇ ਬਾਹਰੋਂ ਚੋਰੀ ਹੋ ਗਿਆ ਸੀ ਤੇ ਉਕਤ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਲਈ ਉਹ ਪਿਛਲੇ ਚਾਰ ਦਿਨ ਤੋਂ ਥਾਣਾ ਸਿਟੀ ਜਲਾਲਾਬਾਦ ਦੇ ਚੱਕਰ ਕੱਟ ਰਿਹਾ ਹੈ ਪਰ ਪੁਲਸ ਦੁਆਰਾ ਉਸ ਦੀ ਰਿਪੋਰਟ ਦਰਜ ਕਰਨ ਦੀ ਬਜਾਏ ਉਸ ਨਾਲ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਤੇ ਉਹ ਥਾਣੇ ਦੇ ਗੇੜੇ ਮਾਰ-ਮਾਰ ਕੇ ਥੱਕ ਚੁੱਕਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਰੋਸ ਪ੍ਰਗਟਾਉਂਦਿਆਂ ਪੀੜਤ ਵਿਅਕਤੀ ਅਸ਼ੋਕ ਕੁਮਾਰ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਥਾਣਿਆਂ ਵਿਚ ਆਮ ਜਨਤਾ ਨੂੰ ਪੂਰਾ ਮਾਣ-ਸਨਮਾਨ ਦੇਣ ਅਤੇ ਖੱਜਲ-ਖੁਆਰੀ ਰਹਿਤ ਰੱਖਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਤੇ ਦੂਜੇ ਪਾਸੇ ਚੋਰੀ ਸਬੰਧੀ ਰਿਪੋਰਟ ਦਰਜ ਕਰਵਾਉਣ ਲਈ ਉਸ ਨੂੰ ਆਪਣੀ ਜੁੱਤੀ ਘਸਾਉਣੀ ਪੈ ਰਹੀ ਹੈ। ਇਸ ਲਈ ਉਸ ਦੀ ਵਿਭਾਗੀ ਉਚਅਧਿਕਾਰੀਆਂ ਤੋਂ ਮੰਗ ਹੈ ਕਿ ਉਕਤ ਚੋਰੀ ਸਬੰਧੀ ਰਿਪੋਰਟ ਦਰਜ ਕੀਤੀ ਜਾਵੇ ਤਾਂ ਜੋ ਉਹ ਨਿੱਤ ਦੀ ਖੱਜਲ ਖੁਆਰੀ ਤੇ ਵਾਧੂ ਦੀ ਪ੍ਰੇਸ਼ਾਨੀ ਤੋਂ ਬਚ ਸਕੇ।
ਸ਼ਹਿਰ ਦੀਆਂ ਤੰਗ ਗਲੀਆਂ ਤੇ ਬਾਜ਼ਾਰਾਂ 'ਚ ਸ਼ਰੇਆਮ ਵਿਕ ਰਹੇ ਨੇ ਪਟਾਕੇ
NEXT STORY