ਜਲੰਧਰ (ਬੁਲੰਦ)-ਸਰਕਾਰ ਤੇ ਵਾਤਾਵਰਣ ਪ੍ਰੇਮੀਆਂ ਵਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਦੀ ਕੋਸ਼ਿਸ਼ ਪੂਰੀ ਤਰ੍ਹਾਂ ਸਫਲ ਤਾਂ ਨਹੀਂ ਹੋ ਸਕੀ ਪਰ ਫਿਰ ਵੀ ਜਲੰਧਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵਿਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੇ ਮੁਕਾਬਲੇ ਜਲੰਧਰ ਵਿਚ ਹਵਾ ਪ੍ਰਦੂਸ਼ਣ ਦੀ ਮਾਤਰਾ ਘੱਟ ਪਾਈ ਗਈ ਹੈ।
ਵਿਭਾਗ ਵਲੋਂ ਜਾਰੀ ਗ੍ਰਾਫਾਂ ਤੋਂ ਪਤਾ ਲੱਗਦਾ ਹੈ ਕਿ 12 ਅਕਤੂਬਰ ਨੂੰ ਏਅਰ ਕੁਆਲਿਟੀ ਇੰਡੈਕਸ ਦੀਵਾਲੀ ਤੋਂ ਇਕ ਹਫਤੇ ਪਹਿਲਾਂ ਤੱਕ 152 ਸੀ, ਜੋ ਕਿ ਮੱਧਮ ਪ੍ਰਦੂਸ਼ਣ ਲੈਵਲ ਹੈ, ਜਦਕਿ ਇਹ ਸੁਰੱਖਿਅਤ ਉਦੋਂ ਮੰਨਿਆ ਜਾਂਦਾ ਹੈ, ਜਦੋਂ 50 ਤੋਂ 100 ਦੇ ਵਿਚਕਾਰ ਹੋਵੇ। ਦੀਵਾਲੀ ਦੇ ਦਿਨ ਮਾਪੇ ਗਏ ਪ੍ਰਦੂਸ਼ਣ ਦੇ ਅੰਕੜਿਆਂ ਅਨੁਸਾਰ ਏ. ਕਿਊ. ਆਈ. 179 ਪਾਇਆ ਗਿਆ ਹੈ, ਜੋ ਕਿ ਭਾਵੇਂ ਮੱਧਮ ਪ੍ਰਦੂਸ਼ਣ ਲੈਵਲ ਵਿਚ ਆਉਂਦਾ ਹੈ ਪਰ ਇਸ ਦੇ ਬਾਵਜੂਦ ਇਹ ਵੱਧ ਪ੍ਰਦੂਸ਼ਣ ਹੈ। ਵਿਭਾਗੀ ਅਧਿਕਾਰੀ ਇੰਜੀ. ਸੰਦੀਪ ਬਹਿਲ ਦਾ ਕਹਿਣਾ ਹੈ ਕਿ ਜਲੰਧਰ ਸ਼ਹਿਰ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਦੇ ਮੁਕਾਬਲੇ ਇਹ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਏਅਰ ਕੁਆਲਿਟੀ ਇੰਡੈਕਸ 318 ਪਾਇਆ ਗਿਆ। ਲੁਧਿਆਣਾ ਵਿਚ 379 ਅਤੇ ਮੰਡੀ ਗੋਬਿੰਦਗੜ੍ਹ ਵਿਚ 287 ਪਾਇਆ ਗਿਆ। ਬਹਿਲ ਨੇ ਕਿਹਾ ਕਿ ਜਲੰਧਰ ਵਿਚ ਘੱਟ ਪਾਏ ਗਏ ਪ੍ਰਦੂਸ਼ਣ ਲਈ ਜਿਥੇ ਲੋਕਾਂ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਦੀਵਾਲੀ ਦੀ ਰਾਤ ਪਟਾਕੇ ਘੱਟ ਚਲਾਏ, ਉਥੇ ਪੰਜਾਬ ਪੁਲਸ ਦੇ ਵੀ ਅਸੀਂ ਧੰਨਵਾਦੀ ਹਾਂ, ਜਿਨ੍ਹਾਂ ਨੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਕੋਸ਼ਿਸ਼ ਕੀਤੀ।
ਪੁਲਸ ਦੇ ਕੰਨਾਂ ਤੱਕ ਨਹੀਂ ਪੁੱਜੀ ਸਮਾਂ ਪਾਬੰਦੀ ਉਪਰੰਤ ਚੱਲੇ ਪਟਾਕਿਆਂ ਦੀ ਗੂੰਜ
NEXT STORY