ਮੁੱਲਾਂਪੁਰ ਦਾਖਾ (ਸੰਜੀਵ)-ਸਥਾਨਕ ਸ਼ਹਿਰ ਅੰਦਰ ਚਾਹੇ ਦੀਵਾਲੀ ਮੌਕੇ ਬਾਜ਼ਾਰਾਂ ਅੰਦਰ ਗਾਹਕਾਂ ਦੀ ਭਾਰੀ ਭੀੜ ਨਜ਼ਰ ਆਈ ਪਰ ਪਟਾਕੇ ਵੇਚਣ ਵਾਲਿਆਂ ਲਈ ਦੀਵਾਲੀ ਦਾ ਤਿਉਹਾਰ ਮੰਦਾ ਰਿਹਾ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦੀਵਾਲੀ ਦੇ ਮੌਕੇ ਪਟਾਕੇ ਚਲਾਉਣ 'ਤੇ ਤੁਰੰਤ ਪ੍ਰਭਾਵ ਨਾਲ ਲਾਈ ਗਈ ਰੋਕ ਤੋਂ ਬਾਅਦ ਥਾਣਾ ਦਾਖਾ ਦੇ ਅਧੀਨ ਆਉਂਦੇ ਇਲਾਕੇ ਅੰਦਰ ਪੁਲਸ ਵੱਲੋਂ ਸਖਤੀ ਨਾਲ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਾ ਦਿੱਤੀ ਗਈ, ਜਿਸ ਕਾਰਨ ਪ੍ਰਚੂਨ ਪਟਾਕਾ ਵਿਕ੍ਰੇਤਾ ਪਟਾਕੇ ਨਹੀਂ ਵੇਚ ਸਕੇ, ਜਿਸ ਕਾਰਨ ਦੀਵਾਲੀ ਦੇ ਤਿਉਹਾਰ 'ਤੇ ਜਿਥੇ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਉਥੇ ਹੀ ਪਟਾਕੇ ਵੇਚਣ ਵਾਲਿਆਂ ਦੇ ਚਿਹਰੇ 'ਤੇ ਨਿਰਾਸ਼ਾ ਸਾਫ ਝਲਕ ਰਹੀ ਸੀ। ਕਈ ਵਿਅਕਤੀਆਂ ਨੇ ਤਿਉਹਾਰ ਮੌਕੇ ਕਮਾਈ ਦੀ ਆਸ ਨਾਲ ਹਜ਼ਾਰਾਂ ਰੁਪਏ ਵਿਆਜ 'ਤੇ ਫੜਕੇ ਪਟਾਕੇ ਖਰੀਦੇ ਸਨ ਤਾਂ ਕਿ ਪਟਾਕੇ ਵੇਚਣ ਉਪਰੰਤ ਆਪਣੇ ਬੱਚਿਆਂ ਨਾਲ ਉਹ ਤਿਉਹਾਰ ਮਨਾ ਸਕਣ ਪਰ ਹਾਈ ਕੋਰਟ ਤੇ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਆੜ ਹੇਠ ਪੁਲਸ ਪ੍ਰਸ਼ਾਸਨ ਨੇ ਸਖਤੀ ਨਾਲ ਪਟਾਕੇ ਵੇਚਣ ਤੋਂ ਰੋਕ ਦਿੱਤਾ। ਪਟਾਕੇ ਵੇਚਣ ਵਾਲਿਆਂ ਨੇ ਮੈਂਬਰ ਲੋਕ ਸਭਾ, ਹਲਕਾ ਇੰਚਾਰਜ ਕਾਂਗਰਸ, ਵਿਧਾਇਕ ਐੱਚ. ਐੱਸ. ਫੂਲਕਾ ਤੱਕ ਪਹੁੰਚ ਕਰ ਕੇ ਪੁਲਸ ਨੂੰ ਕਾਰਵਾਈ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਪਰ ਉਕਤ ਰਾਜਸੀ ਆਗੂ ਵੀ ਖੁੱਲ੍ਹ ਕੇ ਪੁਲਸ ਨੂੰ ਪਟਾਕੇ ਵਾਲਿਆਂ ਦੀ ਸਿਫਾਰਸ਼ ਕਰਨ ਤੋਂ ਪ੍ਰਹੇਜ਼ ਕਰਦੇ ਨਜ਼ਰ ਆਏ। ਜਦੋਂ ਪਟਾਕਿਆਂ ਦੀ ਵਿਕਰੀ 'ਤੇ ਲਾਈ ਗਈ ਰੋਕ ਸਬੰਧੀ ਇੰਸਪੈਕਟਰ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰਟ ਦੇ ਹੁਕਮਾਂ ਦੀ ਇਲਾਕੇ ਅੰਦਰ ਸਖਤੀ ਨਾਲ ਪਾਲਣਾ ਕੀਤੀ ਗਈ ਹੈ ਅਤੇ ਕਿਸੇ ਨੂੰ ਪਟਾਕੇ ਵੇਚਣ ਦੀ ਆਗਿਆ ਨਹੀਂ ਦਿੱਤੀ ਗਈ।
ਲੁਧਿਆਣਾ, (ਪੰਕਜ)-ਹਾਈਕੋਰਟ ਵੱਲੋਂ ਦੀਵਾਲੀ 'ਤੇ ਪਟਾਕਿਆਂ ਦਾ ਪ੍ਰਦੂਸ਼ਣ ਰੋਕਣ ਲਈ ਦਿਖਾਈ ਸਖਤੀ ਅਤੇ ਪਟਾਕੇ ਚਲਾਉਣ 'ਤੇ ਸਮੇਂ ਹੱਦ ਦੀ ਪਾਬੰਦੀ ਦੀਆਂ ਮਹਾਨਗਰ ਵਿਚ ਰੱਜ ਕੇ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ। ਤੈਅ ਸਮਾਂ ਹੱਦ 6.30 ਵਜੇ ਤੋਂ ਰਾਤ 9.30 ਵਜੇ ਦੇ ਬਾਵਜੂਦ ਦੇਰ ਰਾਤ ਤੱਕ ਨਾ ਸਿਰਫ ਪਟਾਕੇ ਚੱਲਦੇ ਰਹੇ ਬਲਕਿ ਕਈ ਦੁਕਾਨਦਾਰ ਤਾਂ ਪਟਾਕੇ ਵੇਚਦੇ ਵੀ ਦਿਖਾਈ ਦਿੱਤੇ ਪਰ ਪੁਲਸ ਦੇ ਕੰਨਾਂ ਤੱਕ ਪਟਾਕਿਆਂ ਦੀ ਗੂੰਜ ਸੁਣਾਈ ਨਾ ਦੇਣ ਦਾ ਸਬੂਤ ਕਿਸੇ ਵੀ ਥਾਣੇ ਵਿਚ ਪਰਚਾ ਦਰਜ ਨਾ ਹੋਣਾ ਦਰਸਾਉਂਦਾ ਹੈ। ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਹਾਈਕੋਰਟ ਵੱਲੋਂ ਦਿਖਾਈ ਸਖਤੀ 'ਤੇ ਜਿੱਥੇ ਜ਼ਿਲਾ ਪ੍ਰਸ਼ਾਸਨ ਨੇ ਅਮਲ ਕਰਦੇ ਹੋਏ ਦਾਣਾ ਮੰਡੀ ਮਾਰਕੀਟ ਸਥਿਤ ਪਟਾਕਿਆਂ ਦੀਆਂ ਦੁਕਾਨਾਂ ਦੇ ਲਾਇਸੈਂਸ ਘੱਟ ਕਰਦੇ ਹੋਏ 20 ਫੀਸਦੀ ਰੇਸ਼ੋ ਤੈਅ ਕਰ ਦਿੱਤੀ ਸੀ ਪਰ ਦੁਕਾਨਦਾਰਾਂ ਨੇ ਇਨ੍ਹਾਂ ਹੁਕਮਾਂ ਅਤੇ ਕੰਮ ਦਾ ਚਤੁਰਾਈ ਨਾਲ ਹੱਲ ਲੱਭਦੇ ਹੋਏ ਜਿਨ੍ਹਾਂ ਦੁਕਾਨਦਾਰਾਂ ਦੇ ਲਾਇਸੈਂਸ ਜਾਰੀ ਹੋਏ, ਉਨ੍ਹਾਂ ਦੇ ਨਾਂ ਦੇ ਬੋਰਡ ਲਾ ਕੇ ਦੁਕਾਨਾਂ ਦੇ ਸ਼ਟਰ ਘਟਾ ਸਾਈਜ਼ ਵਧਾ ਕੇ ਪਟਾਕੇ ਵੇਚਣ ਦਾ ਧੰਦਾ ਕੀਤਾ।
ਪਟਾਕੇ ਚਲਾਉਣ 'ਤੇ ਤੈਅ ਸਮਾਂ ਹੱਦ ਉਪਰੰਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਦੇ ਹੁਕਮ ਵੀ ਕਾਗਜ਼ਾਂ ਤੱਕ ਹੀ ਸਿਮਟ ਕੇ ਰਹਿ ਗਏ ਅਤੇ ਪਟਾਕੇ ਚਲਾਉਣ ਦੇ ਸ਼ੌਕੀਨ ਦੇਰ ਰਾਤ ਤੱਕ ਪਟਾਕੇ ਚਲਾ ਕੇ ਆਨੰਦ ਮਾਣਦੇ ਰਹੇ। ਅਜਿਹਾ ਨਹੀਂ ਹੈ ਕਿ ਪੁਲਸ ਨੂੰ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ। ਅਲਬੱਤਾ ਪੀ. ਸੀ. ਆਰ. ਕਰਮਚਾਰੀਆਂ ਤੋਂ ਲੈ ਕੇ ਵੱਖ-ਵੱਖ ਥਾਣਿਆਂ ਦੀ ਪੁਲਸ ਦੇਰ ਰਾਤ ਤੱਕ ਡਿਊਟੀ ਤਾਂ ਵਜਾਉਂਦੀ ਦਿਖੀ ਪਰ ਕਿਸੇ ਨੇ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪ੍ਰਦੂਸ਼ਣ ਅਤੇ ਪਟਾਕਿਆਂ ਦੀ ਗੂੰਜ ਨੂੰ ਸੁਣ ਕੇ ਅਣਸੁਣਿਆ ਕਰ ਦਿੱਤਾ। ਥਾਣਾ ਦੁੱਗਰੀ, ਮਾਡਲ ਟਾਊਨ, ਫੋਕਲ ਪੁਆਇੰਟ, ਡਾਬਾ, ਸ਼ਿਮਲਾਪੁਰੀ ਸਮੇਤ ਹੋਰਨਾਂ ਥਾਣਿਆਂ ਵਿਚ ਇਕ ਵੀ ਪਰਚਾ ਦਰਜ ਨਾ ਹੋਣਾ ਸਪੱਸ਼ਟ ਕਰਦਾ ਹੈ ਕਿ ਪੁਲਸ ਨੇ ਵੀ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਦੀਵਾਲੀ ਦਾ ਤੋਹਫਾ ਦੇਣ ਵਿਚ ਕਮੀ ਨਹੀਂ ਛੱਡੀ।
ਪਟਾਕਿਆਂ ਨਾਲ ਜ਼ਖਮੀ 8 ਦਰਜਨ ਲੋਕ ਪੁੱਜੇ ਹਸਪਤਾਲਾਂ 'ਚ
NEXT STORY