ਚੰਡੀਗੜ੍ਹ (ਰੋਹਾਲ) : ਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ ਸ਼ਹਿਰ ’ਚ ਦੇਰ ਰਾਤ ਤੱਕ ਹੀ ਨਹੀਂ, ਸਗੋਂ ਮੰਗਲਵਾਰ ਨੂੰ ਵੀ ਪਟਾਕੇ ਚੱਲਣ ਤੇ ਆਤਿਸ਼ਬਾਜ਼ੀ ਹੁੰਦੀ ਰਹੀ। ਹੁਕਮ ਸਨ ਕਿ ਪ੍ਰਦੂਸ਼ਣ ਘੱਟ ਕਰਨ ਵਾਲੇ ਤੇ ਘੱਟ ਸ਼ੋਰ ਵਾਲੇ ਗਰੀਨ ਪਟਾਕੇ ਵੇਚੇ ਜਾਣਗੇ, ਪਰ ਧੂੰਏ ’ਚ ਸਭ ਉੱਡ ਗਿਆ। ਦੀਵਾਲੀ ਦੀ ਰਾਤ 10 ਵਜੇ ਤੋਂ ਬਾਅਦ ਪਟਾਕੇ ਤੇ ਆਤਿਸ਼ਬਾਜ਼ੀ ਹੋਈ, ਜਿਸ ਦੇ ਨਤੀਜੇ ਵਜੋਂ ਹਵਾ ’ਚ ਪੀ. ਐੱਮ. 2.5 ਵਰਗੇ ਜ਼ਹਿਰੀਲੇ ਤੇ ਪੀ. ਐੱਮ. 10 ਵਰਗੇ ਨੁਕਸਾਨਦੇਹ ਪਾਰਟੀਕਲ ਦਾ ਪੱਧਰ 500 ਤੱਕ ਪਹੁੰਚ ਗਿਆ। ਤਿੰਨੋਂ ਆਬਜ਼ਰਵੇਟਰੀ ’ਚ ਇਹੀ ਹਾਲ ਰਿਹਾ। ਤੜਕੇ 4 ਵਜੇ ਤੋਂ ਬਾਅਦ ਜ਼ਹਿਰੀਲੇ ਧੂੰਏਂ ਦਾ ਅਸਰ ਘੱਟਣਾ ਸ਼ੁਰੂ ਹੋਇਆ। ਪ੍ਰਸ਼ਾਸਨ ਔਸਤ ਪੱਧਰ ਨੂੰ ਆਧਾਰ ਬਣਾ ਕੇ ਪੂਰੇ ਦਿਨ ਪ੍ਰਦੂਸ਼ਣ ਦਾ ਪੱਧਰ ਤਸੱਲੀਬਖਸ਼ ਹੋਣ ਦਾ ਦਾਅਵਾ ਕਰ ਕੇ ਪਿੱਠ ਥਪਥਪਾ ਰਿਹਾ ਹੈ ਪਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ’ਤੇ ਸ਼ਹਿਰ ਦੇ 3 ਸਥਾਨਾਂ ’ਤੇ ਦੀਵਾਲੀ ਦੀ ਰਾਤ ਨੂੰ ਦਰਜ ਪ੍ਰਦੂਸ਼ਣ ਦੇ ਬਹੁਤ ਹੀ ਮਾੜੇ ਪੱਧਰ ਨੂੰ ਛੁਪਾ ਰਿਹਾ ਹੈ।
ਸਪੱਸ਼ਟ ਹੈ ਕਿ ਜਿੰਨਾ ਚਿਰ ਪਟਾਕੇ ਚੱਲਦੇ ਰਹੇ, ਪ੍ਰਦੂਸ਼ਣ ਪੱਧਰ 500 ਜਾਂ ਉਸ ਦੇ ਨੇੜੇ ਰਿਹਾ। ਹਵਾ ’ਚ ਪੀ. ਐੱਮ. 2.5 ਤੇ ਪੀ. ਐੱਮ. 10 ਦਾ ਪੱਧਰ 200 ਤੋਂ ਪਾਰ ਹੁੰਦਿਆਂ ਹੀ ਸਿਹਤ ’ਤੇ ਗੰਭੀਰ ਅਸਰ ਪੈਣ ਲੱਗਦਾ ਹੈ। 200 ਤੋਂ ਉੱਪਰ ਜਾਂਦਿਆਂ ਸਿਹਤਮੰਦ ਲੋਕਾਂ ਤੋਂ ਇਲਾਵਾ ਪਹਿਲਾਂ ਤੋਂ ਹੀ ਫੇਫੜਿਆਂ ਤੇ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਜੋਖਮ ਵੱਧ ਜਾਂਦਾ ਹੈ। ਸੋਮਵਾਰ ਰਾਤ ਜਿਸ ਤਰ੍ਹਾਂ 10 ਤੋਂ ਲੈ ਕੇ ਤੜਕੇ 4 ਵਜੇ ਤੱਕ ਪ੍ਰਦੂਸ਼ਣ ਦਾ ਪੱਧਰ 400 ਤੇ 500 ਵਿਚਕਾਰ ਰਿਹਾ, ਉਸ ਨਾਲ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਤੇ ਇੱਥੋਂ ਤੱਕ ਕਿ ਸਿਹਤਮੰਦ ਲੋਕਾਂ ’ਤੇ ਵੀ ਗੰਭੀਰ ਅਸਰ ਪਿਆ। ਪੀ.ਐੱਮ. 2.5 ਸਿਹਤ ਲਈ ਸਭ ਤੋਂ ਖ਼ਰਾਬ ਮੰਨਿਆ ਜਾਂਦਾ ਹੈ ਤੇ ਇਸੇ ਦਾ ਪੱਧਰ ਤਿੰਨੋਂ ਆਬਜ਼ਰਵੇਟਰੀਆਂ ’ਚ 500 ਦੇ ਨੇੜੇ ਦਰਜ ਹੋਇਆ।
80 ਡੈਸੀਬਲ ਤੱਕ ਰਿਹਾ ਸ਼ੋਰ
ਸ਼ੋਰ ਦਾ ਪੱਧਰ ਨੁਕਸਾਨ ਦੇ ਰਿਕਾਰਡ ’ਤੇ ਪਹੁੰਚ ਗਿਆ ਹੈ। ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮਾਂ 2000 ਅਨੁਸਾਰ ਦੇਸ਼ ਦੇ ਕਿਸੇ ਵੀ ਹਿੱਸੇ ’ਚ ਦਿਨ ਵੇਲੇ 55 ਡੈਸੀਬਲ ਤੋਂ ਵੱਧ ਤੇ ਰਾਤ ਨੂੰ 45 ਤੋਂ ਵੱਧ ਸ਼ੋਰ ਪ੍ਰਦੂਸ਼ਣ ਦੇ ਪੱਧਰ ਨੂੰ ਹਾਨੀਕਾਰਕ ਮੰਨਿਆ ਜਾਂਦਾ ਹੈ। ਦੀਵਾਲੀ ਦੀ ਰਾਤ ਨੂੰ ਇਹ ਖ਼ਤਰਨਾਕ ਪੱਧਰ ’ਤੇ ਪਹੁੰਚ ਗਏ। ਸੋਮਵਾਰ ਰਾਤ 8 ਤੋਂ 10 ਵਜੇ ਵਿਚਕਾਰ ਸੈਕਟਰ-22 ਤੇ ਆਲੇ ਦੁਆਲੇ ਦੇ ਖੇਤਰਾਂ ’ਚ ਸ਼ੋਰ ਪ੍ਰਦੂਸ਼ਣ 80 ਡੈਸੀਬਲ ਤੱਕ ਪਹੁੰਚ ਗਿਆ, ਜਦੋਂ ਕਿ ਸਭ ਤੋਂ ਘੱਟ ਪੱਧਰ ਸੈਕਟਰ-25 ’ਚ 65.8 ਡੈਸੀਬਲ ਰਿਹਾ। ਮਾਪਦੰਡਾਂ ਅਨੁਸਾਰ 80 ਡੈਸੀਬਲ ਤੋਂ ਵੱਧ ਸ਼ੋਰ ਪ੍ਰਦੂਸ਼ਣ ਦੇ ਪੱਧਰ ਨੂੰ ਉੱਚ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਬਹੁਤ ਨੁਕਸਾਨਦੇਹ ਮੰਨਿਆ ਜਾਂਦਾ ਹੈ, ਜਿਸ ’ਚ ਵੱਧ ਤਣਾਅ, ਸੁਣਨ ਦੀ ਕਮਜ਼ੋਰੀ ਤੇ ਉੱਚ ਬਲੱਡ ਪ੍ਰੈਸ਼ਰ ਸ਼ਾਮਲ ਹਨ।
ਕਪੜਾ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
NEXT STORY