ਸੰਗਰੂਰ (ਬੇਦੀ) : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਵਿਖੇ ਦਲਿਤ ਸਕੂਲੀ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਸਬੰਧੀ ਮੀਡੀਆ 'ਚ ਛਪੀ ਖਬਰ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਵੱਲੋ ਅਚਾਨਕ ਸਕੂਲ ਦਾ ਦੌਰਾ ਕੀਤਾ ਗਿਆ। ਉੱਥੇ ਮੌਜੂਦ ਦਲਿਤ ਸਕੂਲ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਜਾਤੀਵਾਦ ਦੇ ਚੱਲਦਿਆਂ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਸਿੰਗਲਾ, ਪੰਜਾਬੀ ਅਧਿਆਪਕ ਜਗਤਾਰ ਸਿੰਘ ਅਤੇ ਫਿਜ਼ੀਕਲ ਅਧਿਆਪਕ ਨੈਂਬ ਖਾਨ ਸਣੇ ਹੋਰ ਅਧਿਆਪਕ ਉਨ੍ਹਾਂ ਤੋਂ ਹਰ ਰੋਜ਼ 3 ਘੰਟੇ ਮਜ਼ਦੂਰੀ ਕਰਵਾਉਂਦੇ ਹਨ। ਜੇਕਰ ਉਹ ਮਜ਼ਦੂਰੀ ਨਹੀਂ ਕਰਦੇ ਤਾਂ ਉਨ੍ਹਾਂ ਦੀ ਉਕਤ ਅਧਿਆਪਕਾਂ ਵੱਲੋਂ ਡੰਡਿਆਂ ਨਾਲ ਮਾਰਕੁੱਟ ਕੀਤੀ ਜਾਂਦੀ ਹੈ।
ਸਹਿਮੇ ਹੋਏ ਦਲਿਤ ਬੱਚਿਆਂ ਨੇ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਇਹ ਵੀ ਦੱਸਿਆ ਕਿ ਸਕੂਲੀ ਅਧਿਆਪਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਫਾਈ ਦਾ ਕੰਮ ਵਧੀਆ ਕਰਦੇ ਹੋ, ਤੁਸੀਂ ਜ਼ਿਆਦਾ ਪੜ੍ਹ-ਲਿਖ ਕੇ ਕੀ ਕਰਨਾ ਹੈ? ਤੁਹਾਨੂੰ ਨਗਰ ਕੌਂਸਲ 'ਚ ਸਫਾਈ ਦੀ ਨੌਕਰੀ ਮਿਲ ਹੀ ਜਾਵੇਗੀ। ਸਕੂਲੀ ਬੱਚਿਆਂ ਨੇ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਰੇੜੇ, ਬੋਰੀਆਂ ਅਤੇ ਹੱਥਾਂ ਨਾਲ ਇੱਟਾਂ-ਪੱਥਰ ਇਕ ਜਗ੍ਹਾ ਤੋਂ ਚੁੱਕ ਕੇ ਵੀ ਦਿਖਾਏ। ਇਸ ਸਬੰਧੀ ਸ਼੍ਰੀਮਤੀ ਕਾਂਗੜਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਸਣੇ ਹਾਜ਼ਰ ਅਧਿਆਪਕਾਂ ਤੋਂ ਪੁੱਛਿਆ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ।
ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਕਾਂਗੜਾ ਨੇ ਕਿਹਾ ਕਿ ਦਲਿਤ ਸਕੂਲੀ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਸਬੰਧੀ ਮੀਡੀਆ 'ਚ ਛਪੀ ਖਬਰ ਪੜ੍ਹ ਕੇ ਉਹ ਅਚਾਨਕ ਸਕੂਲ 'ਚ ਆਏ ਹਨ, ਜਿਥੇ ਪਹੁੰਚ ਕੇ ਉਨ੍ਹਾਂ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਬੱਚਿਆਂ ਨਾਲ ਗੱਲਬਾਤ ਕਰਕੇ ਇਹ ਸਾਹਮਣੇ ਆਇਆ ਕਿ ਅੱਜ ਵੀ ਦਲਿਤ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਖ਼ਤ ਸ਼ਬਦਾਂ 'ਚ ਕਿਹਾ ਕਿ ਇਸ ਮਾਮਲੇ 'ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਐੱਸ. ਸੀ. ਕਮਿਸ਼ਨ ਵੱਲੋ ਇਸ 'ਤੇ ਸਖਤ ਐਕਸ਼ਨ ਲਿਆ ਜਾਵੇਗਾ।
'ਪੰਜਾਬ 'ਚ 6ਵਾਂ ਤਨਖਾਹ ਕਮਿਸ਼ਨ ਇਸੇ ਸਾਲ ਲਾਗੂ ਹੋਵੇਗਾ'
NEXT STORY