ਭਵਾਨੀਗੜ੍ਹ, (ਵਿਕਾਸ)— ਭਵਾਨੀਗੜ੍ਹ ਦੇ ਇਕ ਸਕੂਲ ਪ੍ਰਬੰਧਕਾਂ ਤੇ ਬੱਚਿਆਂ ਦੇ ਮਾਪਿਆਂ ਦੇ ਬਣਾਏ ਇਕ ਵਟਸਐਪ ਗਰੁੱਪ 'ਚ ਅਸ਼ਲੀਲ ਵੀਡੀਓ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ 'ਚ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ ਉੱਥੇ ਹੀ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵੀਡੀਓ ਪਾਉਣ ਵਾਲੇ ਖਿਲਾਫ਼ ਕਾਰਵਾਈ ਕਰਵਾਉਣ ਲਈ ਉਨ੍ਹਾਂ ਵੱਲੋਂ ਪੂਰਾ ਮਾਮਲਾ ਪੁਲਸ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ।
ਕੀ ਹੈ ਮਾਮਲਾ
ਭਵਾਨੀਗੜ੍ਹ ਦੇ ਇਕ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਸੁਖਚੈਨ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਲਾਬ ਸਿੰਘ ਨੇ ਦੱਸਿਆ ਕਿ ਸਕੂਲ ਨੇ ਇਕ ਵੱਟਸਐਪ ਗਰੁੱਪ ਬਣਾ ਰੱਖਿਆ ਹੈ ਜਿਸ ਦੀ ਐਡਮਿਨ ਜਸਪ੍ਰੀਤ ਕੌਰ ਹਨ ਤੇ ਗਰੁੱਪ 'ਚ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬੀਤੇ ਦਿਨੀਂ ਕਿਸੇ ਵੱਲੋਂ ਇਸ ਗਰੁੱਪ 'ਚ ਪੋਰਨ ਵੀਡੀਓ ਕਲਿਪ ਪਾ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ। ਉਨ੍ਹਾਂ ਸਕੂਲ ਪ੍ਰਬੰਧਕਾਂ ਤੋਂ ਗਰੁੱਪ 'ਚ ਇਸ ਤਰ੍ਹਾਂ ਦੀ ਘਟੀਆ ਤੇ ਸ਼ਰਮਨਾਕ ਹਰਕਤ ਕਰਨ ਵਾਲੇ ਵਿਅਕਤੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਓਧਰ, ਇਸ ਸਬੰਧੀ ਸਕੂਲ ਦੀ ਪ੍ਰਬੰਧਕ ਮੈਡਮ ਜਸਪ੍ਰੀਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਬੱਚਿਆਂ ਦੀਆਂ ਮੁਸ਼ਕਿਲਾਂ ਤੇ ਮਾਪਿਆਂ ਦੇ ਸੁਝਾਅ ਆਦਿ ਜਾਨਣ ਲਈ ਕਲਾਸ ਵਾਇਜ਼ ਮੋਬਾਇਲ ਫੋਨ 'ਤੇ ਵੱਟਸਐਪ ਗਰੁੱਪ ਬਣਾਏ ਗਏ ਹਨ। ਇਸ ਤੋਂ ਪਹਿਲਾਂ ਵੀ ਕਿਸੇ ਨੇ ਸਕੂਲ ਦੇ ਇਕ ਹੋਰ ਗਰੁੱਪ 'ਚ ਅਸ਼ਲੀਲ ਸਮੱਗਰੀ ਪਾ ਦਿੱਤੀ ਸੀ, ਜਿਸ ਬਾਰੇ ਪੁੱਛਣ 'ਤੇ ਵਿਅਕਤੀ ਨੇ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਾਇਆ ਸੀ ਪਰ ਹੁਣ ਦੁਬਾਰਾ ਸਕੂਲ ਤੇ ਮਾਪਿਆਂ ਦੇ ਗਰੁੱਪ 'ਚ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਤੋਂ ਬਾਹਰ ਹੈ। ਫਿਲਹਾਲ ਉਨ੍ਹਾਂ ਨੇ ਫੋਨ ਕਰਕੇ ਮਾਮਲਾ ਡੀ.ਐੱਸ.ਪੀ. ਭਵਾਨੀਗੜ ਦੇ ਧਿਆਨ 'ਚ ਲਿਆ ਦਿੱਤਾ ਹੈ ਤੇ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕਰਨਗੇ।
“ਵਟਸਐਪ ਗਰੁੱਪ ਵਿੱਚ ਅਸ਼ਲੀਲ ਪੋਸਟ ਪਾਉਣ ਸਬੰਧੀ ਮਾਮਲਾ ਸਕੂਲ ਪ੍ਰਿੰਸੀਪਲ ਵੱਲੋਂ ਮੇਰੇ ਧਿਆਨ 'ਚ ਲਿਆਂਦਾ ਗਿਆ ਹੈ, ਮਾਮਲਾ ਗੰਭੀਰ ਹੈ। ਮਾਮਲੇ ਦੀ ਜਾਂਚ ਕਰਕੇ ਇਸ ਤਰ੍ਹਾਂ ਦੀ ਘਟੀਆ ਹਰਕਤ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।“
—ਗੋਬਿੰਦਰ ਸਿੰਘ, ਡੀ.ਐੱਸ.ਪੀ. ਭਵਾਨੀਗੜ੍ਹ।
ਸਰਦੀਆਂ ਦੀ ਦਸਤਕ ਨਾਲ ਵਧਿਆ ਸਵਾਈਨ ਫਲੂ ਦਾ ਖਤਰਾ
NEXT STORY