ਮੋਹਾਲੀ (ਕੁਲਦੀਪ) - ਬਿਜਲੀ ਬੱਚਤ ਕਰਨ 'ਚ ਮੋਹਾਲੀ ਸ਼ਹਿਰ ਪੰਜਾਬ ਦਾ ਪਹਿਲੇ ਨੰਬਰ ਦਾ ਸ਼ਹਿਰ ਬਣਨ ਜਾ ਰਿਹਾ ਹੈ । ਨਗਰ ਨਿਗਮ ਮੋਹਾਲੀ ਵਲੋਂ ਸ਼ਹਿਰ 'ਚ ਸਾਢੇ 22 ਹਜ਼ਾਰ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ, ਜੋ ਕਿ ਪੰਜਾਬ ਦੇ ਕਿਸੇ ਹੋਰ ਸ਼ਹਿਰ 'ਚ ਅਜੇ ਤਕ ਇੰਨੇ ਵੱਡੇ ਪੱਧਰ 'ਤੇ ਨਹੀਂ ਲਾਈਆਂ ਗਈਆਂ ਹਨ । ਲਾਈਟਾਂ ਲੱਗਣ ਨਾਲ ਮੋਹਾਲੀ ਸ਼ਹਿਰ 'ਚ ਬਿਜਲੀ ਦੀ ਭਾਰੀ ਬੱਚਤ ਹੋਵੇਗੀ । ਭਾਵੇਂ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀ ਪਰ ਹੁਣ ਇਸ ਪ੍ਰੋਜੈਕਟ ਨੇ ਤੇਜ਼ੀ ਫੜੀ ਹੈ ਤੇ ਜਲਦ ਹੀ ਇਹ ਮੁਕੰਮਲ ਹੋ ਜਾਵੇਗਾ।
ਜਾਣਕਾਰੀ ਮੁਤਾਬਿਕ ਨਿਗਮ ਵਲੋਂ ਸ਼ਹਿਰ 'ਚ ਐੱਲ. ਈ. ਡੀ. ਲਾਈਟਾਂ ਲਾਉਣ ਦਾ ਕੰਮ ਮੁੰਬਈ ਦੀ ਈ-ਸਮਾਰਟ ਨਾਂ ਦੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ, ਜੋ ਕਿ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ । ਸ਼ਹਿਰ ਦੇ ਬਾਹਰ ਸਾਰੀਆਂ ਮੁੱਖ ਸੜਕਾਂ, ਅੰਦਰੂਨੀ ਸੜਕਾਂ, ਮਾਰਕੀਟਾਂ ਤੇ ਰਿਹਾਇਸ਼ੀ ਖੇਤਰਾਂ 'ਚ ਵੀ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ । ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਐੱਲ. ਈ. ਡੀ. ਲਾਈਟਾਂ ਲੱਗਣ ਨਾਲ ਬਿਜਲੀ ਦੀ ਭਾਰੀ ਬੱਚਤ ਹੋਵੇਗੀ, ਜੋ ਕਿ ਇੰਡਸਟਰੀ ਦੇ ਵੀ ਕੰਮ ਆ ਸਕੇਗੀ।
ਨਿਗਮ ਦੇ ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ) ਤਜਿੰਦਰ ਸਿੰਘ ਨੇ ਦੱਸਿਆ ਕਿ ਐੱਲ. ਈ. ਡੀ. ਲਾਈਟਾਂ ਲਾਉਣ ਦਾ ਕੰਮ 45 ਫੀਸਦੀ ਨਿਪਟਾ ਲਿਆ ਗਿਆ ਹੈ ਜੇਕਰ ਮੌਸਮ ਠੀਕ ਠਾਕ ਰਿਹਾ ਤਾਂ ਡੇਢ ਮਹੀਨੇ 'ਚ ਇਹ ਪ੍ਰੋਜੈਕਟ ਮੁਕੰਮਲ ਹੋਣ ਦੀ ਸੰਭਾਵਨਾ ਹੈ । ਸਭ ਤੋਂ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ, ਏਅਰਪੋਰਟ ਰੋਡ 'ਤੇ ਇਹ ਲਾਈਟਾਂ ਲਾਈਆਂ ਗਈਆਂ ਹਨ, ਜਿਸ ਤੋਂ ਬਾਅਦ ਰਿਹਾਇਸ਼ੀ ਖੇਤਰਾਂ ਤੇ ਪਾਰਕਾਂ 'ਚ ਵੀ ਲਾਉਣ ਦਾ ਕੰਮ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਨਿਗਮ ਅਧੀਨ ਆਉਂਦੇ ਸੈਕਟਰ 76-80 ਤੇ ਇੰਡਸਟਰੀ ਏਰੀਆ 'ਚ ਵੀ ਇਹ ਲਾਈਟਾਂ ਲਾਈਆਂ ਜਾ ਰਹੀਆਂ ਹਨ ।
ਨਿਗਮ ਤੋਂ ਮਿਲੀ ਜਾਣਕਾਰੀ ਮੁਤਾਬਿਕ ਐੱਲ. ਈ. ਡੀ. ਲਾਈਟਾਂ ਲਾਉਣ ਦੇ ਕੰਮ 'ਤੇ ਨਗਰ ਨਿਗਮ ਕੋਈ ਪੈਸਾ ਖਰਚ ਨਹੀਂ ਕਰ ਰਿਹਾ ਹੈ। ਸ਼ਹਿਰ 'ਚ ਇਸ ਤੋਂ ਪਹਿਲਾਂ ਨਗਰ ਨਿਗਮ ਨੂੰ ਜੋ ਬਿਜਲੀ ਦਾ ਬਿੱਲ ਪ੍ਰਤੀ ਮਹੀਨਾ ਆਉਂਦਾ ਸੀ, ਉਸ ਦਾ 80 ਫ਼ੀਸਦੀ ਹਿੱਸਾ ਲਾਈਟਾਂ ਲਾਉਣ ਵਾਲੀ ਕੰਪਨੀ ਨੂੰ ਲਾਈਟਾਂ ਲਾਉਣ ਤੋਂ ਬਾਅਦ ਦਿੱਤਾ ਜਾਵੇਗਾ । ਭੁਗਤਾਨ ਦੀ ਇਹ ਪ੍ਰਕਿਰਿਆ 10 ਸਾਲ ਤਕ ਚੱਲੇਗੀ।
ਇਸ ਸਬੰਧੀ ਸੰਪਰਕ ਕਰਨ 'ਤੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਿਗਮ ਵਲੋਂ ਐੱਲ. ਈ. ਡੀ. ਲਾਈਟਾਂ ਲਾਉਣ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ ਪਰ ਇਨ੍ਹਾਂ ਲਾਈਟਾਂ 'ਤੇ ਨਿਗਮ ਦਾ ਕੋਈ ਪੈਸਾ ਖਰਚ ਨਹੀਂ ਹੋ ਰਿਹਾ ਹੈ । ਇਹ ਪੂਰਾ ਕੰਮ ਨਿਗਮ ਵਲੋਂ ਆਪਣੇ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ, ਸਰਕਾਰ ਦਾ ਇਸ 'ਚ ਕੋਈ ਯੋਗਦਾਨ ਨਹੀਂ ਹੈ । ਉਨ੍ਹਾਂ ਕਿਹਾ ਕਿ ਲਾਈਟਾਂ ਲਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਬਿਜਲੀ ਬੱਚਤ ਦੇ ਮਾਮਲੇ 'ਚ ਮੋਹਾਲੀ ਪੰਜਾਬ ਦਾ ਨੰਬਰ ਵਨ ਸ਼ਹਿਰ ਬਣੇਗਾ ।
ਹੈਲਮੇਟ ਪਾਉਣ ਨਾਲ ਬਚੀ ਬਜ਼ੁਰਗ ਦੀ ਜਾਨ
NEXT STORY