ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ, ਦੀਪਕ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਅਤੇ ਬਿਜਲੀ ਮਜ਼ਦੂਰ ਸੰਘ ਵੱਲੋਂ ਸਾਂਝੇ ਤੌਰ 'ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਸੁਰਿੰਦਰ ਪੱਪੂ ਦੀ ਪ੍ਰਧਾਨਗੀ ਹੇਠ ਸਰਕਲ ਦਫ਼ਤਰ ਮੰਡਲ ਅੱਗੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜੇਕਰ ਕਾਰਪੋਰੇਸ਼ਨ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਲਾਗੂ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਦੱਸਿਆ ਕਿ ਸਮੂਹ ਬਿਜਲੀ ਮੁਲਾਜ਼ਮ ਰੋਸ ਵਜੋਂ 11 ਅਪ੍ਰੈਲ ਨੂੰ ਇਕ ਰੋਜ਼ਾ ਹੜਤਾਲ ਕਰਨਗੇ, ਜਿਸ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੇ ਪ੍ਰਬੰਧਕਾਂ ਦੀ ਹੋਵੇਗੀ। ਇਸ ਮੌਕੇ ਕਾਰਪੋਰੇਸ਼ਨ ਦੇ ਚੇਅਰਮੈਨ ਦੀ ਅਰਥੀ ਵੀ ਸਾੜੀ ਗਈ। ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਦਰਬਾਰਾ ਸਿੰਘ ਛੀਨਾ ਨੇ ਪਾਵਰਕਾਮ ਪ੍ਰਬੰਧਕਾਂ ਦੀਆਂ ਲੋਕ-ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ।
ਇਸ ਧਰਨੇ ਵਿਚ ਰਵੇਲ ਸਿੰਘ ਸਹਾਏਪੁਰ ਸੂਬਾ ਪ੍ਰਧਾਨ ਪੰਜਾਬ ਰਾਜ ਬਿਜਲੀ ਬੋਰਡ, ਜਸਵੀਰ ਸਿੰਘ ਸੂਬਾ ਪ੍ਰਧਾਨ ਬਿਜਲੀ ਮਜ਼ਦੂਰ ਸੰਘ, ਭੁਪਨੇਸ਼ ਕੁਮਾਰ ਪੱਪੂ ਪ੍ਰਧਾਨ ਬਾਰਡਰ ਜ਼ੋਨ, ਦਰਬਾਰਾ ਸਿੰਘ ਛੀਨਾ, ਬਲਦੇਵ ਸਿੰਘ, ਠਾਕੁਰ ਰਾਕੇਸ਼ ਕੁਮਾਰ, ਪ੍ਰਵੀਨ ਸਿੰਘ, ਬਲਜੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ ਸੈਣੀ, ਮਨੋਹਰ ਲਾਲ, ਸੰਜੀਵ ਸੈਣੀ, ਜਗੀਰ, ਬਲਦੇਵ ਸਿੰਘ ਥੰਮ੍ਹਣ, ਅਮਰੀਕ ਸਿੰਘ ਦੋਰਾਂਗਲਾ, ਜਗਦੇਵ ਸਿੰਘ, ਭੁਪਿੰਦਰ ਸਿੰਘ ਰੰਧਾਵਾ, ਆਤਮਾ ਸਿੰਘ ਤਿੱਬੜ, ਧਰਮ ਸਿੰਘ ਤਿੱਬੜ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਵਾਲੀਆ, ਫ਼ਿਰੋਜ਼ ਮਸੀਹ, ਦਲਜੀਤ ਸਿੰਘ ਜੋੜਾ ਛੱਤਰਾਂ ਹਾਜ਼ਰ ਸਨ।
ਨੌਸ਼ਹਿਰਾ ਮੱਝਾ ਸਿੰਘ/ਬਟਾਲਾ, 8 ਮਾਰਚ (ਗੋਰਾਇਆ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰ. ਰਾ. ਬਿ. ਬੋਰਡ ਸਬ-ਡਵੀਜ਼ਨ ਦਫ਼ਤਰ ਨੌਸ਼ਹਿਰਾ ਮੱਝਾ ਸਿੰਘ ਨਾਲ ਜੁੜੇ ਟੀ. ਐੱਸ. ਯੂ. ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰਧਾਨ ਹਰਭਜਨ ਸਿੰਘ ਸੁਚੇਤਗੜ੍ਹ ਦੀ ਅਗਵਾਈ ਹੇਠ ਚੇਅਰਮੈਨ ਪਾਵਰਕਾਮ ਪਟਿਆਲਾ ਅਤੇ ਪੰਜਾਬ ਸਰਕਾਰ ਪਾਸੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਵਿੱਢੇ ਸੰਘਰਸ਼ ਤਹਿਤ ਧਰਨਾ ਦੇਣ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਤੇ ਸਰਕਾਰ ਮਿਲੀਭੁਗਤ ਕਰ ਕੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੇ ਹਨ। ਪਿਛਲੇ ਇਕ ਸਾਲ ਤੋਂ ਬਿਜਲੀ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸਬ-ਡਵੀਜ਼ਨ ਪ੍ਰਧਾਨ ਹਰਭਜਨ ਸਿੰਘ ਸੁਚੇਤਗੜ੍ਹ ਨੇ ਕਿਹਾ ਕਿ 15 ਮਾਰਚ ਤਕ ਮੰਡਲਾਂ ਤੇ ਸਬ-ਡਵੀਜ਼ਨ ਪੱਧਰ 'ਤੇ ਪਾਵਰਕਾਮ ਤੇ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਇਕ ਰੋਜ਼ਾ ਹੜਤਾਲ ਵੀ ਕੀਤੀ ਜਾਵੇਗੀ।
ਧਰਨੇ ਦੌਰਾਨ ਬਿਜਲੀ ਮੁਲਾਜ਼ਮਾਂ ਨੇ ਰੋਪੜ ਤੇ ਬਠਿੰਡਾ ਥਰਮਲ ਪਲਾਂਟਾਂ ਨੂੰ ਬੰਦ ਕਰਨ 'ਤੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਤੇ ਹਿੱਤਾਂ ਲਈ ਇਹ ਪਲਾਂਟ ਦੁਬਾਰਾ ਚਾਲੂ ਕੀਤੇ ਜਾਣ। ਇਸ ਮੌਕੇ ਗੁਰਪ੍ਰੀਤ ਸਿੰਘ ਛੀਨਾ, ਪ੍ਰਧਾਨ ਹਰਭਜਨ ਸਿੰਘ ਸੁਚੇਤਗੜ੍ਹ, ਕਸ਼ਮੀਰ ਸਿੰਘ ਮੂਲਿਆਂਵਾਲ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ ਅਤੇ ਜਸਵੰਤ ਸਿੰਘ ਆਦਿ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਆਂਗਣਵਾੜੀ ਵਰਕਰਾਂ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈ ਕੇ ਕੀਤਾ ਰੋਸ ਮਾਰਚ
NEXT STORY