ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਸ਼ਹਿਰ 'ਚ ਗੰਭੀਰ ਹੋ ਚੁੱਕੀ ਸੀਵਰੇਜ ਸਮੱਸਿਆ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੀਵਰੇਜ ਰਾਈਜ਼ਿੰਗ ਮੇਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਥੋੜ੍ਹੀ ਜਿਹੀ ਬਾਰਿਸ਼ ਨਾਲ ਹੀ ਸ਼ਹਿਰ 'ਚ ਪਾਣੀ ਭਰ ਜਾਂਦਾ ਹੈ ਅਤੇ ਸੀਵਰੇਜ ਸਿਸਟਮ ਬੈਕ ਮਾਰਦਾ ਹੈ। ਸੰਦੀਪ ਜਾਖੜ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਟੈਂਡਰ ਜਾਰੀ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ 13 ਅਗਸਤ ਨੂੰ ਟੈਂਡਰ ਖੁੱਲ੍ਹਣਾ ਹੈ। ਉਨ੍ਹਾਂ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਪੂਰੇ ਪ੍ਰਾਜੈਕਟ ਦੀ ਨਿੱਜੀ ਤੌਰ 'ਤੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਕੰਮ 'ਚ ਕੋਈ ਰੁਕਾਵਟ ਨਾ ਆਵੇ।
ਜਾਖੜ ਨੇ ਦੱਸਿਆ ਕਿ ਸ਼ਹੀਦਾਂ ਵਾਲਾ ਫੋਕਲ ਪੁਆਇੰਟ, ਚਿਰਾਗ ਢਾਣੀ ਅਤੇ ਕਿੱਲੇ ਵਾਲੀ ਇਲਾਕਿਆਂ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਪ੍ਰਾਜੈਕਟ ਲਈ 2 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਲਗਭਗ ਢਾਈ ਕਰੋੜ ਰੁਪਏ ਦਾ ਹੋਰ ਪ੍ਰਬੰਧ ਵੀ ਕਰ ਲਿਆ ਗਿਆ ਹੈ। ਜੇਕਰ ਹੋਰ ਰਕਮ ਦੀ ਲੋੜ ਪਈ ਤਾਂ ਸਰਕਾਰ ਵੱਲੋਂ ਉਹ ਵੀ ਮੁਹੱਈਆ ਕਰਵਾਈ ਜਾਵੇ।
ਜਵਾਬ ਦਿੰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਬੋਹਰ ਦੀ ਰਾਈਜ਼ਿੰਗ ਮੇਨ ਦਾ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਵਿਧਾਇਕ ਸੰਦੀਪ ਜਾਖੜ ਇਸ ਸਬੰਧੀ ਕਈ ਵਾਰ ਨਿੱਜੀ ਤੌਰ 'ਤੇ ਵੀ ਉਨ੍ਹਾਂ ਨਾਲ ਮਿਲ ਚੁੱਕੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ 13 ਅਗਸਤ ਨੂੰ ਟੈਂਡਰ ਖੁੱਲ੍ਹਣ ਤੋਂ ਬਾਅਦ ਕੰਮ 'ਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਫੰਡਾਂ ਦੀ ਕੋਈ ਘਾਟ ਰਹਿ ਜਾਂਦੀ ਹੈ ਤਾਂ ਸਰਕਾਰ ਹਰ ਸੰਭਵ ਪ੍ਰਬੰਧ ਕਰੇਗੀ ਅਤੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਤਰਜ਼ੀਹ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।
ਨਗਰ ਕੌਂਸਲ ਦੇ ਕਲਰਕ ਨਾਲ ਦਫ਼ਤਰ ’ਚ ਕੁੱਟਮਾਰ, ਮਾਮਲਾ ਦਰਜ
NEXT STORY