ਮਲੋਟ (ਗੋਇਲ) : ਲੋਕਾਂ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਕਾਰਨ ਮਲੋਟ ਦੇ ਪਾਵਰਕਾਮ ਵਿਭਾਗ ਦਾ ਦਫ਼ਤਰ ਸਦਾ ਚਰਚਾ ਵਿਚ ਰਹਿੰਦਾ ਹੈ। ਤਾਜ਼ਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪਾਵਰਕਾਮ ਵਿਭਾਗ ਦੀ ਗਲਤੀ ਕਾਰਣ ਇਕ ਗ਼ਰੀਬ ਪਰਿਵਾਰ 92 ਲੱਖ ਤੋਂ ਉੱਪਰ ਦੇ ਆਏ ਬਿਜਲੀ ਬਿੱਲ ਨੂੰ ਸਹੀ ਕਰਵਾਉਣ ਲਈ ਵਿਭਾਗ ਦੇ ਚੱਕਰ ਕੱਢ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡੀ ਹਰਜੀਰਾਮ ਦੇ ਵਾਸੀ ਈਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਉਸ ਨੂੰ 92 ਲੱਖ 15 ਹਜ਼ਾਰ 310 ਰੁਪਏ ਦਾ ਬਿਜਲੀ ਦਾ ਬਿੱਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਸਨੂੰ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਦਾ ਗਲਤ ਬਿੱਲ ਆ ਰਿਹਾ ਹੈ। ਬਿਜਲੀ ਦਾ ਬਿੱਲ ਸਹੀ ਕਰਵਾਉਣ ਸਬੰਧੀ ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਵਿਭਾਗ ਦੇ ਦਫਤਰ ਵਿਚ ਚੱਕਰ ਕੱਢ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਗ਼ਲਤ ਬਿੱਲ ਸਬੰਧੀ ਜੇ. ਈ. ਅਤੇ ਐੱਸ. ਡੀ. ਓ. ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਬਿਜਲੀ ਦਾ ਬਿੱਲ ਸਹੀ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਜਨਵਰੀ 2020 ਵਿਚ ਉਨ੍ਹਾਂ ਵੱਲੋ ਬਿੱਲ ਸਹੀ ਕਰਵਾਉਣ ਸਬੰਧੀ ਅਰਜ਼ੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਇਸ ਸਬੰਧੀ ਚੱਕਰ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਖੱਜਲ-ਖੁਆਰੀ ਦੀ ਹੱਦ ਤਾਂ ਉਦੋਂ ਲੰਘ ਗਈ ਜਦੋਂ ਬਿਜਲੀ ਵਿਭਾਗ ਦੇ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਦੀ ਅਰਜ਼ੀ ਗੁੰਮ ਹੋ ਗਈ ਹੈ, ਇਸ ਲਈ ਉਹ ਦੁਬਾਰਾ ਬਿੱਲ ਸਹੀ ਕਰਵਾਉਣ ਸਬੰਧੀ ਅਰਜ਼ੀ ਦੇਣ। ਈਸ਼ ਕੁਮਾਰ ਨੇ ਕਿਹਾ ਕਿ ਪਹਿਲਾਂ ਤਾਂ ਵਿਭਾਗ ਦੀ ਗ਼ਲਤੀ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਬਿੱਲ ਆਇਆ ਅਤੇ ਬਾਅਦ ਵਿਚ ਕਰਮਚਾਰੀ ਬਿੱਲ ਨੂੰ ਸਹੀ ਨਾ ਕਰਕੇ ਉਸਨੂੰ ਖੱਜਲ ਖੁਆਰ ਕਰ ਰਹੇ ਹਨ। ਉਸਨੇ ਮੰਗ ਕੀਤੀ ਕਿ ਗਲਤ ਆਏ ਬਿੱਲ ਨੂੰ ਸਹੀ ਕੀਤਾ ਜਾਵੇ ਤਾਂ ਜੋ ਉਹ ਆਪਣੇ ਬਿੱਲ ਦੀ ਅਦਾਇਗੀ ਕਰ ਸਕਣ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਖਿਲਾਫ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ
NEXT STORY