ਜਲੰਧਰ (ਪੁਨੀਤ, ਰਾਹੁਲ) - ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਅਧੀਨ ਪੀ. ਐੱਫ. ਦੇ ਸੰਪੂਰਨ 12 ਫੀਸਦੀ ਦਾ ਅੰਸ਼ਦਾਨ ਭਾਰਤ ਸਰਕਾਰ ਚੁੱਕੇਗੀ, ਜਿਸ ਦੇ ਨਤੀਜੇ ਵਜੋਂ ਹੁਣ ਤਕ 48 ਲੱਖ ਕਾਮਿਆਂ ਨੂੰ ਅਸੰਗਠਿਤ ਤੋਂ ਸੰਗਠਿਤ ਖੇਤਰ 'ਚ ਲਿਆਂਦਾ ਗਿਆ। ਆਉਣ ਵਾਲੇ ਇਕ ਸਾਲ 'ਚ 1 ਕਰੋੜ ਤੋਂ ਜ਼ਿਆਦਾ ਕਾਮਿਆਂ ਨੂੰ ਇਸ ਖੇਤਰ 'ਚ ਲਿਆਉਣ ਦਾ ਟੀਚਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਈ. ਪੀ. ਐੱਫ. ਓ. ਦੇ ਨਵੇਂ ਖੇਤਰੀ ਦਫਤਰ ਦੇ ਉਦਘਾਟਨ ਮੌਕੇ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਦੀ ਦਿਸ਼ਾ 'ਚ ਅਹਿਮ ਕੰਮ ਕੀਤੇ ਹਨ। ਕਿਰਤ ਮੰਤਰਾਲਾ ਦੀਆਂ ਬਦਲਦੀਆਂ ਹੋਈਆਂ ਸਮਾਜਿਕ ਅਤੇ ਆਰਥਿਕ ਦਿਸ਼ਾਵਾਂ ਵਾਂਗ ਕਿਰਤ ਕਾਨੂੰਨਾਂ ਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸੇ ਦਿਸ਼ਾ 'ਚ ਮੌਜੂਦਾ ਸਮੇਂ 'ਚ 40 ਤੋਂ ਜ਼ਿਆਦਾ ਕਿਰਤ ਕਾਨੂੰਨਾਂ ਨੂੰ 4 ਲੇਬਰ ਕੋਡ 'ਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੇ ਸੰਪੂਰਨ ਕਾਰਜਬਲ ਨੂੰ ਘੱਟ ਤੋਂ ਘੱਟ ਮਜ਼ਦੂਰੀ ਅਤੇ ਉਨਤ ਸਮਾਜਿਕ ਸੁਰੱਖਿਆ ਯਕੀਨੀ ਹੋ ਸਕੇ, ਨਾਲ ਹੀ ਨਾਲ ਕੰਮ ਕਰਨ ਵਾਲੇ ਸਥਾਨ 'ਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਉਦਯੋਗਿਕ ਸਬੰਧ ਨੂੰ ਵਧੀਆ ਬਣਾਉਣਾ ਵੀ ਸਾਡਾ ਟੀਚਾ ਹੈ।
ਫਿਕਸਡ ਟਰਮ ਇੰਪਲਾਈਮੈਂਟ ਦੀ ਸਹੂਲਤ ਨੇ ਕਿਰਤ ਬਾਜ਼ਾਰ ਦੀ ਪਕੜ ਨੂੰ ਮਜ਼ਬੂਤ ਕੀਤਾ ਹੈ ਅਤੇ ਦੇਸ਼ 'ਚ ਕਿਰਤ ਸ਼ਕਤੀ ਨੂੰ ਹੋਰ ਗਤੀਸ਼ੀਲ ਬਣਾਇਆ ਹੈ। ਨਾਲ ਹੀ ਸਾਰੇ ਕਾਮਿਆਂ ਦੇ ਕੰਮ ਦੇ ਸਮੇਂ ਲਈ ਸਮਾਜਿਕ ਸੁਰੱਖਿਆ ਨੂੰ ਯਕੀਨੀ ਕੀਤਾ ਗਿਆ ਹੈ। ਇਸ ਨਾਲ ਹੁਣ ਵਪਾਰ ਕਰਨਾ ਹੋਰ ਸੌਖਾ ਹੋ ਗਿਆ ਹੈ। ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਸਥਾਈ ਨੌਕਰੀਆਂ ਵਿਚ ਕੋਈ ਕਮੀ ਨਾ ਆਵੇ।
ਗੰਗਵਾਲ ਨੇ ਕਿਹਾ ਕਿ ਦੇਸ਼ 'ਚ ਘੱਟੋ-ਘੱਟ 40 ਕਰੋੜ ਅਸੰਗਠਿਤ ਖੇਤਰ ਦੇ ਮਜ਼ਦੂਰ ਹਨ ਅਤੇ 5 ਤੋਂ 6 ਕਰੋੜ ਸੰਗਠਿਤ ਖੇਤਰ ਦੇ ਮਜ਼ਦੂਰ ਹਨ। ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਪੀ. ਐੱਫ., ਬੀਮਾ ਅਤੇ ਹੋਰ ਸਮਾਜਿਕ ਸੁਰੱਖਿਆ ਦੇ ਲਾਭ ਨਹੀਂ ਮਿਲਦੇ। ਮੁਲਾਜ਼ਮਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵਿਚ 2 ਲੱਖ ਰੁਪਏ ਦਾ ਬੀਮਾ, ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ 'ਚ 4 ਲੱਖ ਰੁਪਏ ਦਾ ਦੁਰਘਟਨਾ ਬੀਮਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਹ ਯੋਜਨਾਵਾਂ ਕਾਮਿਆਂ ਲਈ ਮੁਫਤ ਹਨ, ਜਿਸ ਦਾ 171 ਰੁਪਏ ਪ੍ਰੀਮੀਅਮ ਅਤੇ 171 ਰੁਪਏ ਪ੍ਰੀਮੀਅਮ ਸਬੰਧਤ ਸੂਬਾ ਸਰਕਾਰ ਚੁੱਕੇਗੀ। ਹੁਣ ਤਕ 3 ਕਰੋੜ ਕਾਮੇ ਇਨ੍ਹਾਂ ਯੋਜਨਾ 'ਚ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਈ. ਡੀ. ਐੱਲ. ਆਈ. (ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ) ਯੋਜਨਾ ਤਹਿਤ ਹੁਣ ਘੱਟੋ-ਘੱਟ 2 ਲੱਖ 50 ਹਜ਼ਾਰ ਦੀ ਬੀਮਾ ਕਵਰ ਈ. ਪੀ. ਐੱਫ. ਓ. ਦੇ ਅੰਸ਼ਧਾਰਕਾਂ ਲਈ ਮੁਹੱਈਆ ਹੈ। ਵੱਧ ਤੋਂ ਵੱਧ ਲਾਭ ਵੀ ਹੁਣ ਵਧਾ ਕੇ 6 ਲੱਖ ਰੁਪਏ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦੇ ਲੇਬਰ ਸੈਕਟਰੀ ਹੀਰਾ ਲਾਲ ਸਾਂਬਰਿਆ, ਭਾਜਪਾ ਪੰਜਾਬ ਪ੍ਰਧਾਨ ਸ਼ਵੈਤ ਮਲਿਕ, ਖੇਤਰੀ ਕਮਿਸ਼ਨਰ ਸੁਨੀਲ ਕੁਮਾਰ ਯਾਦਵ, ਧੀਰਜ ਗੁਪਤਾ, ਸਹਾਇਕ ਕਮਿਸ਼ਨਰ ਸ਼ੌਭਿਤ ਸਿੰਗਲ, ਮੋਹਨ ਸਿੰਘ, ਹਰਿੰਦਰ ਸਿੰਘ, ਜਸ਼ਨਦੀਪ ਕੌਰ, ਰਵੀ ਸਿਨਹਾ, ਪੰਕਜ ਸਰਪਾਲ, ਡਾ. ਵੀ. ਪੀ. ਜੁਆਏ ਅਤੇ ਹੋਰ ਵੀ ਮੌਜੂਦ ਸਨ।
ਸਿਹਤ ਵਿਭਾਗ ਵੱਲੋਂ ਵੱਲਾ ਮੰਡੀ ’ਚ ਛਾਪਾ, 92 ਕੈਰਿਟ ਅੰਬਾਂ ਨੂੰ ਕੀਤਾ ਨਸ਼ਟ : ਭਾਗੋਵਾਲੀਆ
NEXT STORY