ਲੁਧਿਆਣਾ (ਸਿਆਲ) : ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਘਰ (ਆਬਜ਼ਰਵੇਸ਼ਨ ਹੋਮ) ਤੋਂ ਐਤਵਾਰ ਦੁਪਹਿਰ 12.30 ਵਜੇ ਦੇ ਕਰੀਬ ਇਕ ਵਾਰ ਫਿਰ ਸੁਰੱਖਿਆ ਵਿਵਸਥਾ ਨੂੰ ਦਰਕਿਨਾਰ ਕਰਦੇ ਹੋਏ ਇਕ ਕੈਦੀ ਅਤੇ ਇਕ ਹਵਾਲਾਤੀ ਫ਼ਰਾਰ ਹੋ ਗਿਆ। ਉਕਤ ਦੋਵੇਂ ਕੰਬਲ ਦੀ ਰੱਸੀ ਬਣਾ ਕੇ 15 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ ਹੋ ਗਏ। ਫ਼ਰਾਰ ਹੋਣ ਵਾਲਿਆਂ 'ਚ ਕੈਦੀ ਮਨਦੀਪ ਸਿੰਘ ਵਾਸੀ ਪਟਿਆਲਾ ਐੱਨ. ਡੀ. ਪੀ. ਐੱਸ. ਐਕਟ ਮਾਮਲੇ 'ਚ ਸਜ਼ਾ ਭੁਗਤ ਰਿਹਾ ਸੀ, ਜਦੋਂ ਕਿ ਦੂਜਾ ਹਵਾਲਾਤੀ ਸਮੀਰ ਕੁਮਾਰ ਉਰਫ਼ ਦਾਣਾ ਵਾਸੀ ਅੰਮ੍ਰਿਤਸਰ ਹੋਰ ਮਾਮਲੇ 'ਚ ਅੰਦਰ ਬੰਦ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਨੇੜੇ ਮੁੜ ਧਮਾਕਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)
ਸੂਚਨਾ ਮਿਲਣ 'ਤੇ ਬਾਲ ਸੁਧਾਰ ਘਰ ਦੇ ਸੁਪਰੀਡੈਂਟ ਤਰੁਣ ਅਗਰਵਾਲ ਅਤੇ ਸ਼ਿਮਲਾਪੁਰੀ ਪੁਲਸ ਮੌਕੇ 'ਤੇ ਪਹੁੰਚ ਗਈ। ਦੱਸਿਆ ਜਾਂਦਾ ਹੈ ਕਿ ਕੈਦੀ ਪਟਿਆਲਾ ਅਤੇ ਹਵਾਲਾਤੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਨ੍ਹਾਂ ਨੂੰ ਫੜ੍ਹਨ ਲਈ ਪੰਜਾਬ ਦੇ ਕਈ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ਼ਿਮਲਾਪੁਰੀ ਥਾਣੇ ਦੇ ਐੱਸ. ਐੱਚ. ਓ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਫ਼ਰਾਰ ਬੰਦੀਆਂ 'ਤੇ ਏ. ਐੱਸ. ਆਈ. ਜਗੋਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਾ ਤੀਜਾ ਸਾਥੀ ਸ਼ਿਵਮ ਵਾਸੀ ਲੁਧਿਆਣਾ ਵੀ ਭੱਜਣ ਵਾਲਾ ਸੀ, ਜੋ ਮੌਕੇ 'ਤੇ ਫੜ੍ਹ ਲਿਆ ਗਿਆ। ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਹੋਮਗਾਰਡ ਜਵਾਨ ਵਿੱਦਿਆਸਾਗਰ ਅਤੇ ਵਰਿੰਦਰ ਪ੍ਰਸਾਦ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਬਾਲ ਸੁਧਾਰ ਘਰ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪੁਲਸ ਵੱਲੋ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਦੋਵੇਂ ਹਵਾਲਾਤੀ ਜੇਲ੍ਹ ਦੀ ਕੰਧ ਟੱਪਣ ਤੋਂ ਬਾਅਦ ਕਿਸ ਵਾਹਨ 'ਚ ਬੈਠ ਕੇ ਗਏ। ਦੱਸਣਯੋਗ ਹੈ ਕਿ 10 ਜਨਵਰੀ, 2018 ਨੂੰ ਬਾਲ ਸੁਧਾਰ ਘਰ ਤੋਂ 2 ਹਵਾਲਾਤੀ ਬੈਰਕ ਦੀ ਗਰਿੱਲ ਤੋੜ ਕੇ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਫ਼ਰਾਰ ਹੋਣ 'ਚ ਸਫ਼ਲ ਹੋ ਗਏ ਸਨ। ਉਸ ਸਮੇਂ ਵੀ ਸੁਰੱਖਿਆ ਮੁਲਾਜ਼ਮਾਂ 'ਤੇ ਗਾਜ਼ ਡਿਗੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
NEXT STORY