ਲੁਧਿਆਣਾ (ਵਿੱਕੀ) : ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ, ਜਿੱਥੇ ਨਿੱਜੀ ਸਕੂਲਾਂ ਨੇ ਇਸ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ, ਉੱਥੇ ਅਧਿਆਪਕ ਵਰਗ ਵੀ ਬੱਚਿਆਂ ਤੋਂ ਬਿਨਾਂ ਉਨ੍ਹਾਂ ਨੂੰ ਸਕੂਲ ਬੁਲਾਉਣ ਕਾਰਨ ਖਫਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਸੂਬੇ ਭਰ ਦੇ ਕਿਤਾਬ ਅਤੇ ਵਰਦੀ ਵਿਕਰੇਤਾਵਾਂ ਵਿਚ ਨਿਰਾਸ਼ਾ ਦਾ ਆਲਮ ਹੈ। ਨਿੱਜੀ ਸਕੂਲਾਂ ਨਾਲ ਸਬੰਧਿਤ ‘ਰਾਸਾ’ ਅਤੇ ਹੋਰ ਜੱਥੇਬੰਦੀਆਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖ਼ੇਧੀ ਕੀਤੀ ਹੈ। ਪਿਛਲੇ 2 ਸਾਲਾਂ ਦੌਰਾਨ ਕੋਰੋਨਾ ਵਾਇਰਸ ਲੋਕਾਂ ਦੇ ਨਾਲ ਲੁਕਣ-ਮੀਟੀ ਖੇਡ ਰਿਹਾ ਹੈ। ਇਸ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਨਾਲ ਜੁੜੇ ਕਾਰੋਬਾਰ ’ਤੇ ਪਿਆ ਹੈ। ਕੁੱਝ ਮਹੀਨੇ ਪਹਿਲਾਂ ਮੁੜ ਪਹਿਲਾਂ ਵਾਂਗ ਸ਼ੁਰੂ ਹੋਏ ਸਕੂਲ ਹੁਣ ਫਿਰ 15 ਜਨਵਰੀ ਤੱਕ ਬੰਦ ਹੋ ਗਏ ਹਨ। ਜਦੋਂਕਿ 16 ਤਾਰੀਖ਼ ਨੂੰ ਐਤਵਾਰ ਪੈਂਦਾ ਹੈ। ਹਾਲਾਂਕਿ ਇਹ ਹਾਲਾਤ ’ਤੇ ਨਿਰਭਰ ਹੈ ਕਿ ਇਹ ਸਕੂਲ ਕਦੋਂ ਤੱਕ ਬੰਦ ਰਹਿਣਗੇ। ਜੇਕਰ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧਾ ਦਰਜ ਕੀਤਾ ਗਿਆ ਤਾਂ ਇਹ ਸਕੂਲ 17 ਜਨਵਰੀ ਨੂੰ ਮੁੜ ਖੁੱਲ੍ਹਣ ਦੇ ਆਸਾਰ ਨਹੀਂ ਹਨ। ਸਕੂਲਾਂ ਦੇ ਮੁੜ ਬੰਦ ਹੋਣ ਨਾਲ ਜਿੱਥੇ ਬੱਚਿਆਂ ਦੀ ਪੜ੍ਹਾਈ ਫਿਰ ਪ੍ਰਭਾਵਿਤ ਹੋਵੇਗੀ, ਉੱਥੇ ਵਰਦੀ ਅਤੇ ਕਿਤਾਬ ਵਿਕਰੇਤਾ ਨਿਰਾਸ਼ਾ ਦੇ ਆਲਮ ਵਿਚ ਹਨ। ਪਿਛਲੇ 2 ਸਾਲਾਂ ਦੌਰਾਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਵਾਰ ਸਕੂਲ ਖੁੱਲ੍ਹਣ ’ਤੇ ਉਨ੍ਹਾਂ ਨੂੰ ਕੁਝ ਉਮੀਦ ਜਾਗੀ ਸੀ ਪਰ ਮੁੜ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ਰੱਦ ਹੋਣ ਮਗਰੋਂ 'PM ਮੋਦੀ' ਦਾ ਪਹਿਲਾ ਪੰਜਾਬ ਦੌਰਾ ਅੱਜ, ਕਈ ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ
ਸਕੂਲਾਂ ’ਤੇ ਵੀ ਹੋਣ ਬਾਕੇ ਅਦਾਰਿਆਂ ਵਾਂਗ ਹੁਕਮ ਲਾਗੂ
ਦੂਜੇ ਪਾਸੇ ਰਿਕਾਗਨਾਈਜ਼ਡ ਐਂਡ ਐਫਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ ਅਤੇ ਪ੍ਰਾਂਤਕ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਨੇ ਪੰਜਾਬ ਸਰਕਾਰ ਦੇ ਸਕੂਲ ਬੰਦ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਸਕੂਲ ਬੰਦ ਹੋਣ ਕਰਨ ਉਹ ਪਹਿਲਾਂ ਹੀ ਆਰਥਿਕ ਮੰਦੇ ਦੀ ਮਾਰ ਝੱਲ ਰਹੇ ਹਨ, ਹੁਣ ਮੁੜ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦਾ ਇਹ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ। ਜਿੱਥੇ ਸਿਨੇਮਾ, ਮਾਲ ਅਤੇ ਰੈਸਟੋਰੈਂਟ ਨੂੰ 50 ਫ਼ੀਸਦੀ ਗਿਣਤੀ ਦੇ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਉੱਥੇ ਸਕੂਲਾਂ ’ਤੇ ਵੀ ਇਹ ਨਿਯਮ ਲਾਗੂ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਸਕੂਲਾਂ ਦੀ ਸਾਂਝਾ ਫੈੱਡਰੇਸ਼ਨ ਦੇ ਪ੍ਰਾਂਤਕ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਸਰਕਾਰ ਵੱਲੋਂ ਸਕੂਲ, ਕਾਲਜ ਬੰਦ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਭਵਿੱਖ ਨੂੰ ਜੇਕਰ ਸਿਆਸਤ ਦੀ ਭੇਟ ਚੜ੍ਹਾਉਣ ਦਾ ਯਤਨ ਕੀਤਾ ਗਿਆ ਤਾਂ ਮਾਪਿਆਂ ਦੀ ਸਹਿਮਤੀ ਨਾਲ ਸਕੂਲਾਂ ਨੂੰ ਫਿਰ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਰੈਲੀਆਂ ਹੋ ਸਕਦੀਆਂ ਹਨ ਤਾਂ ਸਕੂਲ ਵੀ ਖੁੱਲ੍ਹਣਗੇ।
ਇਹ ਵੀ ਪੜ੍ਹੋ : ਪਤਨੀ ਦੇ ਸੈਲੂਨ ਜਾਣ ਤੋਂ ਖਿਝਦਾ ਸੀ ਪਤੀ, ਗੁੱਸੇ 'ਚ ਆਏ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ
ਸਕੂਲ ਬੰਦ ਤਾਂ ਸਟਾਫ਼ ਨੂੰ ਕਿਉਂ ਬੁਲਾਇਆ?
ਪੰਜਾਬ ਦਾ ਸਿੱਖਿਆ ਵਿਭਾਗ ਆਮ ਕਰ ਕੇ ਆਪਣੇ ਅਜੀਬੋ-ਗਰੀਬ ਕੰਮਾਂ ਕਾਰਨ ਸੁਰਖੀਆਂ ਬਟੋਰਦਾ ਰਹਿੰਦਾ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ 15 ਜਨਵਰੀ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਜਿੱਥੇ ਬੱਚਿਆਂ ਲਈ ਸਕੂਲ ਬੰਦ ਹੋਣਗੇ, ਉੱਥੇ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਸਕੂਲ ’ਚ ਹਾਜ਼ਰ ਰਹੇਗਾ। ਇਨ੍ਹਾਂ ਹੁਕਮਾਂ ਕਾਰਨ ਜਿਨ੍ਹਾਂ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਸਖ਼ਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਵੱਖ-ਵੱਖ ਸਕੂਲਾਂ ਦੇ ਸਟਾਫ਼ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਇਹ ਹੁਕਮ ਹਾਸੋਹੀਣੇ ਹਨ, ਜਿੱਥੇ ਬਾਕੀ ਦਫ਼ਤਰਾਂ ਵਿਚ ਸਟਾਫ਼ ਨੂੰ 50 ਫ਼ੀਸਦੀ ਬੁਲਾਇਆ ਗਿਆ ਹੈ, ਉਥੇ ਸਕੂਲਾਂ ਵਿਚ ਅਜਿਹਾ ਨਹੀਂ ਹੈ। ਜਦੋਂ ਬੱਚੇ ਸਕੂਲ ਹੀ ਨਹੀਂ ਆ ਰਹੇ ਤਾਂ ਸਟਾਫ਼ ਨੇ ਸਕੂਲ ਵਿਚ ਆ ਕੇ ਕੀ ਕਰਨਾ ਹੈ? ਆਨਲਾਈਨ ਕਲਾਸਾਂ ਕਿਤੋਂ ਵੀ ਲਗਾਈਆਂ ਜਾ ਸਕਦੀਆਂ ਹਨ। ਅਜਿਹੇ ਵਿਚ ਜੇਕਰ ਉਹ ਸਕੂਲ ਵਿਚ ਮੌਜੂਦ ਰਹਿਣਗੇ ਤਾਂ ਉਨ੍ਹਾਂ ਨੂੰ ਇਕ ਦੂਜੇ ਤੋਂ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਬਣਿਆ ਰਹੇਗਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਅਗਲੇ DGP ਹੋ ਸਕਦੇ ਨੇ 'ਵੀ. ਕੇ. ਭਾਵਰਾ'
ਸਕੂਲਾਂ ਨੂੰ ਸੈਲਰੀ ਕੱਟਣ ਦਾ ਮਿਲਿਆ ਇਕ ਹੋਰ ਬਹਾਨਾ
ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਲਈ ਲਏ ਗਏ ਫ਼ੈਸਲੇ ਦੇ ਸਬੰਧ ਵਿਚ ਨਿੱਜੀ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕ ਦਿਨੇਸ਼, ਮੋਨਿਕਾ, ਗੁਰਜੀਤ ਦੇ ਨਾਲ-ਨਾਲ ਵੱਖ-ਵੱਖ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਲਾਕਡਾਊਨ ਦੌਰਾਨ ਸਕੂਲ ਬੰਦ ਰਹੇ ਅਤੇ ਉਨ੍ਹਾਂ ਦੀ ਤਨਖ਼ਾਹ ਵਿਚ ਵੱਡੀ ਕਟੌਤੀ ਕੀਤੀ ਗਈ। ਕੁੱਝ ਅਧਿਆਪਕਾਂ ਨੂੰ ਤਾਂ ਤਨਖ਼ਾਹ ਦਿੱਤੀ ਹੀ ਨਹੀਂ ਗਈ ਪਰ ਸਕੂਲ ਨੇ ਬੱਚਿਆਂ ਤੋਂ ਪੂਰੀ ਫ਼ੀਸ ਅਤੇ ਹੋਰ ਚਾਰਜਿਜ਼ ਵਿਚ ਕੋਈ ਕਟੌਤੀ ਨਾ ਕਰਦਿਆਂ ਸਾਰੇ ਖ਼ਰਚੇ ਵਸੂਲੇ ਹਨ। ਅਜਿਹੇ ਵਿਚ ਹੁਣ ਸਕੂਲ ਬੰਦ ਹੋਣ ਨਾਲ ਸਕੂਲਾਂ ਨੂੰ ਅਧਿਆਪਕਾਂ ਦੀ ਤਨਖ਼ਾਹ ਕੱਟਣ ਜਾਂ ਨਾ ਦੇਣ ਦਾ ਇਕ ਹੋਰ ਮੌਕਾ ਮਿਲ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਪੰਜਾਬ ਦੇ ਅਗਲੇ DGP ਹੋ ਸਕਦੇ ਨੇ 'ਵੀ. ਕੇ. ਭਾਵਰਾ'
NEXT STORY