ਜਲੰਧਰ/ਪਠਾਨਕੋਟ (ਧਵਨ) : ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਸਿਰਫ ਅਭਿਨੇਤਾ ਕਰਾਰ ਦਿੰਦੇ ਹੋਏ ਕਿਹਾ ਕਿ ਜਨਤਾ ਨੂੰ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ ਜੋ ਸ਼ਹੀਦਾਂ ਦੇ ਨਾਂ' ਤੇ ਆਪਣੀ ਸਿਆਸਤ ਚਲਾਉੁਂਦਾ ਹੈ ਜਾਂ ਫਿਰ ਉਹ ਇਕ ਸ਼ਹੀਦ ਦੇ ਪੁੱਤਰ (ਰਾਹੁਲ ਗਾਂਧੀ) ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪ੍ਰਿਯੰਕਾ ਗਾਂਧੀ ਨੇ ਪਠਾਨਕੋਟ 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਸਮਰਥਨ 'ਚ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਮੋਦੀ ਸਭ ਤੋਂ ਵੱਡੇ ਅਭਿਨੇਤਾ ਸਿੱਧ ਹੋਏ ਹਨ, ਜਿਨ੍ਹਾਂ ਨੇ ਪਿਛਲੇ 5 ਸਾਲ ਝੂਠ ਦੇ ਸਹਾਰੇ ਹੀ ਕੱਢ ਦਿੱਤੇ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਤਾਂ ਸ਼ਹੀਦਾਂ ਤੇ ਸਾਬਕਾ ਫੌਜੀਆਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੇ ਨਾਂ 'ਤੇ ਵੀ ਆਪਣੀ ਰਾਜਨੀਤੀ ਚਮਕਾਈ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਇਕ ਰੈਂਕ ਇਕ ਪੈਨਸ਼ਨ ਦੇ ਨਾਂ 'ਤੇ ਵੀ ਧੋਖਾ ਦਿੱਤਾ ਗਿਆ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ। ਮੋਦੀ ਨੇ ਇਸ 'ਚ ਵੀ ਆਪਣੀ ਰਾਜਨੀਤੀ ਚਮਕਾਈ ਅਤੇ ਇਸ ਨੂੰ ਸਾਬਕਾ ਫੌਜੀਆਂ ਨੂੰ ਇਕ ਤੋਹਫਾ ਕਰਾਰ ਦਿੱਤਾ। ਪ੍ਰਿਯੰਕਾ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਇਕ ਨੇਤਾ ਸਵੀਕਾਰ ਹੈ ਜਾਂ ਫਿਰ ਅਭਿਨੇਤਾ। ਉਨ੍ਹਾਂ ਗੁਰਦਾਸਪੁਰ ਦੀ ਜਨਤਾ ਨੂੰ ਕਿਹਾ ਕਿ ਜਾਖੜ ਹੀ ਲੋਕਾਂ ਦੇ ਅਸਲੀ ਨੇਤਾ ਹਨ। ਉਨ੍ਹਾਂ ਨੇ ਮੋਦੀ ਤੇ ਸੰਨੀ ਦਿਓਲ ਦੋਹਾਂ ਨੂੰ ਅਭਿਨੇਤਾ ਦੀ ਸ਼੍ਰੇਣੀ 'ਚ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਲੋਕਾਂ ਦਾ ਕੋਈ ਭਲਾ ਨਹੀਂ ਹੋ ਸਕਦਾ। ਪ੍ਰਿਯੰਕਾ ਨੇ ਮੋਦੀ ਤੇ ਭਾਜਪਾ ਨੂੰ ਹੰਕਾਰੀ ਕਰਾਰ ਦਿੰਦੇ ਹੋਏ ਕਿਹਾ ਕਿ ਇਸੇ ਕਾਰਨ ਉਹ ਹੇਠਲੇ ਪੱਧਰ ਦੀ ਰਾਜਨੀਤੀ 'ਤੇ ਉਤਰ ਆਏ ਹਨ। ਉਨ੍ਹਾਂ ਨੇ ਭਾਜਪਾ ਦੇ ਕਥਿਤ ਰਾਸ਼ਟਰਵਾਦ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਫੇਲ ਸਮਝੌਤੇ ਦੇ ਤਹਿਤ ਰਾਫੇਲ ਜਹਾਜ਼ ਬਣਾਉਣ ਦਾ ਠੇਕਾ ਉਸ ਕੰਪਨੀ ਨੂੰ ਦੇ ਦਿੱਤਾ ਜਿਸ ਨੂੰ ਰੱਖਿਆ ਖੇਤਰ ਦਾ ਕੋਈ ਤਜਰਬਾ ਪ੍ਰਾਪਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਜਿਹੇ ਰਾਸ਼ਟਰਵਾਦੀ ਵਿਅਕਤੀ ਹਨ, ਜਿਨ੍ਹਾਂ ਕੋਲ ਨਾ ਜਵਾਨਾਂ, ਨਾ ਕਿਸਾਨਾਂ ਅਤੇ ਨਾ ਗਰੀਬ ਲੋਕਾਂ ਲਈ ਸਮਾਂ ਹੈ। ਉਹ ਪੰਜ ਸਾਲ ਵਿਸ਼ਵ ਭਰ ਦੇ ਚੱਕਰ ਹੀ ਕੱਟਦੇ ਰਹਿ ਗਏ।
ਪ੍ਰਿਯੰਕਾ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਮੋਦੀ ਦੀ ਤਸਵੀਰ ਬੱਚੇ ਨੂੰ ਚੁੰਮਦੇ ਹੋਏ ਦੇਖੀ ਤਾਂ ਉਨ੍ਹਾਂ ਦੇ ਮਨ 'ਚ ਖੁਸ਼ੀ ਹੋਈ ਕਿ ਆਖਿਰ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਹੈ ਪਰ ਬਾਅਦ ਵਿਚ ਤਸਵੀਰ ਦੇ ਹੇਠਾਂ ਲਿਖੀਆਂ ਲਾਈਨਾਂ ਪੜ੍ਹੀਆਂ ਤਾਂ ਪਤਾ ਲੱਗਾ ਕਿ ਉਹ ਅਮਿਤ ਸ਼ਾਹ ਦੇ ਪੁੱਤਰ ਦਾ ਮੱਥਾ ਚੁੰਮ ਰਹੇ ਸਨ। ਪ੍ਰਿਯੰਕਾ ਨੇ ਮੋਦੀ 'ਤੇ ਅਸਫਲਤਾ ਨੂੰ ਲੈ ਕੇ ਹਮਲਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਆਮਦਨ ਨਾ ਤਾਂ ਦੁੱਗਣੀ ਹੋਈ ਅਤੇ ਨਾ ਹੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ। ਉਲਟਾ ਮੋਦੀ ਸਰਕਾਰ ਨੇ ਨੋਟਬੰਦੀ ਤੇ ਜੀ. ਐੱਸ. ਟੀ. ਲਾਗੂ ਕਰ ਕੇ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਅਤੇ ਕਰੋੜਾਂ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤੋਂ ਦੇਸ਼ ਦੀ ਜਨਤਾ ਨੂੰ ਕਾਫੀ ਉਮੀਦਾਂ ਹਨ। ਉਨ੍ਹਾਂ ਸੰਨੀ ਦਿਓਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਚੋਣਾਂ ਖਤਮ ਹੁੰਦੇ ਹੀ ਮੁੰਬਈ ਦੌੜ ਜਾਣਗੇ, ਜਦਕਿ ਸੁਨੀਲ ਜਾਖੜ ਨੇ ਤਾਂ ਹਮੇਸ਼ਾ ਇਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ।
'ਜੀ. ਪੀ. ਐੱਸ.' ਰਾਹੀਂ ਪੋਲਿੰਗ ਪਾਰਟੀਆਂ ਦੀ ਮੂਵਮੈਂਟ 'ਤੇ ਨਜ਼ਰ ਰੱਖੇਗਾ ਚੋਣ ਕਮਿਸ਼ਨ
NEXT STORY