ਲੁਧਿਆਣਾ : ਲੁਧਿਆਣਾ ਵੱਸਦੇ ਗੁਰਬਾਣੀ ਸੰਗੀਤ ਮਾਰਤੰਡ ਪ੍ਰੋ. ਕਰਤਾਰ ਸਿੰਘ ਜੀ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ, ਅੱਜ ਤੜਕਸਾਰ ਸਵਾ 2 ਵਜੇ ਸਥਾਨਕ ਦਯਾਨੰਦ ਹਸਪਤਾਲ ਵਿੱਚ ਸੁਰਗਵਾਸ ਹੋ ਗਏ। ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ 'ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪ੍ਰੋ. ਗੁਰਭਜਨ ਗਿੱਲ ਡੀ. ਐੱਮ. ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਅਤੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਸਮੇਤ ਦੋਸ਼ਾਲਾ ਪਹਿਨਾ ਕੇ ਸਨਮਾਨਿਤ ਕੀਤਾ ਸੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਭਾਰਤ ਸਰਕਾਰ ਵੱਲੋਂ ਭੇਜਿਆ ਪਦਮ ਸ਼੍ਰੀ ਚਿੰਨ੍ਹ ਤੇ ਸਨਮਾਨ ਹਸਪਤਾਲ ਪਹੁੰਚ ਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ, ਉਨ੍ਹਾਂ ਦੇ ਸ਼ਾਗਿਰਦ ਰਵਿੰਦਰ ਰੰਗੂਵਾਲ ਸਮੇਤ ਪਰਿਵਾਰ ਦੀ ਹਾਜ਼ਰੀ 'ਚ ਭੇਂਟ ਕੀਤਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦੀ ਮਦਦ ਦਾ ਵੀ ਭਰੋਸਾ ਦੁਆਇਆ ਸੀ।
ਇਹ ਵੀ ਪੜ੍ਹੋ : ਟਾਂਡਾ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੂੰਹ ਨੇ ਬਾਹਰੋਂ ਬੰਦੇ ਮੰਗਵਾ ਕੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਿਆ
ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਪ੍ਰੋ. ਕਰਤਾਰ ਸਿੰਘ ਜੀ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰੋ. ਕਰਤਾਰ ਸਿੰਘ ਜੀ ਦਾ ਜਨਮ 1928 ਵਿੱਚ ਲਾਹੌਰ ਜ਼ਿਲ੍ਹੇ ਦੇ ਪਿੰਡ ਘੁੰਮਣਕੇ ਵਿੱਚ ਹੋਇਆ। ਆਪ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਭਾਈ ਗੁਰਚਰਨ ਸਿੰਘ, ਭਾਈ ਸੁੰਦਰ ਸਿੰਘ ਕਸੂਰ ਵਾਲਿਆਂ ਤੋਂ ਪ੍ਰਾਪਤ ਕੀਤੀ। ਤਬਲਾ ਵਾਦਕ ਭਾਈ ਦਲੀਪ ਸਿੰਘ, ਬਲਵੰਤ ਰਾਏ ਜਸਵਾਲ ਅਤੇ ਉਸਤਾਦ ਜਸਵੰਤ ਭੰਵਰਾ ਜੀ ਤੋਂ ਵੀ ਆਪ ਨੇ ਸ਼ਾਸਤਰੀ ਸੰਗੀਤ ਸਿੱਖਿਆ ਗ੍ਰਹਿਣ ਕੀਤੀ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਵੱਦੀ ਕਲਾਂ (ਲੁਧਿਆਣਾ) ਵਿੱਚ ਆਪ ਨੇ ਉਸਤਾਦ ਜਸਵੰਤ ਭੰਵਰਾ, ਡਾ. ਗੁਰਨਾਮ ਸਿੰਘ ਪਟਿਆਲਾ ਅਤੇ ਸਵ. ਬੀਬੀ ਜਸਬੀਰ ਕੌਰ ਖ਼ਾਲਸਾ ਦੇ ਨਾਲ ਵੱਡੀ ਧਿਰ ਬਣ ਕੇ 1991 'ਚ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਅਗਵਾਈ ਹੇਠ ਨਿਰਧਾਰਿਤ ਰਾਗਾਂ ਵਾਲੀ ਕੀਰਤਨ ਲਹਿਰ ਦੀ ਨੀਂਹ ਰੱਖੀ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਪੂਰੇ ਪੰਜਾਬ ਦੀਆਂ ਨਜ਼ਰਾਂ, ਦਿਲਚਸਪ ਹੋਵੇਗਾ ਮੁਕਾਬਲਾ
ਸੰਗੀਤ ਅਧਿਆਪਨ ਦਾ ਕਾਰਜ ਆਪ ਨੇ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਤੇ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਵਿੱਚ ਮੁਖੀ ਸੰਗੀਤ ਵਿਭਾਗ ਵਜੋਂ ਲੰਮਾ ਸਮਾਂ ਕੀਤਾ। ਇਸ ਸਮੇਂ ਵੀ ਆਪ ਗੁਰਮਤਿ ਸੰਗੀਤ ਅਕਾਦਮੀ ਸ਼੍ਰੀ ਆਨੰਦਪੁਰ ਸਾਹਿਬ ਦੇ ਨਿਰਦੇਸ਼ਕ ਸਨ। ਆਪ ਵੱਲੋਂ ਗੁਰਮਤਿ ਸੰਗੀਤ ਨਾਲ ਸਬੰਧਿਤ ਪੰਜ ਪੁਸਤਕਾਂ ਦਾ ਪ੍ਰਕਾਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਪੰਜਾਬੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਪਟਿਆਲਾ ਦੀ ਪ੍ਰੇਰਨਾ ਨਾਲ ਉਨ੍ਹਾਂ ਕਲਮ ਸਾਧਨਾ ਸ਼ੁਰੂ ਕੀਤੀ। ਇਸ ਵੇਲੇ ਵੀ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਨ ਅਧੀਨ ਸਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵੀ ਉਹ ਜੀਵਨ ਮੈਂਬਰ ਸਨ। ਉਨ੍ਹਾਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਆਖ਼ਰੀ ਮੁਲਾਕਾਤ ਵੇਲੇ ਸੰਦੇਸ਼ ਦਿੰਦਿਆਂ ਕਿਹਾ ਕਿ ਮੇਰੇ ਲਈ ਅਰਦਾਸ ਕਰੋ ਕਿ ਮੈ ਗੁਰਬਾਣੀ ਸੰਗੀਤ ਦੇ ਅਧੂਰੇ ਪ੍ਰਾਜੈਕਟ ਨਿਰਵਿਘਨ ਸੰਪੂਰਨ ਕਰ ਸਕਾਂ ਪਰ ਉਹ ਗੱਲ ਪੂਰੀ ਨਾ ਹੋ ਸਕੀ। ਪ੍ਰੋ. ਕਰਤਾਰ ਸਿੰਘ ਜੀ ਦੇ ਸਪੁੱਤਰ ਅਮਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮੀਂ 4 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਰ ਲੁਧਿਆਣਾ 'ਚ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
NIA ਨੇ ਸੰਭਾਲੀ ਲੁਧਿਆਣਾ ਬੰਬ ਧਮਾਕਾ ਕੇਸ ਦੀ ਜਾਂਚ, ਜਸਵਿੰਦਰ ਸਿੰਘ ਮੁਲਤਾਨੀ ਤੇ ਸਾਥੀਆਂ 'ਤੇ ਕੇਸ ਦਰਜ
NEXT STORY