ਪਟਿਆਲਾ, (ਜੋਸਨ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਕ ਪ੍ਰੋਫੈਸਰ ਲੜਕੀਆਂ ਵੱਲੋਂ ਲਾਏ ਸੈਕਸੂਅਲ ਹਰਾਸਮੈਂਟ ਦੇ ਇਲਜ਼ਾਮਾਂ ਵਿਚ ਘਿਰ ਗਿਆ ਹੈ। ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਪ੍ਰਬੰਧਕਾਂ ਨੇ ਕਾਹਲੀ-ਕਾਹਲੀ ਵਿਚ ਤੁਰੰਤ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਇਹ ਵਿਵਾਦ ਸੈਕਸੁਅਲ ਹਰਾਸਮੈਂਟ ਦਾ ਹੈ, ਜੋ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਨਾਲ ਜੁੜਿਆ ਹੋਇਆ ਹੈ। ਜਰਨਲਿਜ਼ਮ ਵਿਭਾਗ ਦੀਆਂ 2 ਲੜਕੀਆਂ ਨੇ ਆਪਣੇ ਹੀ ਇਕ ਪ੍ਰੋਫੈਸਰ 'ਤੇ ਸੈਕਸੂਅਲ ਹਰਾਸਮੈਂਟ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਾਈ ਹੈ। ਵਿਦਿਆਰਥਣਾਂ ਮੁਤਾਬਕ ਵਿਭਾਗ ਦਾ ਇਹ ਪ੍ਰੋਫੈਸਰ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕਰਦਾ ਹੈ। ਰਾਤ 10 ਵਜੇ ਤੋਂ ਬਾਅਦ ਮੈਸੇਜ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਡਿਨਰ, ਲੰਚ ਜਾਂ ਲੰਬੀ ਦੂਰੀ 'ਤੇ ਘੁੰਮਣ ਜਾਣ ਲਈ ਕਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਕੱਲੀਆਂ ਲੜਕੀਆਂ ਨਹੀਂ ਹਨ, ਜਿਨ੍ਹਾਂ ਨੂੰ ਪ੍ਰੋਫੈਸਰ ਨੇ ਪ੍ਰੇਸ਼ਾਨ ਕੀਤਾ, ਇਸ ਤੋਂ ਪਹਿਲਾਂ ਵੀ ਕਈ ਲੜਕੀਆਂ ਮਾਨਸਿਕ ਪ੍ਰੇਸ਼ਾਨੀ ਝੱਲ ਚੁੱਕੀਆਂ ਹਨ। ਸ਼ਰਮ ਦੇ ਮਾਰੇ ਉਹ ਅੱਗੇ ਨਹੀਂ ਆਈਆਂ। ਇਸ ਵਾਰ ਉਨ੍ਹਾਂ ਨੇ ਮਿਲ ਕੇ ਇਸ ਪ੍ਰੋਫੈਸਰ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਹੈ। ਉਮੀਦ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ ਦਿਵਾਏਗਾ।
ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਇਸ ਮਾਮਲੇ ਸਬੰਧੀ ਮੀਡੀਆ ਦੇ ਸਾਹਮਣੇ ਨਹੀਂ ਆ ਰਿਹਾ ਹੈ।
ਪਤਾ ਲੱਗਾ ਹੈ ਕਿ ਉਕਤ ਪ੍ਰੋਫੈਸਰ ਛੁੱਟੀ 'ਤੇ ਚਲਾ ਗਿਆ ਹੈ। ਇਸ ਸ਼ਿਕਾਇਤ ਸਬੰਧੀ ਪੰਜਾਬੀ ਯੂਨੀਵਰਸਿਟੀ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਬਣੀ ਕਮੇਟੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਟਿਆਲਾ 'ਚ ਸਪੋਰਟਸ ਯੂਨੀਵਰਸਿਟੀ ਆਉਂਦੇ ਵਿਦਿਅਕ ਸੈਸ਼ਨ ਤੋਂ ਹੋਵੇਗੀ ਸ਼ੁਰੂ
NEXT STORY