ਪਟਿਆਲਾ, (ਪਰਮੀਤ)- ਸ਼ਾਹੀ ਸ਼ਹਿਰ ਦੀ ਮਾਲ ਰੋਡ 'ਤੇ ਸਥਿਤ ਸਰਕਾਰੀ ਮਹਿੰਦਰਾ ਕੋਠੀ ਸ਼ਹਿਰ ਵਾਸਤੇ 'ਲੱਕੀ' ਸਾਬਤ ਹੋਣ ਜਾ ਰਹੀ ਹੈ। ਸ਼ਾਹੀ ਪਰਿਵਾਰ ਦੀ ਪੁਰਾਤਨ ਵਿਰਾਸਤ ਨਾਲ ਜੁੜੀ ਇਸ ਕੋਠੀ ਵਿਚ ਪਹਿਲਾਂ ਜਿੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੀ ਸ਼ੁਰੂਆਤ ਹੋਈ ਸੀ, ਉਥੇ ਹੀ ਹੁਣ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੀ ਸ਼ੁਰੂਆਤ ਵੀ ਇਸ ਤੋਂ ਕੀਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸਪੋਰਟਸ ਯੂਨੀਵਰਸਿਟੀ ਦਾ ਮਹਿੰਦਰਾ ਕੋਠੀ ਦੇ ਕੈਂਪਸ ਤੋਂ ਆਉਂਦੇ ਵਿਦਿਅਕ ਵਰ੍ਹੇ ਸੈਸ਼ਨ ਸ਼ੁਰੂ ਕਰਨ ਦੀ ਤਜਵੀਜ਼ ਹੈ। ਇਸ ਤਰ੍ਹਾਂ ਇਹ ਦੂਜੀ ਯੂਨੀਵਰਸਿਟੀ ਹੋਵੇਗੀ ਜੋ ਇਸ ਕੋਠੀ ਤੋਂ ਆਪਣੀ ਆਰਜ਼ੀ ਸ਼ੁਰੂਆਤ ਕਰੇਗੀ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਾਂਗ ਹੀ ਇਸ ਸਪੋਰਟਸ ਯੂਨੀਵਰਸਿਟੀ ਦਾ ਕੈਂਪਸ ਵੀ ਪਿੰਡ ਸਿੱਧੂਵਾਲ ਵਿਚ ਸਥਾਪਤ ਕੀਤਾ ਜਾਵੇਗਾ। ਇਸ ਵਾਸਤੇ ਉਥੇ 50 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।
ਤਿੰਨ ਯੂਨੀਵਰਸਿਟੀਆਂ ਵਾਲਾ ਪਹਿਲਾ ਸ਼ਹਿਰ ਬਣੇਗਾ ਪਟਿਆਲਾ
ਜਦੋਂ ਸਪੋਰਟਸ ਯੂਨੀਵਰਸਿਟੀ ਸ਼ੁਰੂ ਹੋ ਗਈ ਤਾਂ ਫਿਰ ਪਟਿਆਲਾ ਪੰਜਾਬ ਦਾ ਪਹਿਲਾ ਸ਼ਹਿਰ ਬਣ ਜਾਵੇਗਾ ਜਿੱਥੇ ਤਿੰਨ ਯੂਨੀਵਰਸਿਟੀਆਂ ਇੱਕੋ ਸ਼ਹਿਰ ਵਿਚ ਹੋਣਗੀਆਂ। ਇਸ ਤੋਂ ਪਹਿਲਾਂ ਬਠਿੰਡਾ ਵਿਚ ਕੇਂਦਰੀ ਯੂਨੀਵਰਸਿਟੀ ਤੇ ਇਕ ਪ੍ਰਾਈਵੇਟ ਯੂਨੀਵਰਸਿਟੀ ਚੱਲ ਰਹੀ ਹੈ। ਤਿੰਨ ਯੂਨੀਵਰਸਿਟੀਆਂ ਨਾਲ ਸ਼ਾਹੀ ਸ਼ਹਿਰ ਬਾਕੀ ਸ਼ਹਿਰਾਂ ਤੋਂ ਅੱਗੇ ਲੰਘ ਜਾਵੇਗਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਿਰਫ ਜ਼ਮੀਨ ਉਪਲਬਧ ਕਰਵਾਉਣੀ ਹੈ। ਬਾਕੀ ਦੀ ਕਾਰਵਾਈ ਖੇਡ ਵਿਭਾਗ ਤੇ ਸਰਕਾਰ ਵੱਲੋਂ ਕੀਤੀ ਜਾਵੇਗੀ। ਜਦੋਂ ਪੁੱਛਿਆ ਗਿਆ ਕਿ ਯੂਨੀਵਰਸਿਟੀ ਦਾ ਨਾਂ ਕੀ ਰੱਖਿਆ ਜਾ ਰਿਹਾ ਹੈ? ਤਾਂ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਇਸ ਬਾਰੇ ਕੋਈ ਫੈਸਲਾ ਹਾਲੇ ਤੱਕ ਨਹੀਂ ਹੋਇਆ। ਨਾ ਹੀ ਇਸ ਬਾਬਤ ਪੰਜਾਬ ਸਰਕਾਰ ਵੱਲੋਂ ਕੋਈ ਸੂਚਨਾ ਹੀ ਪ੍ਰਾਪਤ ਹੋਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ ਪੁੱਛਣ 'ਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਇਹ ਕਾਰਵਾਈ ਵੀ ਖੇਡ ਵਿਭਾਗ ਅਤੇ ਸਰਕਾਰ ਨੇ ਵੇਖਣੀ ਹੈ। ਜ਼ਿਲਾ ਪੱਧਰ 'ਤੇ ਇਸ ਦੀ ਕੋਈ ਸੂਚਨਾ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਆਉਂਦੇ ਵਿਦਿਅਕ ਵਰ੍ਹੇ ਤੋਂ ਸੈਸ਼ਨ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਦੀ ਪੁਸ਼ਟੀ ਕੀਤੀ ਹੈ।
ਰਾਮੂਵਾਲੀਆ ਵੱਲੋਂ ਠੱਗ ਟ੍ਰੈਵਲ ਏਜੰਟਾਂ ਵਿਰੁੱਧ ਲਏ ਫੈਸਲੇ ਦੀ ਸ਼ਲਾਘਾ
NEXT STORY