ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਜਸਵੀਰ ਸਿੰਘ ਵਾਸੀ ਪਿੰਡ ਮਾਂਗਟ ਦੇ ਬਿਆਨਾਂ ਦੇ ਅਧਾਰ ’ਤੇ ਪਿੰਡ ਉਧੋਵਾਲ ਖੁਰਦ ਦੀ ਸ਼ਾਮਲਾਟ ਦੀ ਜ਼ਮੀਨ ਮਾਲਕੀ ਦੱਸ ਕੇ ਵੇਚਣ ਦੇ ਕਥਿਤ ਦੋਸ਼ ਹੇਠ ਪ੍ਰਾਪਰਟੀ ਡੀਲਰ ਸਮੇਤ 4 ’ਤੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਜਗਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਵਾਸੀਆਨ ਲਾਡਪੁਰ, ਜ਼ਿਲਾ ਫਤਹਿਗੜ੍ਹ ਸਾਹਿਬ ਅਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਵਾਸੀ ਉਧੋਵਾਲ ਖੁਰਦ ਵਜੋਂ ਹੋਈ ਹੈ। ਜਸਵੀਰ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਜ਼ਮੀਨ ਖਰੀਦਣ ਦਾ ਇਛੁੱਕ ਸੀ ਅਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੇ ਉਸ ਨੂੰ ਉਧੋਵਾਲ ਖੁਰਦ ਵਿਖੇ 59 ਕਨਾਲ 9 ਮਰਲੇ ਜ਼ਮੀਨ ਦਿਖਾਈ। ਇਸ ਜ਼ਮੀਨ ਦਾ ਸੌਦਾ 33 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਇਆ ਅਤੇ ਉਸਨੇ ਜ਼ਮੀਨ ਮਾਲਕਾਂ ਨੂੰ 40 ਲੱਖ ਰੁਪਏ ਬਿਆਨੇ ਵਜੋਂ ਦੇ ਦਿੱਤੇ।
ਸ਼ਿਕਾਇਤਕਰਤਾ ਅਨੁਸਾਰ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰ ਨੇ ਜ਼ਮੀਨ ਦੀ ਜਮਾਬੰਦੀ ਪੇਸ਼ ਕਰਨ ਮੌਕੇ ਪਹਿਲਾਂ ਹੀ ਬਦਨੀਤੀ ਸੀ ਅਤੇ ਉਨ੍ਹਾਂ ਨੇ ਇਸ ’ਚੋਂ 3 ਤੇ 4 ਨੰਬਰ ਪੇਜ਼ ਉਤਾਰ ਕੇ ਇਹ ਦਿਖਾਇਆ ਕਿ ਸਾਰੀ ਜ਼ਮੀਨ ਦੇ ਮਾਲਕ ਉਹ ਹਨ ਜਦਕਿ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਸ ਜ਼ਮੀਨ ’ਚੋਂ ਕਾਫ਼ੀ ਭਾਗ ਸ਼ਾਮਲਾਟ ਦੇ ਹੈ। ਦਰਖਾਸਤਕਾਰ ਅਨੁਸਾਰ ਇਸ ਜ਼ਮੀਨ ਵਿਚ ਕੇਵਲ 6 ਕਨਾਲ 13 ਮਰਲੇ ਦੀ ਮਾਲਕੀ ਸਹੀ ਹੈ ਜਦਕਿ ਬਾਕੀ ਜ਼ਮੀਨ ਦੇ ਉਹ ਮਾਲਕ ਨਹੀਂ ਹਨ। ਸ਼ਿਕਾਇਤਕਰਤਾ ਅਨੁਸਾਰ ਜ਼ਮੀਨ ਵੇਚਣ ਸਮੇਂ ਜ਼ਮੀਨ ਮਾਲਕਾਂ ਅਤੇ ਪ੍ਰਾਪਰਟੀ ਡੀਲਰ ਨੂੰ ਪੂਰੀ ਜਾਣਕਾਰੀ ਸੀ ਕਿ ਉਹ ਜ਼ਮੀਨ ਦੇ ਮਾਲਕ ਨਹੀਂ ਹਨ ਅਤੇ ਇਨ੍ਹਾਂ ਨੇ ਆਪਸ ਵਿਚ ਮਿਲੀਭੁਗਤ ਕਰਕੇ 40 ਲੱਖ ਰੁਪਏ ਦਾ ਬਿਆਨਾਂ ਲੈ ਕੇ ਠੱਗੀ ਮਾਰੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਜੇਕਰ ਜ਼ਮੀਨ ਮਾਲਕ ਅੱਜ ਵੀ ਜ਼ਮੀਨ ਦੀ ਜਮਾਬੰਦੀ ਵਿਚ ਮਾਲਕੀ ਖਾਨੇ ਵਿਚ ਆਪਣੇ ਦਰੁਸਤੀ ਕਰਵਾ ਲੈਣ ਤਾਂ ਉਹ ਰਜਿਸਟਰੀ ਕਰਵਾਉਣ ਨੂੰ ਤਿਆਰ ਹੈ।
ਜਸਵੀਰ ਸਿੰਘ ਅਨੁਸਾਰ ਉਸਨੇ ਜ਼ਮੀਨ ਦੇ ਬਿਆਨੇ ਵਜੋਂ ਦਿੱਤੇ ਆਪਣੇ 40 ਲੱਖ ਰੁਪਏ ਵਾਪਸ ਮੰਗੇ ਤਾਂ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਵਲੋਂ ਵੀ ਜਦੋਂ ਮਾਲ ਵਿਭਾਗ ਤੋਂ ਜ਼ਮੀਨ ਸਬੰਧੀ ਰਿਕਾਰਡ ਮੰਗਾਇਆ ਗਿਆ ਤਾਂ ਉਸ ’ਚੋਂ ਵੀ ਜੋ 59 ਕਨਾਲ 9 ਮਰਲੇ ਵੇਚੇ ਗਏ ਹਨ ਉਸ ’ਚੋਂ 6 ਕਨਾਲ 13 ਮਰਲੇ ਦੀ ਮਾਲਕੀ ਸਹੀ ਜਦਕਿ ਉਹ ਬਾਕੀ ਜ਼ਮੀਨ ਦੇ ਮਾਲਕ ਨਹੀਂ ਹਨ। ਉੱਚ ਅਧਿਕਾਰੀ ਦੀ ਰਿਪੋਰਟ ਦੇ ਅਧਾਰ ’ਤੇ ਮਾਛੀਵਾੜਾ ਪੁਲਸ ਵਲੋਂ ਜਗਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਪੰਜਾਬ 'ਚ ਹੈਰੋਇਨ ਦੀ ਵੱਡੀ ਖੇਪ ਨਾਲ ਮੁਲਜ਼ਮ ਗ੍ਰਿਫ਼ਤਾਰ
NEXT STORY