ਪੁਲਸ ਅੰਨ੍ਹੇ ਕਤਲ ਨੂੰ ਸੁਲਝਾਉਣ ਲਈ ਸਰਗਰਮ ਹੋਈ
ਮੌੜ ਮੰਡੀ(ਪ੍ਰਵੀਨ)-ਪਿਛਲੇ ਦਿਨੀਂ ਇਥੋਂ ਦੇ ਇਕ ਸ਼ੈਲਰ 'ਚ ਕਤਲ ਕੀਤੇ ਗਏ ਚੌਕੀਦਾਰ ਪਿੰਡ ਮੌੜ ਕਲਾਂ ਦੇ ਬੂਟਾ ਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਬੂਟਾ ਖਾਂ ਕਤਲ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਲਾਇਆ ਗਿਆ ਧਰਨਾ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਮੀਤ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮੌੜ ਕਲਾਂ ਦੇ ਪ੍ਰਧਾਨ ਗੁਰਚਰਨ ਸਿੰਘ, ਕਲੱਬ ਪ੍ਰਧਾਨ ਹਰਦੇਵ ਸਿੰਘ ਅਤੇ ਰਮਨਦੀਪ ਸਿੰਘ ਮੌੜ ਕਲਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੂਟਾ ਖਾਂ ਦਾ ਕਤਲ ਹੋਏ ਨੂੰ 20 ਦਿਨ ਬੀਤ ਚੁੱਕੇ ਹਨ ਪਰ ਪੁਲਸ ਵਿਭਾਗ ਆਪਣੀ ਡਿਊਟੀ ਈਮਾਨਦਾਰੀ ਨਾਲ ਨਹੀਂ ਨਿਭਾਅ ਰਿਹਾ ਕਿਉਂਕਿ ਪੁਲਸ ਨੇ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ, ਸਗੋਂ ਪੀੜਤ ਪਰਿਵਾਰ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਲਾਰਿਆਂ 'ਚ ਰੱਖ ਕੇ ਟਾਲ-ਮਟੋਲ ਵਾਲੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਨੇ ਪੁਲਸ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਲੋਕਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਹੈ, ਜੇਕਰ ਪੁਲਸ 27 ਜੁਲਾਈ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲੋਕਾਂ ਨਾਲ ਕੀਤੇ ਵਾਅਦੇ 'ਤੇ ਖਰੀ ਨਾ ਉਤਰੀ ਤਾਂ ਸੰਘਰਸ਼ ਕਮੇਟੀ ਅਤੇ ਪਿੰਡ ਵਾਸੀ ਵੱਡੇ ਪੱਧਰ 'ਤੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਧਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਸ਼ੁਕਰਵਾਰ ਨੂੰ ਐੱਸ. ਪੀ. ਡੀ. ਵਿਕਰਮਜੀਤ ਸਿੰਘ ਅਤੇ ਡੀ. ਐੱਸ. ਪੀ. ਮੌੜ ਸੁਰਿੰਦਰ ਕੁਮਾਰ ਵੱਲੋਂ ਉਕਤ ਸ਼ੈਲਰ ਅਤੇ ਪਿੰਡ ਮੌੜ ਕਲਾਂ ਦੀਆਂ ਕੁਝ ਸ਼ੱਕੀ ਥਾਵਾਂ 'ਤੇ ਜਾ ਕੇ ਗੁਪਤ ਤੌਰ 'ਤੇ ਜਾਂਚ ਕੀਤੀ ਗਈ ਅਤੇ ਇਸ ਜਾਂਚ ਨੂੰ ਬਿਲਕੁਲ ਗੁਪਤ ਰੱਖਿਆ ਗਿਆ। ਭਰੋਸੇ ਯੋਗ ਸੂਤਰਾਂ ਅਨੁਸਾਰ ਬੂਟਾ ਖਾਂ ਦੇ ਅੰਨ੍ਹੇ ਕਤਲ ਨੂੰ ਸੁਲਝਾਉਣ ਲਈ ਪੁਲਸ ਕਾਤਲਾਂ ਦੇ ਨੇੜੇ ਪਹੁੰਚ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਉਕਤ ਕਤਲ ਕਾਂਡ ਵਿਚ ਸ਼ਾਮਲ ਵਿਅਕਤੀਆਂ ਦੇ ਨਾਵਾਂ ਦੇ ਖੁਲਾਸੇ ਕਰ ਸਕਦੀ ਹੈ।
ਇਸ ਮੌਕੇ ਧਰਨੇ ਵਿਚ ਸ਼ਾਮਲ ਇਮਾਮ ਮੁਸਤਾਕ ਅਹਿਮਦ, ਮੌਲਵੀ ਅਬਦਲ ਮਜੀਦ, ਮੁਹੰਮਦ ਰਫੀ, ਮੇਜਰ ਖਾਨ, ਦੇਸ਼ ਖਾਨ ਤੋਂ ਇਲਾਵਾ ਭਾਰੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ। ਡੀ. ਐੱਸ. ਪੀ. ਮੌੜ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਸਾਰੇ ਕੰਮ ਛੱਡ ਕੇ ਬੂਟਾ ਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ 'ਤੇ ਲੱਗੀ ਹੋਈ ਹੈ। ਉਨ੍ਹਾਂ ਲੋਕਾਂ ਨਾਲ 27 ਜੁਲਾਈ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਕੀਤੇ ਵਾਅਦੇ ਤੋਂ ਟਾਲਾ ਵਟਦਿਆਂ ਕਿਹਾ ਇਸ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਉਮੀਦ ਹੈ ਕਿ ਕੁਝ ਦਿਨਾਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਜਾਵੇਗਾ।
ਟਰਾਲੇ ਦੀ ਲਪੇਟ 'ਚ ਆਉਣ ਕਾਰਨ 1 ਜ਼ਖ਼ਮੀ
NEXT STORY