ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ, ਦਲਜੀਤ, ਗੁਲਾਟੀ)—ਕਿਸਾਨ ਸੰਗਠਨਾਂ ਦੀ ਕਾਲ 'ਤੇ ਅੱਜ ਫਿਰੋਜ਼ਪੁਰ-ਮੋਗਾ ਰੋਡ 'ਤੇ ਪਿੰਡ ਮਿਸ਼ਰੀਵਾਲਾ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਸੈਕਟਰੀ ਪੰਜਾਬ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਜਾਮ ਲਾਇਆ ਗਿਆ ਅਤੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕਿਹੜੇ-ਕਿਹੜੇ ਕੀਤੇ ਸਨ ਵਾਅਦੇ
ਇਸ ਮੌਕੇ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਜ਼ੀਰਾ, ਝਿਰਮਲ ਸਿੰਘ ਭਾਂਗਰ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ, ਤਾਰੀ ਭਾਂਗਰ, ਅਨੋਖ ਸਿੰਘ, ਜਰਨੈਲ ਸਿੰਘ ਆਦਿ ਨੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਤੇ ਸਰਵਜਨਿਕ ਐਲਾਨ ਕੀਤਾ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ ਪਰ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਕਿਸਾਨਾਂ ਦੇ ਥੋੜ੍ਹੇ ਅਤੇ ਸੋਸਾਇਟੀ ਵਾਲੇ ਕਰਜ਼ੇ ਮੁਆਫ ਕਰਨ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ, ਜਦਕਿ ਆਮ ਲੋਕਾਂ ਨਾਲ ਵੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ, ਨਸ਼ਾ ਖਤਮ ਕਰਨ ਅਤੇ ਸਮਾਰਟ ਫੋਨ ਦੇਣ ਆਦਿ ਦਾ ਕੋਈ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ, ਮੋਟਰਾਂ ਦੇ ਬਿਜਲੀ ਬਿੱਲ ਲਾਉਣ ਲਈ ਲਿਆ ਗਿਆ ਫੈਸਲਾ ਵਾਪਸ ਲਿਆ ਜਾਵੇ, ਆਵਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾਵੇ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਨੂੰ ਜੇਲਾਂ ਵਿਚ ਬੰਦ ਕਰ ਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਨਾ ਗਈਆਂ ਤਾਂ ਪੰਜਾਬ ਭਰ ਦੇ ਕਿਸਾਨ ਮਾਰਚ ਮਹੀਨੇ ਵਿਚ ਹੋਣ ਵਾਲੇ ਸੰਸਦੀ ਸੈਸ਼ਨ ਵਿਚ ਸੰਸਦ ਦਾ ਘਿਰਾਓ ਕਰਨਗੇ। ਇਸ ਸਮੇਂ ਬਲਜੀਤ ਸਿੰਘ ਸ਼ਹਿਜਾਦੀ ਆਦਿ ਨੇ ਵੀ ਸੰਬੋਧਨ ਕੀਤਾ।
ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਜ਼ਖ਼ਮੀ
NEXT STORY