ਮਾਨਸਾ(ਮਿੱਤਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਭਾਈਦੇਸਾ ਵਿਚ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੌਰਾਨ ਕਿਸਾਨਾਂ ਦੇ ਕਰਜ਼ੇ ਖਤਮ ਕਰਨ ਦੀ ਗੱਲ ਤੱਕ ਨਹੀਂ ਕੀਤੀ ਗਈ। ਕਰਜ਼ਿਆਂ ਕਾਰਨ ਲੱਖਾਂ ਕਿਸਾਨ ਖੁਦਕੁਸ਼ੀਆਂ ਕਰਦੇ ਹਨ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤਾ ਦੇਣ ਤੋਂ ਕੇਂਦਰ ਨੇ ਵੀ ਪਾਸਾ ਵੱਟ ਲਿਆ ਹੈ। ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਤੈਅ ਕਰਨ ਤੋਂ ਸਰਕਾਰ ਭੱਜ ਗਈ ਹੈ। ਇਸੇ ਦੌਰਾਨ ਕਣਕ ਦੀ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਤੇ ਲਾਈਆਂ ਪਾਬੰਦੀਆਂ ਦਾ ਕੋਈ ਬਦਲਵਾਂ ਹੱਲ ਨਹੀਂ ਕੀਤਾ ਗਿਆ। ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਨੂੰ ਮਿਲਦੀਆਂ ਨਗੁਣੀਆਂ ਸਬਸਿਡੀਆਂ ਛਾਂਗਣ ਦੇ ਰਾਹ ਪਈ ਹੋਈ ਹੈ। ਖੇਤੀ ਸੈਕਟਰ ਨੂੰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਦੇ ਕਾਨੂੰਨ ਲਿਆ ਰਹੀ ਹੈ, ਜਿਸ ਨਾਲ ਦੇਸ਼ 'ਚੋਂ ਆਮ ਕਿਸਾਨੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਕਿਸਾਨ ਆਗੂ ਨੇ ਦੱਸਿਆ ਕਿ 11 ਫਰਵਰੀ ਤੱਕ ਕੇਂਦਰ ਸਰਕਾਰ ਦੀਆਂ ਹਰ ਰੋਜ਼ ਪਿੰਡਾਂ 'ਚ ਅਰਥੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਲਾਭ ਸਿੰਘ ਖੋਖਰ, ਹਰਿੰਦਰ ਸਿੰਘ ਟੋਨੀ, ਬਲਵੀਰ ਸਿੰਘ, ਅਵਤਾਰ ਸਿੰਘ, ਲੀਲਾ ਸਿੰਘ, ਗੇਲਾ ਸਿੰਘ, ਗੁਰਮੇਲ ਸਿੰਘ ਵੀ ਹਾਜ਼ਰ ਸਨ।
ਬਿਜਲੀ ਚੋਰੀ ਦੇ 24 ਕੇਸ ਫੜੇ, 1.70 ਲੱਖ ਰੁਪਏ ਜੁਰਮਾਨਾ ਠੋਕਿਆ
NEXT STORY