ਮੌੜ ਮੰਡੀ(ਪ੍ਰਵੀਨ)-ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਮੰਡਲ ਮੌੜ ਵਿਖੇ ਪਾਵਰਕਾਮ ਮੁਲਾਜ਼ਮਾਂ ਵੱਲੋਂ ਪ੍ਰਧਾਨ ਗੁਰਮੇਲ ਸਿੰਘ ਭਾਗੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ ਮੰਡਲ ਮੌੜ ਵਿਖੇ ਧਰਨਾ ਲਾ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਧਰਨੇ 'ਚ ਸ਼ਾਮਲ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ, ਥਰਮਲਜ਼ ਕੰਟਰੈਕਟਰ ਵਰਕਰ ਕੋਆਰਡੀਨੇਟਰ ਕਮੇਟੀ, ਪਾਵਰਕਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਤੋਂ ਇਲਾਵਾ ਪੈਨਸ਼ਨ ਐਸੋਸੀਏਸ਼ਨ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਸਰਕਾਰੀ ਥਰਮਲ ਪਲਾਂਟ ਚਾਲੂ ਕੀਤੇ ਜਾਣ, ਪਾਵਰਕਾਮ 'ਚ ਠੇਕਾ ਕਾਮੇ ਬਹਾਲ ਕੀਤੇ ਜਾਣ, ਬਠਿੰਡਾ ਥਰਮਲ ਪਲਾਂਟ ਦੇ ਠੇਕਾ ਕਾਮਿਆਂ ਨਾਲ 27 ਜਨਵਰੀ 2018 ਨੂੰ ਕੀਤਾ ਸਮਝੌਤਾ ਲਾਗੂ ਕੀਤਾ ਜਾਵੇ, ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ, ਬਿਜਲੀ ਮੁਲਾਜ਼ਮਾਂ ਦੀਆਂ ਪਹਿਲੀਆਂ ਸੇਵਾ ਸ਼ਰਤਾਂ 'ਤੇ ਵਿੱਢਿਆ ਹੱਲਾ ਬੰਦ ਕੀਤਾ ਜਾਵੇ, ਨਵੀਂ ਭਰਤੀ ਕੀਤੀ ਜਾਵੇ ਅਤੇ ਲੰਮੇ ਸਮੇਂ ਤੋਂ ਤਨਖਾਹ ਨਾ ਦੇਣ ਕਰ ਕੇ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਮਹਿਕਮੇ ਵੱਲੋਂ ਜਾਰੀ ਕੀਤੀਆਂ ਜਾਣ। ਗੁਰਮੇਲ ਸਿੰਘ ਮੰਡਲ ਪ੍ਰਧਾਨ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੀ ਪਿਛਲੀ ਅਕਾਲੀ ਭਾਜਪਾ ਹਕੂਮਤ ਅਤੇ ਮੈਨੇਜਮੈਂਟ ਵਾਂਗ ਸਰਕਾਰੀ ਬਿਜਲੀ ਖੇਤਰ' ਤੇ ਨਿੱਜੀਕਰਨ ਦਾ ਹੱਲਾ ਜਾਰੀ ਰੱਖਦੀ ਹੋਈ ਸੰਘਰਸ਼ਸ਼ੀਲ ਲੋਕਾਂ ਵਿਰੁੱਧ ਝੂਠੇ ਪੁਲਸ ਕੇਸ ਬਣਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਰਕਾਰੀ ਰੋਜ਼ਗਾਰ ਨੂੰ ਠੱਪ ਕਰਨ ਦੇ ਫੈਸਲੇ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਸ. ਭਾਗੂ ਨੇ ਮੁਲਾਜ਼ਮ ਵਰਗ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਇਕਜੁਟ ਹੋਣ ਤਾਂ ਜੋ ਸਰਕਾਰ ਦੀਆਂ ਲੋਕ ਮਾਰੂ ਨੀਤਆਂ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਜਰਨੈਲ ਸਿੰਘ ਮੰਡਲ ਸਕੱਤਰ, ਜਨਕ ਰਾਜ ਸ਼ਹਿਰੀ ਪ੍ਰਧਾਨ, ਕੈਸ਼ੀਅਰ ਜਸਪਾਲ ਸਿੰਘ, ਰਘਵੀਰ ਸਿੰਘ ਮੀਤ ਸਕੱਤਰ, ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ, ਜਗਦੀਸ਼ ਸ਼ਰਮਾ, ਸੁਖਵਿੰਦਰ ਸਿੰਘ, ਰਾਜੇਸ਼ ਕੁਮਾਰ, ਜਗਜੀਤ ਸਿੰਘ ਵਿਰਕ, ਦਰਸ਼ਨ ਸਿੰਘ ਕੋਟਲੀ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਮੌਜੂਦ ਸਨ।
2 ਮਾਮਲਿਆਂ 'ਚ 14 ਗ੍ਰਾਮ ਹੈਰੋਇਨ ਸਣੇ 3 ਗ੍ਰਿਫਤਾਰ
NEXT STORY