ਮੋਗਾ\ਬਾਘਾਪੁਰਾਣਾ (ਪਵਨ ਗਰੋਵਰ, ਗੋਪੀ ਰਾਊਕ) : ਪੰਜਾਬ ਅੰਦਰ ਹੋਣ ਵਾਲੀਆਂ ਮਿਊਂਸਪਲ ਚੋਣਾਂ 'ਚ ਮੱਲਾਂਵਾਲਾ, ਬਾਘਾਪੁਰਾਣਾ ਅਤੇ ਹੋਰਨਾਂ ਥਾਵਾਂ 'ਤੇ ਕਾਂਗਰਸੀਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਹਿ 'ਤੇ ਕੀਤੀ ਗੁੰਡਾ ਗਰਦੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਖਿਲਾਫ ਦਰਜ ਕੀਤੇ ਝੂਠੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਸੱਦੇ ਅਨੁਸਾਰ ਅੱਜ ਜ਼ਿਲਾ ਮੋਗਾ ਅਤੇ ਫਰੀਦਕੋਟ 'ਚ ਅਕਾਲੀਆਂ ਵਲੋਂ ਰਾਜ ਮਾਰਗ ਨੰਬਰ 16 ਉਪਰ ਬਾਘਾਪੁਰਾਣਾ ਦੇ ਮੇਨ ਚੌਕ 'ਚ ਧਰਨਾ ਲਗਾਇਆ ਗਿਆ।
ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੋਗਾ ਦੇ ਪ੍ਰਧਾਨ ਤੀਰਥ ਸਿੰਘ ਮਾਹਲਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਆਦਿ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅਮਨ-ਅਮਾਨ ਨਾਲ ਮਿਊਂਸੀਪਲ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਹੇਠਲੇ ਪੱਧਰ ਦੇ ਕਾਂਗਰਸੀ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇ ਕਾਂਗਰਸੀਆਂ ਨੂੰ ਜਿੱਤਣ ਦਾ ਇੰਨਾ ਹੀ ਸ਼ੌਕ ਸੀ ਤਾਂ ਚੋਣ ਪ੍ਰਕਿਰਿਆ ਹੀ ਕਿਉਂ ਕਰਵਾਈ ਗਈ ਸਗੋਂ ਕਾਂਗਰਸੀ ਸਿੱਧੇ ਤੌਰ 'ਤੇ ਵੱਖ-ਵੱਖ ਵਾਰਡਾਂ ਤੋਂ ਆਪਣੇ ਕੌਂਸਲਰ ਨਾਮਜ਼ਦ ਕਰ ਲੈਂਦੇ।
ਰੋਸ ਧਰਨੇ ਦੌਰਾਨ ਸੰਬੋਧਨ ਕਰਨ ਵਾਲੇ ਅਕਾਲੀ ਆਗੂਆਂ ਨੇ ਧੱਕੇਸ਼ਾਹੀ ਕਰਨ ਵਾਲੇ ਕਾਂਗਰਸੀਆਂ ਨੂੰ ਚਿਤਾਵਨੀ ਦਿੱਤੀ ਕਿ ਸਮਾਂ ਆਉਣ 'ਤੇ 21 ਦੀਆਂ 31 ਮੋੜੀਆਂ ਜਾਣਗੀਆਂ। ਖਬਰ ਲਿਖੇ ਜਾਣ ਤਕ ਧਰਨਾ ਨਿਰੰਤਰ ਜਾਰੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਘਾਪੁਰਾਣਾ ਵਿਖੇ ਨਗਰ ਕੌਂਸਲ ਦੇ 15 ਵਾਰਡਾਂ ਲਈ ਚੋਣ ਹੋਣੀ ਸੀ ਪਰੰਤੂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਹੋਈ ਧੱਕੇਸ਼ਾਹੀ ਤੋਂ ਬਾਅਦ 14 ਵਾਰਡਾਂ ਦੇ ਕਾਂਗਰਸੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਗਏ ਹਨ ਅਤੇ ਬਾਘਾਪੁਰਾਣਾ ਵਿਚ ਹੁਣ ਸਿਰਫ ਇਕ ਵਾਰਡ 'ਤੇ ਹੀ ਮੁਕਾਬਲਾ ਰਹਿ ਗਿਆ ਹੈ।
ਕਣਕ ਵਾਹਣ ਤੇ ਧਮਕੀਆਂ ਦੇਣ ਸਬੰਧੀ ਤਿੰਨ ਖਿਲਾਫ਼ ਮਾਮਲਾ
NEXT STORY